ਬੱਲ੍ਹੋ ਦੀ ਖਿਡਾਰਨ ਵਿਸ਼ਵਜੀਤ ਕੌਰ ਨੇ ਕੈਨੋਇੰਗ ਚੈਂਪੀਅਨਸ਼ਿਪ ਵਿੱਚ ਜਿੱਤੇ 2 ਚਾਂਦੀ ਦੇ ਮੈਡਲ
ਅਸ਼ੋਕ ਵਰਮਾ
ਰਾਮਪੁਰਾ ਫੂਲ, 12 ਜੁਲਾਈ 2026 : ਪੇਂਡੂ ਖੇਤਰ ਦੇ ਨੌਜਵਾਨਾਂ ਅਤੇ ਖਾਸ ਕਰਕੇ ਲੜਕੀਆਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਜੇਕਰ ਦ੍ਰਿੜ ਇਰਾਦਾ ਅਤੇ ਮਿਹਨਤ ਹੋਵੇ, ਤਾਂ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਪਿੰਡ ਬੱਲ੍ਹੋ ਦੇ ਪਿਛੋਕੜ ਵਾਲੀ ਖਿਡਾਰਨ ਧੀ ਵਿਸ਼ਵਜੀਤ ਕੌਰ ਨੇ ਵਿਸ਼ਾਖਾਪਟਨਮ ਦੇ ਪ੍ਰਸਿੱਧ ਗੰਭੀਰਮ ਗੱਡਾ ਰਿਜ਼ਰਵਾਇਰ ਵਿਖੇ ਕਰਵਾਈ ਵੱਕਾਰੀ 'ਅਸਮਿਤਾ ਮਹਿਲਾ ਕਾਇਆਕਿੰਗ ਅਤੇ ਕੈਨੋਇੰਗ ਦੱਖਣੀ ਜ਼ੋਨ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਚਾਂਦੀ ਦੇ ਮੈਡਲ ਜਿੱਤ ਕੇ ਪੂਰੇ ਪੰਜਾਬ ਅਤੇ ਆਪਣੇ ਪਿੰਡ ਦਾ ਨਾਮ ਰਾਸ਼ਟਰੀ ਪੱਧਰ 'ਤੇ ਰੌਸ਼ਨ ਕੀਤਾ ਹੈ।
ਇਸ ਇਤਿਹਾਸਕ ਪ੍ਰਾਪਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਤਰਨਜੋਤ ਵੈਲਫੇਅਰ ਸੁਸਾਇਟੀ ਦੇ ਪ੍ਹਧਾਨ ਅਵਤਾਰ ਸਿੰਘ ਟੋਫੀ ਅਤੇ ਸਰਪੰਚ ਅਮਰਜੀਤ ਕੌਰ ਨੇ ਜੇਤੂ ਖਿਡਾਰਨ ਅਤੇ ਉਨ੍ਹਾਂ ਦੇ ਕੋਚ ਸਾਹਿਬਾਨ ਨੂੰ ਮੁਬਾਰਕਬਾਦ ਦਿੱਤੀ। ਪ੍ਹਧਾਨ ਅਵਤਾਰ ਸਿੰਘ ਟੋਫੀ ਨੇ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਲੜਕੀਆਂ ਵੱਲੋਂ ਮਾਰੀਆਂ ਜਾ ਰਹੀਆਂ ਇਹ ਮੱਲਾਂ ਸਾਡੇ ਸਮਾਜ ਲਈ ਬਹੁਤ ਵੱਡੀ ਪ੍ਰੇਰਨਾ ਹਨ। ਤਰਨਜੋਤ ਵੈਲਫੇਅਰ ਸੁਸਾਇਟੀ ਹਮੇਸ਼ਾ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵਚਨਬੱਧ ਹੈ ਅਤੇ ਅਜਿਹੇ ਨਤੀਜੇ ਸਾਡੇ ਹੌਸਲੇ ਨੂੰ ਹੋਰ ਬੁਲੰਦ ਕਰਦੇ ਹਨ।
ਦੱਸਣਯੋਗ ਹੈ ਕਿ ਇਸ ਹਾਰਡ-ਕੋਰ ਵਾਟਰ ਸਪੋਰਟਸ ਚੈਂਪੀਅਨਸ਼ਿਪ ਵਿੱਚ ਦੇਸ਼ ਭਰ ਦੀਆਂ ਚੋਟੀ ਦੀਆਂ ਟੀਮਾਂ ਨੇ ਹਿੱਸਾ ਲਿਆ ਸੀ, ਜਿੱਥੇ ਸਖ਼ਤ ਮੁਕਾਬਲਿਆਂ ਦੌਰਾਨ ਬੇਹੱਦ ਰੋਮਾਂਚਕ ਪ੍ਰਦਰਸ਼ਨ ਕਰਦੇ ਹੋਏ ਇਸ ਧੀ ਨੇ 2 ਸਿਲਵਰ ਮੈਡਲ ਆਪਣੇ ਨਾਮ ਕੀਤੇ।
ਇਸ ਮੌਕੇ ਸੁਸਾਇਟੀ ਦੇ ਬੁਲਾਰੇ ਭੁਪਿੰਦਰ ਸਿੰਘ ਜਟਾਣਾ ਨੇ ਦੱਸਿਆ ਕਿ ਖਿਡਾਰਨ ਧੀ ਵਿਸਵਜੀਤ ਕੌਰ ਖੇਡ ਮੁਕਾਬਲਿਆਂ ਦੀ ਤਿਆਰੀ ਲਈ ਖ਼ਰਚੇ ਜੋਗੇ ਪੈਸੇ ਨਾ ਹੋਣ ਕਾਰਨ ਸੁਪਨਾ ਅਧੂਰਾ ਲੱਗਣ ਲੱਗਾ ਸੀ ਪਰ ਸਾਡੀ ਸੰਸਥਾ ਨੇ ਖਿਡਾਰਨ ਧੀ ਦੀ ਬਾਂਹ ਫੜੀ ਤੇ ਹਰ ਮਹੀਨੇ ਖ਼ਰਚਾ ਦੇਣ ਦੀ ਜਿੰਮੇਵਾਰੀ ਚੱਕੀ ਹੋਈ । ਸੰਸਥਾ ਦੇ ਅਹੁਦੇਦਾਰਾਂ ਨੇ ਸਰਕਾਰ ਅਤੇ ਖੇਡ ਵਿਭਾਗ ਤੋਂ ਮੰਗ ਕੀਤੀ ਕਿ ਪੇਂਡੂ ਖੇਤਰਾਂ ਵਿੱਚ ਵਾਟਰ ਸਪੋਰਟਸ ਵਰਗੀਆਂ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾਵੇ, ਤਾਂ ਜੋ ਪਿੰਡਾਂ ਦਾ ਲੁਕਿਆ ਹੋਇਆ ਹੁਨਰ ਅੰਤਰਰਾਸ਼ਟਰੀ ਪੱਧਰ 'ਤੇ ਓਲੰਪਿਕ ਵਰਗੇ ਮੰਚਾਂ 'ਤੇ ਦੇਸ਼ ਦਾ ਤਿਰੰਗਾ ਲਹਿਰਾ ਸਕੇ।