ਖੰਨਾ : ਮਲੌਦ ਵਿਖੇ ਹੋਏ ਅੰਨੇ ਕਤਲ ਦੀ ਗੁੱਥੀ ਕੁਝ ਹੀ ਘੰਟਿਆਂ ਵਿੱਚ ਸੁਲਝਾਈ
ਪ੍ਰੇਮ ਸਬੰਧਾਂ ਕਾਰਨ ਨੌਜਵਾਨ ਦਾ ਕਤਲ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫ਼ਤਾਰ
Ravinder Singh / ਬਾਬੂਸ਼ਾਹੀ ਬਿਊਰੋ
17 ਮਈ, 2026, ਖੰਨਾ:
ਖੰਨਾ ਪੁਲਿਸ ਨੇ ਪਿੰਡ ਨਾਨਕਪੁਰ ਜਗੇੜਾ ਨੇੜੇ ਮਲੌਦ ਵਿਖੇ ਹੋਏ ਇੱਕ ਅੰਨੇ ਕਤਲ ਦੀ ਗੁੱਥੀ ਨੂੰ ਬਹੁਤ ਹੀ ਘੱਟ ਸਮੇਂ ਵਿੱਚ ਸੁਲਝਾਉਂਦੇ ਹੋਏ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਹ ਕਾਰਵਾਈ ਖੰਨਾ ਦੀ ਸੀਨੀਅਰ ਪੁਲਿਸ ਕਪਤਾਨ ਯਾਨੀ ਐਸਐਸਪੀ ਡਾ. ਦਰਪਣ ਆਹਲੂਵਾਲੀਆ ਆਈਪੀਐਸ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਅਤੇ ਅਪਰਾਧੀਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕੀਤੀ ਗਈ ਹੈ। ਇਸ ਪੂਰੇ ਓਪਰੇਸ਼ਨ ਨੂੰ ਉਪ ਕਪਤਾਨ ਪੁਲਿਸ ਪਾਇਲ ਹਰਮਨਪ੍ਰੀਤ ਸਿੰਘ ਪੀਪੀਐਸ ਦੀ ਅਗਵਾਈ ਹੇਠ ਬਣਾਈਆਂ ਗਈਆਂ ਵੱਖ-ਵੱਖ ਟੀਮਾਂ ਅਤੇ ਥਾਣਾ ਮਲੌਦ ਦੀ ਪੁਲਿਸ ਪਾਰਟੀ ਨੇ ਮਿਲ ਕੇ ਅੰਜਾਮ ਦਿੱਤਾ ਹੈ। ਪੁਲਿਸ ਨੇ ਮੁਕੱਦਮਾ ਨੰਬਰ 109 ਮਿਤੀ 15 ਮਈ 2026 ਨੂੰ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਦਰਜ ਕਰਕੇ ਮਹਿਜ਼ ਕੁਝ ਹੀ ਘੰਟਿਆਂ ਵਿੱਚ ਵਾਰਦਾਤ ਦੇ ਮੁੱਖ ਮੁਲਜ਼ਮ ਨੂੰ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਹੈ।
ਇਸ ਮਾਮਲੇ ਦੀ ਸ਼ੁਰੂਆਤ 15 ਮਈ 2026 ਨੂੰ ਹੋਈ ਸੀ ਜਦੋਂ ਪਿੰਡ ਨਾਨਕਪੁਰ ਜਗੇੜਾ ਨੇੜੇ ਨਹਿਰ ਦੇ ਪੁਲ ਕੋਲੋਂ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਸੀ। ਪੁਲਿਸ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿੱਚ ਮ੍ਰਿਤਕ ਨੌਜਵਾਨ ਦੀ ਸ਼ਨਾਖਤ ਓਂਕਾਰ ਸਿੰਘ ਉਰਫ ਗੁਰੀ ਪੁੱਤਰ ਲਖਵੀਰ ਸਿੰਘ ਉਰਫ ਬੀਰੀ ਵਾਸੀ ਪਿੰਡ ਘੁੰਗਰਾਣਾ, ਥਾਣਾ ਜੋਧਾਂ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ। ਲਾਸ਼ ਮਿਲਣ ਤੋਂ ਤੁਰੰਤ ਬਾਅਦ ਥਾਣਾ ਮਲੌਦ ਦੇ ਮੁੱਖ ਅਫ਼ਸਰ ਥਾਣੇਦਾਰ ਚਰਨਜੀਤ ਸਿੰਘ ਨੇ ਮੁਸਤੈਦੀ ਦਿਖਾਉਂਦੇ ਹੋਏ ਮ੍ਰਿਤਕ ਦੇ ਪਿਤਾ ਲਖਵੀਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਤੁਰੰਤ ਪਰਚਾ ਦਰਜ ਕਰ ਲਿਆ। ਇਸ ਬਲਾਇੰਡ ਮਰਡਰ ਕੇਸ ਨੂੰ ਹੱਲ ਕਰਨ ਲਈ ਪੁਲਿਸ ਨੇ ਹਿਊਮਨ ਸੋਰਸਿਜ਼ ਅਤੇ ਐਡਵਾਂਸਡ ਟੈਕਨੀਕਲ ਸੋਰਸਿਜ਼ ਦੀ ਵੱਡੀ ਮਦਦ ਲਈ, ਜਿਸ ਸਦਕਾ ਪੁਲਿਸ ਨੇ ਘਟਨਾ ਦੇ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਸਵਰਗੀ ਸਿਕੰਦਰ ਸਿੰਘ ਵਾਸੀ ਪਿੰਡ ਘੁੰਗਰਾਣਾ ਨੂੰ ਕੁਝ ਹੀ ਘੰਟਿਆਂ ਵਿੱਚ ਟਰੇਸ ਕਰਕੇ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਵੱਲੋਂ ਕੀਤੀ ਗਈ ਮੁਢਲੀ ਤਫਤੀਸ਼ ਅਤੇ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਓਂਕਾਰ ਸਿੰਘ ਉਰਫ ਗੁਰੀ ਦੇ ਦੋਸ਼ੀ ਗੁਰਪ੍ਰੀਤ ਸਿੰਘ ਦੀ ਸਿਸਟਰ ਨਾਲ ਪ੍ਰੇਮ ਸਬੰਧ ਸਨ। ਇਸੇ ਰੰਜਿਸ਼ ਦੇ ਚਲਦਿਆਂ 14 ਅਤੇ 15 ਮਈ ਦੀ ਦਰਮਿਆਨੀ ਰਾਤ ਨੂੰ ਜਦੋਂ ਓਂਕਾਰ ਸਿੰਘ ਦੋਸ਼ੀ ਦੀ ਭੈਣ ਨੂੰ ਆਪਣੇ ਨਾਲ ਲੈ ਕੇ ਪਿੰਡ ਨਾਨਕਪੁਰ ਜਗੇੜਾ ਆਇਆ ਸੀ, ਤਾਂ ਦੋਸ਼ੀ ਗੁਰਪ੍ਰੀਤ ਸਿੰਘ ਆਪਣੇ ਕੁਝ ਹੋਰ ਸਾਥੀਆਂ ਸਮੇਤ ਉਨ੍ਹਾਂ ਦਾ ਪਿੱਛਾ ਕਰਦਾ ਹੋਇਆ ਉੱਥੇ ਪਹੁੰਚ ਗਿਆ। ਇਨ੍ਹਾਂ ਸਾਰਿਆਂ ਨੇ ਮਿਲ ਕੇ ਓਂਕਾਰ ਸਿੰਘ ਨੂੰ ਰਸਤੇ ਵਿੱਚ ਹੀ ਘੇਰ ਲਿਆ ਅਤੇ ਬੇਰਹਿਮੀ ਨਾਲ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਹਮਲੇ ਦੌਰਾਨ ਗੰਭੀਰ ਸੱਟਾਂ ਲੱਗਣ ਕਾਰਨ ਓਂਕਾਰ ਸਿੰਘ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਦੋਸ਼ੀ ਉਸ ਦੀ ਲਾਸ਼ ਨੂੰ ਨਾਨਕਪੁਰ ਜਗੇੜਾ ਦੇ ਸਾਹਮਣੇ ਹਾਈ ਸਕੂਲ ਦੀ ਕੰਧ ਕੋਲ ਮੇਨ ਰੋਡ 'ਤੇ ਸੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ। ਖੰਨਾ ਪੁਲਿਸ ਮੁਤਾਬਕ ਕੇਸ ਦੇ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਵਾਰਦਾਤ ਵਿੱਚ ਸ਼ਾਮਲ ਉਸ ਦੇ ਬਾਕੀ ਰਹਿੰਦੇ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ ਵੱਖ-ਵੱਖ ਰੇਡਿੰਗ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਵੀ ਬਹੁਤ ਜਲਦ ਕਾਬੂ ਕਰ ਲਿਆ ਜਾਵੇਗਾ।
- Download Babushahi App
-
-