ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਰਾਹੀਂ ਹਰ ਵਰਗ ਦੇ ਲੋਕ ਘਰ ਬੈਠੇ ਹਾਸਲ ਕਰ ਸਕਦੇ ਨੇ ਉੱਚ ਸਿੱਖਿਆ: ਭੋਲਾ ਸਿੰਘ ਵਿਰਕ
Kamaljeet Sandhu
ਬਰਨਾਲਾ, 15 ਜੁਲਾਈ 2026- ਪਿਛਲੇ 50 ਸਾਲਾਂ ਤੋਂ ਬਰਨਾਲਾ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਵਿੱਚ ਅਹਿਮ ਸੇਵਾਵਾਂ ਨਿਭਾ ਰਹੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਭੋਲਾ ਸਿੰਘ ਵਿਰਕ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਇਲਾਕੇ ਦੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ ਸਾਂਝੀ ਕੀਤੀ ਹੈ। ਭਾਰਤ ਅਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਚੱਲ ਰਹੀ 'ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ' ਵੱਲੋਂ ਕਾਲਜ ਦੀਆਂ ਬਿਹਤਰ ਸੇਵਾਵਾਂ ਨੂੰ ਦੇਖਦਿਆਂ ਇਸ ਨੂੰ ਪੰਜਾਬ ਦਾ ਪਹਿਲਾ 'ਰੀਜਨਲ ਸੈਂਟਰ' ਐਲਾਨਿਆ ਗਿਆ ਹੈ।
ਪ੍ਰਧਾਨ ਭੋਲਾ ਸਿੰਘ ਵਿਰਕ ਨੇ ਦੱਸਿਆ ਕਿ ਇਸ ਰੀਜਨਲ ਸੈਂਟਰ ਅਧੀਨ ਚਾਰ ਜ਼ਿਲ੍ਹੇ (ਬਰਨਾਲਾ, ਸੰਗਰੂਰ, ਮਲੇਰਕੋਟਲਾ ਅਤੇ ਪਟਿਆਲਾ) ਆਉਂਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਯੂਨੀਵਰਸਿਟੀ UGC ਦੇ ਅਧੀਨ ਆਉਂਦੀ ਹੈ ਅਤੇ ਇਸ ਦੀਆਂ ਡਿਗਰੀਆਂ ਦੀ ਮਾਨਤਾ ਬਾਕੀ ਸਰਕਾਰੀ ਯੂਨੀਵਰਸਿਟੀਆਂ ਦੇ ਬਿਲਕੁਲ ਬਰਾਬਰ ਹੈ।
ਇਸ ਸੈਂਟਰ ਰਾਹੀਂ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਕਰਨ ਵਾਲੇ ਲੋਕ ਆਪਣੀ ਡਿਊਟੀ ਦੇ ਨਾਲ-ਨਾਲ ਤਰੱਕੀ (ਪ੍ਰੋਮੋਸ਼ਨ) ਲਈ ਪੜ੍ਹਾਈ ਜਾਰੀ ਰੱਖ ਸਕਦੇ ਹਨ। ਕੋਈ ਵੀ ਵਿਦਿਆਰਥੀ ਰੈਗੂਲਰ ਪੜ੍ਹਾਈ ਦੇ ਨਾਲ ਇੱਥੋਂ ਦੂਜੀ ਡਿਗਰੀ ਵੀ ਕਰ ਸਕਦਾ ਹੈ। ਇਸ ਤੋਂ ਇਲਾਵਾ, ਜੇਲ੍ਹਾਂ ਵਿੱਚ ਬੰਦ ਕੈਦੀ ਅਤੇ ਵਿਦੇਸ਼ਾਂ (NRI) ਵਿੱਚ ਗਏ ਉਹ ਨੌਜਵਾਨ ਜੋ ਪਲੱਸ-ਟੂ ਤੋਂ ਬਾਅਦ ਉੱਥੇ ਕੰਮ ਕਰ ਰਹੇ ਹਨ, ਉਹ ਵੀ ਇੱਥੋਂ ਡਿਗਰੀਆਂ ਅਤੇ ਡਿਪਲੋਮੇ ਕਰ ਸਕਦੇ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਰੋਜ਼ਾਨਾ ਕਾਲਜ ਆਉਣ ਦੀ ਲੋੜ ਨਹੀਂ, ਸਿਰਫ਼ 6 ਮਹੀਨੇ ਬਾਅਦ ਸਮੈਸਟਰ ਪ੍ਰੀਖਿਆ ਦੇਣੀ ਹੋਵੇਗੀ।
ਵਿਰਕ ਨੇ ਦੱਸਿਆ ਕਿ ਇਸ ਯੂਨੀਵਰਸਿਟੀ ਦੀ ਫ਼ੀਸ ਬਾਕੀ ਯੂਨੀਵਰਸਿਟੀਆਂ ਦੇ ਮੁਕਾਬਲੇ ਲਗਭਗ 50 ਫ਼ੀਸਦੀ ਘੱਟ ਹੈ। ਜੇਕਰ ਕਿਸੇ ਜ਼ਰੂਰਤਮੰਦ ਵਿਦਿਆਰਥੀ ਨੂੰ ਫ਼ੀਸ ਦੀ ਸਮੱਸਿਆ ਹੈ, ਤਾਂ ਮੈਨੇਜਮੈਂਟ ਵੱਲੋਂ ਉਸ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਹੁਣ ਇਹ ਕਾਲਜ 2500 ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਇੱਥੇ ਪੜ੍ਹਾਈ ਲਈ ਉਮਰ ਦੀ ਕੋਈ ਸੀਮਾ ਨਹੀਂ ਹੈ।
ਇਸ ਮੌਕੇ ਰੀਜਨਲ ਸੈਂਟਰ ਦੀ ਕੋਆਰਡੀਨੇਟਰ ਪ੍ਰੋਫੈਸਰ ਮਨਦੀਪ ਕੌਰ ਨੇ ਦੱਸਿਆ ਕਿ ਕਾਲਜ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦਿਆਂ ਯੂਨੀਵਰਸਿਟੀ ਨੇ ਸਤੰਬਰ 2025 ਵਿੱਚ ਇਸ ਨੂੰ ਪੰਜਾਬ ਦਾ ਪਹਿਲਾ ਰੀਜਨਲ ਸੈਂਟਰ ਘੋਸ਼ਿਤ ਕੀਤਾ ਸੀ। ਇਸ ਸਮੇਂ ਇੱਥੇ ਆਂਗਣਵਾੜੀ ਵਰਕਰਾਂ, ਫ਼ੌਜੀ ਜਵਾਨਾਂ ਅਤੇ ਕਰੀਬ 30 ਵਿਦੇਸ਼ੀ (NRI) ਵਿਦਿਆਰਥੀਆਂ ਨੇ ਦਾਖ਼ਲਾ ਲਿਆ ਹੋਇਆ ਹੈ। ਯੂਨੀਵਰਸਿਟੀ ਵਿਦਿਆਰਥੀਆਂ ਨੂੰ ਇਹ ਸਹੂਲਤ ਦਿੰਦੀ ਹੈ ਕਿ ਜੇਕਰ ਕੋਈ ਵਿਦਿਆਰਥੀ ਕਿਸੇ ਕਾਰਨ ਇੱਕ ਸਮੈਸਟਰ ਦੇ ਪੇਪਰ ਨਹੀਂ ਦੇ ਪਾਉਂਦਾ, ਤਾਂ ਉਹ ਅਗਲੇ ਸਮੈਸਟਰ ਵਿੱਚ ਪ੍ਰਮੋਟ ਹੋ ਕੇ ਦੋ ਜਾਂ ਤਿੰਨ ਸਮੈਸਟਰਾਂ ਦੇ ਪੇਪਰ ਇਕੱਠੇ ਵੀ ਦੇ ਸਕਦਾ ਹੈ। ਉਨ੍ਹਾਂ ਨੇ ਹਰ ਵਰਗ ਦੇ ਲੋਕਾਂ ਨੂੰ ਇਸ ਸੁਨਹਿਰੀ ਮੌਕੇ ਦਾ ਲਾਹਾ ਲੈਣ ਦੀ ਅਪੀਲ ਕੀਤੀ ਹੈ।
- Download Babushahi App
-
-