ਬਲਬੀਰ ਸਿੱਧੂ ਦੀ ਅਗਵਾਈ ਹੇਠ ਮੋਹਾਲੀ ਦੇ ਸਾਰੇ 50 ਵਾਰਡਾਂ ਤੋਂ ਕਾਂਗਰਸੀ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਰੇ ਪੰਜਾਬ ਵਿੱਚ ਵਾਰਡਬੰਦੀ ਅਤੇ ਵੋਟਰ ਸੂਚੀਆਂ ਵਿੱਚ ਵੱਡੇ ਪੱਧਰ ‘ਤੇ ਹੇਰਾਫੇਰੀ ਕਰਕੇ ਲੋਕਤੰਤਰ ਦਾ ਘਾਣ ਕੀਤਾ: ਸਿੱਧੂ
ਕਾਂਗਰਸ ਪਾਰਟੀ ਡੱਟ ਕੇ ਚੋਣਾਂ ਲੜੇਗੀ ਤੇ ਜਿੱਤੇਗੀ: ਸਿੱਧੂ
ਮੋਹਾਲੀ,16 ਮਈ 2026
ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਅੱਜ ਗਮਾਡਾ ਭਵਨ, ਮੋਹਾਲੀ ਵਿਖੇ ਨਗਰ ਨਿਗਮ ਚੋਣਾਂ ਲਈ ਮੋਹਾਲੀ ਦੇ 50 ਵਾਰਡਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵੱਲੋਂ ਸਫ਼ਲਤਾਪੂਰਵਕ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਸਮਰਥਕ ਵੀ ਮੌਜੂਦ ਰਹੇ।
ਇਸ ਮੌਕੇ ਸੰਬੋਧਨ ਕਰਦਿਆਂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਮੈਦਾਨ ਵਿੱਚ ਉਤਾਰੇ ਗਏ ਸਾਰੇ ਉਮੀਦਵਾਰ ਪੜ੍ਹੇ-ਲਿਖੇ, ਇਮਾਨਦਾਰ ਅਤੇ ਲੋਕਾਂ ਦੀ ਸੇਵਾ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕ ਹਿੱਤਾਂ ਦੀ ਰਾਜਨੀਤੀ ਕਰਦੀ ਆਈ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਲੋਕ ਮੁੜ ਕਾਂਗਰਸ ‘ਤੇ ਭਰੋਸਾ ਜਤਾਉਣਗੇ।
ਸਿੱਧੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੇ ਸਾਰੇ ਪੰਜਾਬ ਵਿੱਚ ਵਾਰਡਬੰਦੀ ਅਤੇ ਵੋਟਰ ਸੂਚੀਆਂ ਵਿੱਚ ਵੱਡੇ ਪੱਧਰ ‘ਤੇ ਹੇਰਾਫੇਰੀ ਕਰਕੇ ਲੋਕਤੰਤਰ ਦਾ ਘਾਣ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਧੱਕੇਸ਼ਾਹੀ ਦੀ ਰਾਜਨੀਤੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਕੁਝ ਸਾਥੀ ਵਾਰਡਬੰਦੀ ਦੀ ਹੇਰਾਫੇਰੀ ਕਾਰਨ ਚੋਣ ਮੈਦਾਨ ਤੋਂ ਵਾਂਝੇ ਰਹਿ ਗਏ ਹਨ, ਪਰ ਪਾਰਟੀ ਉਨ੍ਹਾਂ ਦੇ ਯੋਗਦਾਨ ਦੀ ਕਦਰ ਕਰਦੀ ਹੈ। ਸਿੱਧੂ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੇ ਉਮੀਦਵਾਰਾਂ ਦਾ ਪੂਰਾ ਸਾਥ ਦੇਣ। ਉਨ੍ਹਾਂ ਭਰੋਸਾ ਦਿਵਾਇਆ ਕਿ ਕਾਂਗਰਸ ਦੀ ਸਰਕਾਰ ਬਣਨ ਉਪਰੰਤ ਹਰ ਵਰਕਰ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ।
ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਧਰਮਨਿਰਪੱਖ, ਲੋਕ ਪੱਖੀ ਅਤੇ ਵਿਕਾਸ ਪੱਖੀ ਸੋਚ ਵਾਲੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਾਂਗਰਸੀ ਕਾਰਜਕਾਲ ਦੌਰਾਨ ਮੋਹਾਲੀ ਵਿੱਚ ਜਿੰਨੇ ਵੀ ਵੱਡੇ ਵਿਕਾਸ ਪ੍ਰਾਜੈਕਟ ਆਏ, ਉਹ ਕਾਂਗਰਸ ਸਰਕਾਰ ਦੀ ਹੀ ਦੇਣ ਸਨ। ਚਾਹੇ ਨਰਸਿੰਗ ਮੈਡੀਕਲ ਕਾਲਜ, ਹਸਪਤਾਲ, ਡਿਸਪੈਂਸਰੀਆਂ ਜਾਂ ਖੇਡ ਸਟੇਡੀਅਮ ਹੋਣ, ਹਰ ਖੇਤਰ ਵਿੱਚ ਕਾਂਗਰਸ ਨੇ ਵਿਕਾਸ ਨੂੰ ਤਰਜੀਹ ਦਿੱਤੀ।
ਉਨ੍ਹਾਂ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਮੋਹਾਲੀ ਦੇ ਕਈ ਅਹਿਮ ਵਿਕਾਸ ਕੰਮ ਅਧੂਰੇ ਛੱਡੇ ਗਏ ਹਨ। ਸਿੱਧੂ ਨੇ ਕਿਹਾ ਕਿ ਨਿਗਮ ਵਿੱਚ ਕਾਂਗਰਸ ਦੀ ਸਰਕਾਰ ਬਣਨ ਉਪਰੰਤ ਉਹਨਾਂ ਸਾਰੇ ਅਧੂਰੇ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ।
ਸਿੱਧੂ ਨੇ ਸਰਕਾਰੀ ਮੁਲਾਜ਼ਮਾਂ ਅਤੇ ਹਰ ਵਰਗ ਦੇ ਲੋਕਾਂ ਨੂੰ ਵੀ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਆਉਣ ਵਾਲਾ ਸਮਾਂ ਕਾਂਗਰਸ ਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨਿਗਮ ਵਿੱਚ ਵੀ ਕਾਂਗਰਸ ਦਾ ਮੇਅਰ ਬਣਦਾ ਹੈ ਤਾਂ ਮੋਹਾਲੀ ਵਿੱਚ ਵਿਕਾਸ ਦੀ ਰਫ਼ਤਾਰ ਕਈ ਗੁਣਾ ਵਧੇਗੀ।
ਅੰਤ ਵਿੱਚ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਇਆ ਜਾਵੇ ਤਾਂ ਜੋ ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਅਤੇ ਗਤੀ ਮਿਲ ਸਕੇ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਕਾਂਗਰਸ ਪਾਰਟੀ ਇਹ ਚੋਣਾਂ ਪੂਰੀ ਤਾਕਤ ਨਾਲ ਲੜੇਗੀ ਅਤੇ ਲੋਕਾਂ ਦੇ ਸਹਿਯੋਗ ਨਾਲ ਸ਼ਾਨਦਾਰ ਜਿੱਤ ਦਰਜ ਕਰੇਗੀ।
- Download Babushahi App
-
-