BBMB ਵੱਲੋਂ 5 ਨਵੇਂ ਪੁੱਲਾਂ ਦੀ ਮਨਜ਼ੂਰੀ, ਪਿੰਡਾਂ ਨੂੰ ਮਿਲੇਗੀ ਬਿਹਤਰ ਆਵਾਜਾਈ ਦੀ ਸਹੂਲਤ- ਬੈਂਸ
ਪ੍ਰਮੋਦ ਭਾਰਤੀ
ਨੰਗਲ 09 ਫਰਵਰੀ,2026
ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਅੱਜ ਨੰਗਲ ਅਤੇ ਆਸ-ਪਾਸ ਦੇ ਪਿੰਡਾਂ ਲਈ ਇੱਕ ਵੱਡੀ ਖ਼ੁਸ਼ਖ਼ਬਰੀ ਸਾਂਝੀ ਕਰਦਿਆਂ ਦੱਸਿਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ) ਵੱਲੋਂ ਹਲਕੇ ਵਿੱਚ 5 ਨਵੇਂ ਪੁੱਲਾਂ ਦੇ ਨਿਰਮਾਣ ਨੂੰ ਅਧਿਕਾਰਤ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਕੀਤੀ ਗਈ ਮਿਹਨਤ ਅਤੇ ਬੀ.ਬੀ.ਐੱਮ.ਬੀ ਦੇ ਉੱਚ ਅਧਿਕਾਰੀਆਂ ਨਾਲ ਹੋਏ ਤਾਲਮੇਲ ਦਾ ਨਤੀਜਾ ਅੱਜ ਲੋਕਾਂ ਸਾਹਮਣੇ ਆਇਆ ਹੈ।
ਕੈਬਨਿਟ ਮੰਤਰੀ ਬੈਂਸ ਨੇ ਕਿਹਾ ਕਿ ਨਵੇਂ ਪੁੱਲਾਂ ਦੇ ਬਣਨ ਨਾਲ ਇਲਾਕੇ ਦੇ ਕਈ ਪਿੰਡਾਂ ਦੀ ਆਵਾਜਾਈ ਸੁਖਾਲੀ ਹੋਵੇਗੀ ਅਤੇ ਲੋਕਾਂ ਨੂੰ ਰੋਜ਼ਾਨਾ ਆਵਾਜਾਈ ਵਿੱਚ ਆ ਰਹੀਆਂ ਮੁਸ਼ਕਲਾਂ ਤੋਂ ਵੱਡੀ ਰਾਹਤ ਮਿਲੇਗੀ। ਇਨ੍ਹਾਂ ਪੁੱਲਾਂ ਰਾਹੀਂ ਕਿਸਾਨਾਂ ਨੂੰ ਆਪਣੇ ਖੇਤਾਂ ਤੱਕ ਪਹੁੰਚ ਆਸਾਨ ਹੋਵੇਗੀ, ਸਕੂਲੀ ਵਿਦਿਆਰਥੀਆਂ ਅਤੇ ਕੰਮਕਾਜ ਲਈ ਆਉਣ-ਜਾਣ ਕਰਨ ਵਾਲੇ ਲੋਕਾਂ ਦਾ ਸਮਾਂ ਬਚੇਗਾ ਅਤੇ ਐਮਰਜੈਂਸੀ ਸੇਵਾਵਾਂ ਲਈ ਵੀ ਤੇਜ਼ ਪਹੁੰਚ ਯਕੀਨੀ ਬਣੇਗੀ।
ਸ.ਬੈਂਸ ਨੇ ਦੱਸਿਆ ਕਿ ਕਈ ਥਾਵਾਂ ‘ਤੇ ਪੁਰਾਣੇ ਅਸਥਾਈ ਰਸਤੇ ਹੋਣ ਕਾਰਨ ਲੋਕਾਂ ਨੂੰ ਲੰਮੇ ਚੱਕਰ ਲਗਾਉਣੇ ਪੈਂਦੇ ਸਨ। ਨਵੇਂ ਪੁੱਲਾਂ ਦੇ ਨਿਰਮਾਣ ਨਾਲ ਇਹ ਸਮੱਸਿਆ ਹੱਲ ਹੋਵੇਗੀ ਅਤੇ ਪਿੰਡਾਂ ਦਾ ਸਿੱਧਾ ਸੰਪਰਕ ਮੁੱਖ ਸੜਕਾਂ ਨਾਲ ਬਣੇਗਾ। ਇਸ ਨਾਲ ਸਥਾਨਕ ਵਪਾਰ, ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਵੀ ਲਾਭ ਮਿਲੇਗਾ ਕਿਉਂਕਿ ਆਵਾਜਾਈ ਸੁਗਮ ਹੋਣ ਨਾਲ ਆਰਥਿਕ ਸਰਗਰਮੀਆਂ ਵਿੱਚ ਤੇਜ਼ੀ ਆਵੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਕਾਸੀ ਪ੍ਰੋਜੈਕਟਾਂ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਮਨਜ਼ੂਰੀ ਮਿਲਣ ਤੋਂ ਬਾਅਦ ਜਲਦੀ ਹੀ ਟੈਂਡਰ ਪ੍ਰਕਿਰਿਆ ਸ਼ੁਰੂ ਕਰਕੇ ਕੰਮ ਨੂੰ ਤੇਜ਼ੀ ਨਾਲ ਅਮਲ ਵਿੱਚ ਲਿਆਂਦਾ ਜਾਵੇਗਾ, ਤਾਂ ਜੋ ਲੋਕਾਂ ਨੂੰ ਸਮੇਂ ਸਿਰ ਇਸ ਦਾ ਫਾਇਦਾ ਮਿਲ ਸਕੇ।
ਸ.ਬੈਂਸ ਨੇ ਕਿਹਾ ਕਿ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਹੋਰ ਵਿਕਾਸੀ ਕੰਮ ਜਾਰੀ ਰਹਿਣਗੇ ਅਤੇ ਨੰਗਲ ਹਲਕੇ ਨੂੰ ਆਧੁਨਿਕ ਬੁਨਿਆਦੀ ਢਾਂਚੇ ਨਾਲ ਮਜ਼ਬੂਤ ਕੀਤਾ ਜਾਵੇਗਾ।