ਨੌਜਵਾਨ ਸ਼ਕਤੀ ਨੂੰ ਨਸ਼ੇ ਦੀ ਗ੍ਰਿਫ਼ਤ ਤੋਂ ਬਚਾਉਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ - ਰਾਜਪਾਲ ਕਟਾਰੀਆ
-ਕਿਹਾ, ਪੰਜਾਬ ਨੂੰ ਨਸ਼ਾ ਮੁਕਤ ਬਣਾਉਣ 'ਚ ਵਿਦਿਅਕ ਸੰਸਥਾਵਾਂ ਨਿਭਾਅ ਸਕਦੀਆਂ ਹਨ ਅਹਿਮ ਭੂਮਿਕਾ
-ਰਾਜਪਾਲ ਪੰਜਾਬ ਨੇ ਬਟਾਲਾ ਵਿਖੇ ਨਸ਼ਿਆਂ ਖ਼ਿਲਾਫ਼ ਵਿਸ਼ਾਲ ਸੈਮੀਨਾਰ 'ਚ ਕੀਤੀ ਸ਼ਿਰਕਤ
ਰੋਹਿਤ ਗੁਪਤਾ
ਬਟਾਲਾ, 16 ਅਪ੍ਰੈਲ :
ਪੰਜਾਬ ਦੇ ਰਾਜਪਾਲ ਗ਼ੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਪੰਜਾਬ ਦੀ ਨੌਜਵਾਨ ਸ਼ਕਤੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਇਸ ਨੂੰ ਨਸ਼ੇ ਦੀ ਗ੍ਰਿਫ਼ਤ ਤੋਂ ਬਚਾਉਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।
ਉਹ ਅੱਜ ਵੀ.ਐਮ.ਐਸ ਇੰਸਟੀਚਿਊਟ ਬਟਾਲਾ ਵਿਖੇ ਨਸ਼ਿਆਂ ਖ਼ਿਲਾਫ਼ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨਸ਼ਾ ਸਮਾਜ, ਪਰਿਵਾਰ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਕਮਜ਼ੋਰ ਕਰਦਾ ਹੈ। ਉਨ੍ਹਾਂ ਮਾਪਿਆਂ, ਅਧਿਆਪਕਾਂ, ਸਮਾਜਿਕ ਸੰਗਠਨਾਂ ਅਤੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਜਾਗਰੂਕਤਾ ਮੁਹਿੰਮ ਨੂੰ ਲੋਕ ਅੰਦੋਲਨ ਦਾ ਰੂਪ ਦੇਣ।
ਮਾਣਯੋਗ ਰਾਜਪਾਲ ਪੰਜਾਬ, ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸੂਬੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਜਨ ਜਾਗਰਣ ਦੀ ਬੇਮਿਸਾਲ ਮੁਹਿੰਮ ਚੱਲ ਰਹੀ ਹੈ।
ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਨਸ਼ੇ ਦੇ ਖ਼ਾਤਮੇ ਲਈ ਸੂਬਾ ਵਿਆਪੀ ਮੁਹਿੰਮ ਨੂੰ ਕਾਫੀ ਸਫਲਤਾ ਵੀ ਮਿਲੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਵਿਰੁੱਧ ਇਸ ਅੰਦੋਲਨ ਵਿਚ ਜਨਤਾ ਨੂੰ ਹੀ ਸਾਰਥੀ ਬਣਨਾ ਪਵੇਗਾ ਤਾਂ ਹੀ ਨਸ਼ਾ ਮੁਕਤ ਅਤੇ ਰੰਗਲਾ ਪੰਜਾਬ ਦਾ ਸੁਪਨਾ ਸਾਕਾਰ ਹੋਵੇਗਾ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਹਿੰਸੇਦਾਰੀ ਅਧਾਰਿਤ ਮੁਹਿੰਮ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਦਿਸ਼ਾ ਵਿਚ ਨਿਰਣਾਇਕ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ 'ਚ ਵਿਦਿਅਕ ਸੰਸਥਾਵਾਂ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ।
ਰਾਜਪਾਲ ਕਟਾਰੀਆ ਨੇ ਇਸ ਮੌਕੇ ਜਿਥੇ ਨਸ਼ਿਆਂ ਖ਼ਿਲਾਫ਼ ਸਹੁੰ ਚੁਕਾਈ ਉਥੇ ਵੱਖ- ਵੱਖ ਖੇਤਰਾਂ ਵਿਚ ਮਾਣਮੱਤੀਆਂ ਪ੍ਰਾਪਤੀਆਂ ਕਰਨ ਵਾਲੇ ਸੰਸਥਾ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਨਸ਼ਿਆਂ ਖਿਲਾਫ਼ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ ਗਈਆਂ।
ਇਸ ਮੌਕੇ ਕਾਲਜ ਪ੍ਰਬੰਧਕਾਂ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਦਲਾਂ ਦੇ ਨੁਮਾਇੰਦੇ, ਪਤਵੰਤੇ ਅਤੇ ਵਿਦਿਆਰਥੀ ਮੌਜੂਦ ਸਨ।
Click to Follow Babushahi Facebook page →