ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਚਿਰੋਕਣੀ ਮੰਗ ਨੂੰ ਪਿਆ ਬੂਰ - ਗੋਇਲ
ਕੈਬਨਿਟ ਸਬ ਕਮੇਟੀ ਦੀ ਐਸੋਸੀਏਸ਼ਨ ਦੇ ਸੂਬਾਈ ਵਫ਼ਦ ਨਾਲ ਹੋਈ ਮੀਟਿੰਗ 'ਚ ਹੈਲਥ ਕੇਅਰ ਪ੍ਰੌਵਾਈਡਰਜ ਵਜੋਂ ਸ਼ਾਰਟ ਟਰਮ ਸਿਖਲਾਈ ਦੇ ਦਿੱਤੇ ਆਦੇਸ਼
ਚੰਡੀਗੜ੍ਹ /ਪੰਜਗਰਾਈਂ ਕਲਾਂ,16 ਅਪ੍ਰੈਲ ( ਸੁਖਜਿੰਦਰ ਸਿੰਘ ਪੰਜਗਰਾਈ) :ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਮੁੱਖ ਦਫ਼ਤਰ ਨੇੜੇ ਟੀਵੀ ਟਾਵਰ ਬਠਿੰਡਾ ਦਾ ਸੂਬਾਈ ਵਫ਼ਦ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਸੱਦੇ 'ਤੇ ਕੈਬਨਿਟ ਸਬ ਕਮੇਟੀ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਵਿੱਤ ਮੰਤਰੀ ਸ੍ਰੀ. ਹਰਪਾਲ ਸਿੰਘ ਚੀਮਾ ਅਤੇ ਸਿਹਤ ਮੰਤਰੀ ਡਾ.ਬਲਵੀਰ ਸਿੰਘ ਨੂੰ ਮਿਲਿਆ। ਵਫ਼ਦ ਵਿੱਚ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਚੇਅਰਮੈਨ ਐਚ ਐਸ ਰਾਣੂ , ਸਰਪ੍ਰਸਤ ਸੁਰਜੀਤ ਸਿੰਘ ਲੁਧਿਆਣਾ ਅਤੇ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਬਲਵੀਰ ਸਿੰਘ ਸ਼ਾਮਲ ਹੋਏ। ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸ੍ਰੀ ਕੁਮਾਰ ਰਾਹੁਲ ਅਤੇ ਸਪੈਸ਼ਲ ਸਕੱਤਰ ਫਾਇਨਾਂਸ ਸ੍ਰੀ.ਅਜੈ ਅਰੋੜਾ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮੀਟਿੰਗ ਬਹੁਤ ਸਦਭਾਵਨਾ ਅਤੇ ਸੁਖਾਵੇਂ ਮਾਹੌਲ 'ਚ ਹੋਈ। ਐਸੋਸੀਏਸ਼ਨ ਦੀ ਤਰਫੋਂ ਮੰਗ ਪੱਤਰ ਅਤੇ ਲੋੜੀਂਦੇ ਹਵਾਲਾ ਦਸਤਾਵੇਜ਼ਾਂ ਦੀ ਫਾਈਲ ਸਰਕਾਰ ਅੱਗੇ ਪੇਸ਼ ਕਰਦਿਆਂ ਮੰਗ ਕੀਤੀ ਕਿ ਸਰਕਾਰ ਕੋਈ ਸੰਖੇਪ ਬ੍ਰਿਜ ਕੋਰਸ ਕਰਵਾ ਕੇ ਮੁਢੱਲੀਆਂ ਸਿਹਤ ਸੇਵਾਵਾਂ ਲਈ ਹੈਲਥ ਕੇਅਰ ਪ੍ਰੋਵਾਇਡਰ ਵਜੋਂ ਅਧਿਕਾਰਿਤ ਕਰਨ ਦੀ ਖੇਚਲ ਕਰੇ, ਤਾਂ ਜ਼ੋ ਇਸ ਕਿੱਤੇ ਨਾਲ ਜੁੜੇ ਲੱਖਾਂ ਲੋਕਾਂ ਦਾ ਸਵੈਰੋਜ਼ਗਾਰ ਬਚ ਸਕੇ ਅਤੇ ਲੱਖਾਂ ਪਰਿਵਾਰਕ ਮੈਂਬਰਾਂ ਦਾ ਉਜਾੜਾ ਅਤੇ ਸੇਵਾਵਾਂ ਲੈਣ ਵਾਲੇ ਲੱਖਾਂ ਲੋਕਾਂ ਨੂੰ ਮਿਲ ਰਹੀਆਂ ਸਸਤੀਆਂ ਸੇਵਾਵਾਂ ਵੀ ਜਾਰੀ ਰਹਿ ਸਕਣ, ਅਤੇ ਸਰਕਾਰ ਵੱਲੋਂ ਲੋਕ ਹਿਤ 'ਚ ਦਿੱਤੀਆਂ ਜਾ ਰਹੀਆਂ ਸਿਹਤ ਸਕੀਮਾਂ ਵੀ ਪ੍ਰਭਾਵਿਤ ਨਾ ਹੋਣ ਅਤੇ ਸਰਕਾਰ ਦੇ ਘਰ ਘਰ ਰੁਜ਼ਗਾਰ ਅਤੇ ਸਿਹਤ ਸੇਵਾਵਾਂ ਦੇਣ ਦੇ ਉਦੇਸ਼ ਦੀ ਪੂਰਤੀ ਵੀ ਹੋ ਸਕੇ। ਸਬ ਕਮੇਟੀ ਅੱਗੇ ਪੇਸ਼ ਕੀਤੇ ਦਸਤਾਵੇਜਾਂ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਵਿੱਤ ਮੰਤਰੀ ਸ੍. ਹਰਪਾਲ ਸਿੰਘ ਚੀਮਾ ਅਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਵੱਲੋਂ ਇਸ ਸਬੰਧੀ ਸਾਰਥਿਕ ਹੁੰਗਾਰਾ ਭਰਦਿਆਂ ਜਲਦੀ ਹੀ ਇਹ ਕੋਰਸ ਸ਼ੁਰੂ ਕਰਨ ਦੀ ਯੋਜਨਾ ਨੂੰ ਪੂਰਾ ਕਰਨ ਲਈ ਹਾਜ਼ਰ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਤਾਂ ਜ਼ੋ ਪੰਜਾਬ 'ਚ ਸੇਵਾਵਾਂ ਨਿਭਾ ਰਹੇ ਡੇਢ ਲੱਖ ਹੈਲਥ ਕੇਅਰ ਪ੍ਰੌਵਾਈਡਰਾਂ ਦੇ ਰੁਜ਼ਗਾਰ ਨੂੰ ਕੋਈ ਆਂਚ ਨਾ ਆਵੇ ਅਤੇ ਉਨ੍ਹਾਂ ਦਾ ਮਾਨ ਸਨਮਾਨ ਵੀ ਬਰਕਰਾਰ ਰਹਿ ਸਕੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਐਸੋਸੀਏਸ਼ਨ ਦੇ ਵੱਡੀ ਗਿਣਤੀ ਆਗੂਆਂ ਅਤੇ ਵਰਕਰਾਂ ਵੱਲੋਂ ਸੰਗਰੂਰ ਵਿਖੇ ਇੱਕ ਇਤਿਹਾਸਕ ਰੈਲੀ ਕੀਤੀ ਗਈ ਸੀ।ਜਿਸ ਦੌਰਾਨ ਪ੍ਰਸ਼ਾਸਨ ਵੱਲੋਂ 16 ਅਪ੍ਰੈਲ ਦੀ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਨਿਰਧਾਰਿਤ ਕੀਤੀ ਗਈ ਸੀ ਅਤੇ ਭਰੋਸਾ ਦਿੱਤਾ ਗਿਆ ਸੀ ਕਿ ਲੱਖਾਂ ਦੀ ਗਿਣਤੀ 'ਚ ਇਸ ਕਿੱਤੇ ਨਾਲ ਜੁੜੇ ਮੁਢੱਲੀਆਂ ਸਿਹਤ ਸੇਵਾਵਾਂ ਦੇ ਰਹੇ ਪ੍ਰਾਇਮਰੀ ਹੈਲਥ ਕੇਅਰ ਪ੍ਰੌਵਾਈਡਰਾਂ ਨੂੰ ਸ਼ਾਰਟ ਟਰਮ ਟ੍ਰੇਨਿੰਗ ਦੇ ਕੇ ਸਿਹਤ ਸੇਵਾਵਾਂ ਦੇ ਖੇਤਰ 'ਚ ਪਾਏ ਜਾ ਰਹੇ ਯੋਗਦਾਨ ਨੂੰ ਬਾਦਸਤੂਰ ਜ਼ਾਰੀ ਰੱਖਿਆ ਜਾਵੇਗਾ। ਇਸ ਸਮੇਂ ਐਸੋਸੀਏਸ਼ਨ ਦੀ ਸੂਬਾਈ ਲੀਡਰਸ਼ਿਪ ਵੱਲੋ ਮੀਟਿੰਗ ਦੇਣ ਅਤੇ ਉਨ੍ਹਾਂ ਦੇ ਪੱਖ ਨੂੰ ਸੁਹਿਰਦਤਾ ਨਾਲ ਸੁਣਨ ਅਤੇ ਮੁੱਖ ਮੰਗ ਸਬੰਧੀ ਹਾਂ ਪੱਖੀ ਹੁੰਗਾਰੇ ਲਈ ਕੈਬਨਿਟ ਸਬ ਕਮੇਟੀ ਅਤੇ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ।
Click to Follow Babushahi Facebook Page →