Babushahi Special: ਬਠਿੰਡਾ: ਨਗਰ ਨਿਗਮ ਵਿੱਚ ਬੱਸ ਅੱਡੇ ਦੇ ਹੱਕ ’ਚ ਬੜ੍ਹਕ ਤਾਂ ਵਿਧਾਇਕ ਜਗਰੂਪ ਗਿੱਲ ਨੇ ਵੀ ਕੱਢੀ ਆਪਣੀ ਰੜਕ
ਅਸ਼ੋਕ ਵਰਮਾ
ਬਠਿੰਡਾ, 3ਮਈ2025:ਬਠਿੰਡਾ ਦਾ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਵੱਲੋਂ ਚਲਾਏ ਜਾ ਰਹੇ ਸੰਘਰਸ਼ ਦੇ ਦਬਾਅ ਜਾਂ ਫਿਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਅਤੇ ਮੇਅਰ ਪਦਮਜੀਤ ਮਹਿਤਾ ਦੇ ਮੌਜੂਦਾ ਬੱਸ ਅੱਡੇ ਦੇ ਹੱਕ ਵਿੱਚ ਡਟਣ ਦੇ ਵਾਅਦੇ ਤੇ ਪਹਿਰਾ ਦੇਣ ਦੀ ਰੌਸ਼ਨੀ ਵਿੱਚ ਸ਼ੁੱਕਰਵਾਰ ਨੂੰ ਨਗਰ ਨਿਗਮ ਦੇ ਜਰਨਲ ਹਾਊਸ ਦੀ ਮੀਟਿੰਗ ਦੌਰਾਨ ਬੱਸ ਅੱਡਾ ਸ਼ਿਫਟ ਕਰਨ ਖਿਲਾਫ ਮਤਾ ਪਾਸ ਕਰਨ ਤੋਂ ਬਾਅਦ ਬਠਿੰਡਾ ਸ਼ਹਿਰੀ ਹਲਕੇ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਮਲੋਟ ਰੋਡ ਪ੍ਰਜੈਕਟ ਦੇ ਹੱਕ ਵਿੱਚ ਹਿੱਕ ਥਾਪੜੀ ਹੈ। ਆਪਣੇ ਸਿਆਸੀ ਵਿਰੋਧੀ ਅਮਰਜੀਤ ਮਹਿਤਾ ਦੇ ਮੇਅਰ ਲੜਕੇ ਦੀ ਅਗਵਾਈ ਹੇਠ ਨਗਰ ਨਿਗਮ ਵਿੱਚ ਬਿਨਾਂ ਕਿਸੇ ਅਗੇਤੇ ਏਜੰਡੇ ਤੋਂ ਕੌਂਸਲਰਾਂ ਦੀ ਮੰਗ ਅਨੁਸਾਰ ਪਾਸ ਕੀਤੇ ਮਤੇ ਤੋਂ ਤੁਰੰਤ ਬਾਅਦ ਵਿਧਾਇਕ ਵੱਲੋਂ ਬੱਸ ਅੱਡਾ ਮਲੋਟ ਰੋਡ ਤੇ ਬਨਾਉਣ ਦਾ ਪੂਰੀ ਮਜਬੂਤੀ ਨਾਲ ਅਹਿਦ ਪ੍ਰਗਟਾਉਣ ਕਾਰਨ ਪੁਰਾਣਾ ਬੱਸ ਅੱਡਾ ਸ਼ਿਫਟ ਕਰਨ ਖਿਲਾਫ ਚੱਲ ਰਿਹਾ ਟਕਰਾਅ ਤਿੱਖਾ ਹੋਣ ਦੀ ਸੰਭਾਵਨਾ ਬਣ ਗਈ ਹੈ।

ਅੱਜ ਜਿੱਥੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਮੀਡੀਆ ਸਾਹਮਣੇ ਆਪਣਾ ਏਜੰਡਾ ਰੱਖਿਆ ਅਤੇ ਨਵੇਂ ਬੱਸ ਅੱਡੇ ਦੀ ਉਸਾਰੀ ਲਈ ਆਮ ਲੋਕਾਂ ਦੀ ਸਲਾਹ ਹੋਣ ਦਾ ਦਾਅਵਾ ਕਰਦਿਆਂ ਆਪਣੇ ਤੇ ਲਾਏ ਜਾ ਰਹੇ ਦੋਸ਼ਾਂ ਦਾ ਸਖਤੀ ਨਾਲ ਖੰਡਨ ਕੀਤਾ ਉੱਥੇ ਹੀ ਸੰਘਰਸ਼ ਕਮੇਟੀ ਨੇ ਨਵਾਂ ਬੱਸ ਅੱਡਾ ਬਨਾਉਣ ਖਿਲਾਫ ਸ਼ੁਰੂ ਕੀਤੀ ਫੈਸਲਾਕੁੰਨ ਲੜਾਈ ਨੂੰ ਅੰਜਾਮ ਤੱਕ ਲਿਜਾਣ ਦੀ ਗੱਲ ਆਖੀ ਹੈ। ਵਿਧਾਇਕ ਨੇ ਤਾਂ ਪੀਸੀਏ ਪ੍ਰਧਾਨ ਅਮਰਜੀਤ ਮਹਿਤਾ ਦਾ ਨਾਮ ਲਏ ਬਗੈਰ ਵਾਰਡ ਨੰਬਰ 48 ਦੀ ਟਿਕਟ ਕਟਵਾਉਣ ਦੀ ਰੌਸ਼ਨੀ ’ਚ ਨਵਾਂ ਬੱਸ ਅੱਡਾ ਬਣਨ ਤੋਂ ਰੋਕਣ ਦੀ ਤਾਕਤ ਰੱਖਣ ਸਬੰਧੀ ਪੱਤਰਕਾਰ ਵੱਲੋਂ ਪੁੱਛੇ ਸਵਾਲ ਦੇ ਜਵਾਬ ’ਚ ਕਾਫੀ ਤਿੱਖੇ ਲਹਿਜ਼ੇ ’ਚ ਆਖ ਦਿੱਤਾ ਕਿ ਉਨ੍ਹਾਂ ਨੇ ਤਾਂ ਪ੍ਰਕਾਸ਼ ਸਿੰਘ ਬਾਦਲ ਜਾਂ ਮਨਪ੍ਰੀਤ ਸਿੰਘ ਬਾਦਲ ਦੀ ਪਾਵਰ ਦੀ ਪ੍ਰਵਾਹ ਨਹੀਂ ਕੀਤੀ ਅਤੇ ਉਨ੍ਹਾਂ ਖਿਲਾਫ ਲੜਾਈ ਲੜਦੇ ਰਹੇ ਹਨ । ਉਨ੍ਹਾਂ ਕਿਹਾ ਕਿ ਪਾਵਰ ਦੀ ਪ੍ਰਵਾਹ ਕੀਤੇ ਬਿਨਾਂ ਉਹ ਆਪਣਾ ਕੰਮ ਕਰਨ ਵਿੱਚ ਯਕੀਨ ਰੱਖਦੇ ਹਨ।
ਵਿਧਾਇਕ ਨੇ ਹਿੱਕ ਠੋਕ ਕੇ ਦਾਅਵਾ ਕੀਤਾ ਕਿ ਆਮ ਲੋਕਾਂ ਦੀ ਮੰਗ , ਸਹੂਲਤ ਅਤੇ ਬਠਿੰਡਾ ਦੇ ਭਵਿੱਖ ਦੀਆਂ ਲੋੜਾਂ ਨੂੰ ਮੁੱਖ ਰੱਖਕੇ ਮਲੋਟ ਰੋਡ ਤੇ ਨਵਾਂ ਬੱਸ ਅੱਡਾ ਬਣਾਇਆ ਜਾ ਰਿਹਾ ਹੈ। ਮਲੋਟ ਰੋਡ ਤੇ ਕਲੋਨੀ ਹੋਣ ਸਬੰਧੀ ਲਾਏ ਜਾ ਰਹੇ ਦੋਸ਼ਾਂ ਦਾ ਪੂਰੀ ਮਜਬੂਤੀ ਨਾਲ ਖੰਡਨ ਕਰਦਿਆਂ ਉਨ੍ਹਾਂ ਕਿਹਾ ਕਿ ਮਲੋਟ ਰੋਡ ਤੇ ਉਨ੍ਹਾਂ ਕੋਲ ਤਾਂ ਸਾਈਕਲ ਖੜ੍ਹਾ ਕਰਨ ਜੋਗੀ ਥਾਂ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਦੀ ਜਮੀਨ ਤਲਾਸ਼ਣ ਤਾਂ ਉਹ ਉਸ ਦੀ ਰਜਿਸ਼ਟਰੀ ਉਨ੍ਹਾਂ ਦੇ ਨਾਮ ਕਰਵਾ ਦੇਣਗੇ। ਦੱਸਣਯੋਗ ਹੈ ਕਿ ਅਕਾਲੀ ਸਰਕਾਰ ਦੇ ਰਾਜ ’ਚ ਪਟੇਲ ਨਗਰ ਵਿਖੇ ਬੱਸ ਅੱਡਾ ਬਨਾਉਣਾ ਫੈਸਲਾ ਹੋਇਆ ਸੀ ਜੋ ਲਾਗੂ ਨਾਂ ਕੀਤਾ ਜਾ ਸਕਿਆ। ਸਾਲ 2022 ’ਚ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਫੌਜ ਦੇ ਝੰਜਟ ਵਿੱਚ ਪੈਣ ਦੀ ਥਾਂ ਮਲੋਟ ਰੋਡ ਤੇ ਨਵਾਂ ਬੱਸ ਅੱਡਾ ਬਨਾਉਣ ਦਾ ਐਲਾਨ ਕਰ ਦਿੱਤਾ ਜਿਸ ਦਾ ਹੁਣ ਵਿਰੋਧ ਹੋ ਰਿਹਾ ਹੈ।
ਮਹਿਤਾ - ਗਿੱਲ ’ਚ ਠੰਢੀ ਜੰਗ ਦੇ ਚਰਚੇ
ਵਾਰਡ ਨੰਬਰ 48 ਦੀ ਜਿਮਨੀ ਚੋਣ ਦੇ ਪਿਛੋਕੜ ’ਚ ਸ਼ਹਿਰ ਵਾਸੀ ਇਸ ਨੂੰ ਹਾਕਮ ਧਿਰ ਦੇ ਦੋ ਚੋਟੀ ਦੇ ਆਗੂਆਂ ਵਿਚਕਾਰ ਨਵਾਂ ਬੱਸ ਅੱਡਾ ਬਨਾਉਣ ਨੂੰ ਲੈਕੇ ਸ਼ੁਰੂ ਹੋਈ ਆਪਸੀ ਖਿੱਚੋਤਾਣ ਦੇ ਰੂਪ ’ਚ ਦੇਖ ਰਹੇ ਹਨ। ਵਿਧਾਇਕ ਵੱਲੋਂ ਨਵਾਂ ਬੱਸ ਅੱਡਾ ਮਲੋਟ ਰੋਡ ਤੇ ਬਨਾਉਣ ਸਬੰਧੀ ਕੀਤੇ ਦਾਅਵੇ ਨੂੰ ਲੈਕੇ ਸ਼ਹਿਰ ਵਿੱਚ ਇਹੋ ਚੁੰਝ ਚਰਚਾ ਛਿੜੀ ਹੋਈ ਹੈ। ਲੋਕ ਆਖਦੇ ਹਨ ਕਿ ਜਦੋਂ ਅਮਰਜੀਤ ਮਹਿਤਾ ਨੇ ਮੌਜੂਦਾ ਬੱਸ ਅੱਡਾ ਜਾਰੀ ਰੱਖਣ ਅਤੇ ਬਿਨਾਂ ਆਮ ਲੋਕਾਂ ਦੀ ਸਲਾਹ ਤੋਂ ਕੋਈ ਫੈਸਲਾ ਲੈਣ ਬਾਰੇ ਕਿਹਾ ਸੀ ਤਾਂ ਅੱਜ ਵਿਧਾਇਕ ਵੱਲੋਂ ਪ੍ਰਸਤਾਵਿਤ ਪ੍ਰਜੈਕਟ ਦੀ ਹਮਾਇਤ ਕਰਨਾ ਸਹਿਜ ਨਹੀਂ ਹੈ।
ਬੱਸ ਅੱਡਾ ਵਿਰੋਧੀ ਕਾਰਟੂਨ ਦੀ ਚਰਚਾ
ਇਸ ਦੌਰਾਨ ਅੱਜ ਨਾਮਵਰ ਚਿਤਰਕਾਰ ਗੁਰਪ੍ਰੀਤ ਬਠਿੰਡਾ ਨੇ ਆਪਣਾ ਤਾਜਾ ਚਿਤਰ ਜਾਰੀ ਕੀਤਾ ਹੈ ਜਿਸ ’ਚ ਬੱਸ ਅੱਡੇ ਨੂੰ ਲੈਕੇ ਆਮ ਲੋਕਾਂ ਤੇ ਖਾਸ ਲੋਕਾਂ ਵਿਚਲੀ ਖਿਚੋਤਾਣ ਨੂੰ ਦਰਸਾਇਆ ਗਿਆ ਹੈ। ਇਹ ਚਿਤਰ ਸੋਸ਼ਲ ਮੀਡੀਆ ਤੇ ਜੰਮ ਕੇ ਵਾਇਰਲ ਹੋ ਰਿਹਾ ਹੈ। ਗੁਰਪ੍ਰੀਤ ਬਠਿੰਡਾ ਦਾ ਕਹਿਣਾ ਸੀ ਕਿ ਇਹ ਚਿਤਰ ਆਮ ਲੋਕਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੈ ਜੋ ਖਾਸ ਲੋਕਾਂ ਨੂੰ ਬੱਸ ਅੱਡਾ ਰੂਪੀ ਬੱਸ ਲਿਜਾਣ ਤੋਂ ਰੋਕ ਰਹੇ ਹਨ।
ਸਪੀਕਰ ਨੂੰ ਦਿੱਤਾ ਮੰਗ ਪੱਤਰ
ਸੰਘਰਸ਼ ਕਮੇਟੀ ਦੇ ਵਫ਼ਦ ਨੇ ਹਰਵਿੰਦਰ ਸਿੰਘ ਹੈਪੀ ਦੀ ਅਗਵਾਈ ਹੇਠ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਫੈਸਲਾ ਰੱਦ ਕਰਨ ਲਈ ਮੰਗ ਪੱਤਰ ਦਿੱਤਾ ਹੈ ਜਿੰਨ੍ਹਾਂ ਮਸਲਾ ਮੁੱਖ ਮੰਤਰੀ ਕੋਲ ਰੱਖਣ ਦਾ ਭਰੋਸਾ ਦਿਵਾਇਆ ਹੈ। ਐਡਵੋਕੇਟ ਬਿਸ਼ਨਦੀਪ ਕੌਰ ਦਾ ਕਹਿਣਾ ਸੀ ਕਿ ਵੱਡਾ ਵਿਰੋਧ ਅਤੇ ਨੁਕਸਾਨ ਦੇ ਬਾਵਜੂਦ ਵਿਧਾਇਕ ਬੱਸ ਅੱਡਾ ਸ਼ਹਿਰੋਂ ਦੂਰ ਲਿਜਾਣ ਲਈ ਅੜ ਗਏ ਹਨ ਜੋ ਸਰਸਾਰ ਧੱਕਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਦੀ ਤਾਨਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਤੇ ਸੰਘਰਸ਼ ਨੂੰ ਤਿੱਖਾ ਰੂਪ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਮੁੱਠੀ ਭਰ ਲੋਕਾਂ ਖਾਤਰ ਸ਼ਹਿਰ ਦੇ ਵੱਡੇ ਹਿੱਸੇ ਨੂੰ ਫਾਹੇ ਟੰਗਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਨੂੰ ਲੋਕ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕਰਨਗੇ।