ਲਾਲੜੂ ਤੇ ਸਹਾਇਕ ਮੰਡੀਆਂ 'ਚ ਕਣਕ ਦੀ ਆਮਦ ਤੇਜ਼, ਲਿਫਟਿੰਗ ਦੀ ਰਫ਼ਤਾਰ ਬੇਹੱਦ ਹੌਲੀ
ਮਲਕੀਤ ਸਿੰਘ ਮਲਕਪੁਰ
ਲਾਲੜੂ 16 ਅਪ੍ਰੈਲ 2026: ਦਾਣਾ ਮੰਡੀ ਲਾਲੜੂ ਸਮੇਤ ਇਸ ਦੀਆਂ ਸਹਾਇਕ ਮੰਡੀਆਂ ਵਿੱਚ ਕਣਕ ਦੀ ਆਮਦ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਕਿਸਾਨ ਆਪਣੀ ਕਣਕ ਦੀ ਫਸਲ ਲੈ ਕੇ ਮੰਡੀਆਂ ਵਿੱਚ ਪੁੱਜ ਰਹੇ ਹਨ,ਪਰ ਲਿਫਟਿੰਗ ਦੀ ਚਾਲ ਸੁਸਤ ਹੋਣ ਕਾਰਨ ਕਿਸਾਨਾਂ ਨੂੰ ਕਣਕ ਸੁੱਟਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੌਸਮ ਖਰਾਬ ਹੋਣ ਕਾਰਨ ਕਣਕ ਦੀ ਵਢਾਈ ਵਿੱਚ ਥੋੜੀ ਰੁਕਾਵਟ ਆਈ ਸੀ ਅਤੇ ਹੁਣ ਉਨ੍ਹਾਂ ਦੀਆਂ ਫਸਲਾਂ ਦੀ ਵਢਾਈ ਪੂਰੇ ਜੋਬਨ 'ਤੇ ਹੈ । ਉਨ੍ਹਾਂ ਦੱਸਿਆ ਕਿ ਜਿੱਥੇ ਮੰਡੀਆਂ ਵਿੱਚ ਲੱਗੇ ਬੋਰੀਆਂ ਦੇ ਅੰਬਾਰ ਕਾਰਨ ਉਨ੍ਹਾਂ ਨੂੰ ਕਣਕ ਸੁੱਟਣ ਵਿੱਚ ਦਿੱਕਤ ਆ ਰਹੀ ਹੈ, ਉੱਥੇ ਹੀ ਕਣਕ ਵਿੱਚ ਨਮੀ ਦੀ ਮਾਤਰਾ ਵੱਧ ਹੋਣ ਕਾਰਨ ਉਨ੍ਹਾਂ ਨੂੰ ਮੰਡੀਆਂ ਵਿੱਚ ਹੀ ਸਮਾਂ ਲੰਘਾਉਣਾ ਪੈ ਰਿਹਾ ਹੈ। ਮਾਰਕੀਟ ਕਮੇਟੀ ਦੇ ਸਕੱਤਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਲਾਲੜੂ ਵਿੱਚ ਵੇਅਰਹਾਊਸ, ਪਨਗਰੇਨ , ਮਾਰਕਫੈਡ ਅਤੇ ਪਨਸਪ, ਦਾਣਾ ਮੰਡੀ ਤਸਿੰਬਲੀ ਵਿੱਚ ਮਾਰਕਫੈਡ, ਪਨਗਰੇਨ, ਦਾਣਾ ਮੰਡੀ ਜੜੌਤ ਅਤੇ ਟਿਵਾਣਾ ਵਿੱਚ ਵੇਅਰਹਾਊਸ ਖਰੀਦ ਏਜੰਸੀਆਂ ਕਣਕ ਦੀ ਖਰੀਦ ਕਰ ਰਹੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਵਢਾਈ ਰਾਤ ਵੇਲੇ ਨਾ ਕਰਕੇ ਦਿਨ ਵਿੱਚ ਹੀ ਕਰਵਾਉਣ ਤਾਂ ਜੋ ਫਸਲ ਵਿੱਚ ਨਮੀਂ ਦੀ ਮਾਤਰਾ ਸਹੀ ਆ ਸਕੇ। ਮੰਡੀ ਸੁਪਰਵਾਇਜਰ ਜਗਦੀਪ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਲਾਲੜੂ ਸਮੇਤ ਇਸ ਦੀਆਂ ਸਹਾਇਕ ਮੰਡੀਆਂ ਵਿੱਚ ਕਣਕ ਦੀ ਕੁੱਲ ਆਮਦ 84045 ਕੁਇੰਟਲ ਹੋਈ ਹੈ, ਜਿਸ ਵਿੱਚ ਦਾਣਾ ਮੰਡੀ ਲਾਲੜੂ ਵਿੱਚ ਕਣਕ ਦੀ ਫਸਲ 58300 ਕੁਇੰਟਲ, ਦਾਣਾ ਮੰਡੀ ਤਸਿੰਬਲੀ ਵਿੱਚ 18340 ਕੁਇੰਟਲ, ਜੜੌਤ 6455 ਕੁਇੰਟਲ ਅਤੇ ਟਿਵਾਣਾ ਵਿੱਚ 950 ਕੁਇੰਟਲ ਕਣਕ ਦੀ ਆਮਦ ਹੋ ਚੁੱਕੀ ਹੈ। ਦਾਣਾ ਮੰਡੀ ਲਾਲੜੂ ਸਮੇਤ ਇਸ ਦੀਆਂ ਸਹਾਇਕ ਮੰਡੀਆਂ ਵਿੱਚ ਕਣਕ ਦੀ ਕੁੱਲ ਖਰੀਦ 57512 ਕੁਇੰਟਲ ਹੋਈ ਹੈ, ਜਿਸ ਵਿੱਚ ਦਾਣਾ ਮੰਡੀ ਲਾਲੜੂ ਵਿੱਚ 43740 ਕੁਇੰਟਲ, ਤਸਿੰਬਲੀ ਵਿੱਚ 9292 ਕੁਇੰਟਲ, ਜੜੌਤ ਵਿੱਚ 4380 ਕੁਇੰਟਲ ਦੀ ਖਰੀਦ ਹੋਈ ਹੈ ਅਤੇ ਟਿਵਾਣਾ ਮੰਡੀ ਵਿੱਚ ਸਿਰਫ100 ਕੁਇੰਟਲ ਖਰੀਦ ਹੀ ਹੋ ਸਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 8350 ਕੁਇੰਟਲ ਕਣਕ ਦੀ ਲਿਫਟਿੰਗ ਹੋਈ ਹੈ। ਦੱਸਣਯੋਗ ਹੈ ਕਿ ਲਿਫਟਿੰਗ ਦੀ ਚਾਲ ਸੁਸਤ ਹੋਣ ਕਾਰਨ ਸਿਰਫ ਦਾਣਾ ਮੰਡੀ ਲਾਲੜੂ ਵਿੱਚ ਕੁੱਲ ਖਰੀਦ ਦਾ 14 ਫੀਸਦੀ ਹਿੱਸਾ ਲਿਫਟਿੰਗ ਕੀਤਾ ਗਿਆ ਹੈ, ਜਦਕਿ 86 ਫੀਸਦੀ ਖਰੀਦ ਹੋ ਚੁੱਕੀ ਕਣਕ ਦੀ ਫਸਲ ਲਿਫਟਿੰਗ ਦੇ ਇੰਤਜ਼ਾਰ ਵਿੱਚ ਮੰਡੀਆਂ ਵਿੱਚ ਕਣਕ ਸੁੱਟਣ ਵਾਲੀ ਦੀ ਥਾਂ ਘੇਰ ਰਹੀ ਹੈ। ਕਣਕ ਦੀ ਫਸਲ ਲੈ ਕੇ ਆਏ ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗ ਚੁੱਕੇ ਹਨ ਅਤੇ ਲਿਫਟਿੰਗ ਦੀ ਚਾਲ ਸੁਸਤ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਲਿਫਟਿੰਗ ਨੂੰ ਤੇਜ਼ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਾ ਆਵੇ।
Click to Follow Babushahi Facebook Page →