ਪਲਾਹੀ ਦੀ ਫੁੱਟਬਾਲ ਅਕੈਡਮੀ ਵਲੋਂ ਖੇਡ ਸਰਗਰਮੀਆਂ ਮੁੜ ਸ਼ੁਰੂ
ਫਗਵਾੜਾ, 29 ਜੂਨ ( ) ਸ੍ਰੀ ਗੁਰੂ ਹਰਿਰਾਇ ਫੁੱਟਬਾਲ ਅਕੈਡਮੀ ਪਲਾਹੀ ਵਲੋਂ ਪਿਛਲੇ 26 ਵਰ੍ਹਿਆਂ ਤੋਂ ਜਾਰੀ ਬੱਚਿਆਂ ਦੇ ਟਰੇਨਿੰਗ ਪ੍ਰੋਗਰਾਮ ਨੂੰ ਜ਼ਿਆਦਾ ਸਰਗਰਮੀ ਨਾਲ ਚਲਾਉਣ ਲਈ ਮੁੱਖ ਪ੍ਰਬੰਧਕ ਫੋਰਮੈਨ ਬਲਵਿੰਦਰ ਸਿੰਘ ਦੀ ਅਗਵਾਈ ‘ਚ ਕੀਤੀ ਮੀਟਿੰਗ ‘ਚ ਫੈਸਲਾ ਹੋਇਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ‘ਚ ਅਧੂਰੇ ਪਏ ਕੰਮ ਪੂਰੇ ਕੀਤੇ ਜਾਣ ਅਤੇ ਬੱਚਿਆਂ ਦੇ ਟਰੇਨਿੰਗ ਪ੍ਰੋਗਰਾਮ ਲਈ ਜਰਸੀਆਂ ‘ਤੇ ਬੂਟਾਂ ਦੀ ਖਰੀਦ ਕਰਕੇ ਬੱਚਿਆਂ ਨੂੰ ਮੁੜ ਖੇਡ ਮੈਦਾਨ ‘ਚ ਲਿਆਂਦਾ ਜਾਵੇ। ਮੀਟਿੰਗ ਵਿੱਚ ਮੁੱਖ ਪ੍ਰਬੰਧਕ ਦੀ ਅਗਵਾਈ ‘ਚ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਹਰਪ੍ਰੀਤ ਸਿੰਘ ਹੈਪੀ, ਸਨੀ ਚੰਦੜ, ਕੁਲਵਿੰਦਰ ਸਿੰਘ ਸੱਲ, ਸੁਖਵਿੰਦਰ ਸਿੰਘ ਸੱਲ, ਸੁਰਜਨ ਸਿੰਘ ਨੰਬਰਦਾਰ, ਰਵਿੰਦਰ ਸਿੰਘ ਸੱਗੂ ਅਤੇ ਰਵੀ ਪਾਲ ਮੈਂਬਰ ਲਏ ਗਏ।
ਪੂਰੇ ਕੰਮ ਕਾਰ ਦੀ ਸੁਪਰਵੀਜਨ ਕਰਨ ਲਈ ਕੁਲਵਿੰਦਰ ਸਿੰਘ ਸੱਲ ਨੇ ਡਿਊਟੀ ਲੈਣੀ ਪ੍ਰਵਾਨ ਕੀਤੀ। ਖੇਡ ਸਰਗਮੀਆਂ ਵਧਾਉਣ ਲਈ ਜੁਲਾਈ ਦੇ ਪਹਿਲੇ ਜਾਂ ਦੂਜੇ ਹਫ਼ਤੇ ਖੇਡ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਅਕੈਡਮੀ ਦਾ ਬੈਂਕ ਖਾਤਾ ਚਲਾਉਣ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿੱਚ ਰਵੀ ਪਾਲ, ਸਨੀ ਚੰਦੜ ਅਤੇ ਸੁਖਵਿੰਦਰ ਸਿੰਘ ਸੱਲ ਸ਼ਾਮਲ ਕੀਤੇ ਗਏ। ਜਿਹਨਾਂ ਦੇ ਨਾਮ ਤੇ ਬੈਂਕ ਖਾਤਾ ਖੋਲਿਆ ਜਾਵੇਗਾ ਅਤੇ ਜੋ ਸਾਰੇ ਖ਼ਰਚ ਕਰਨ ਲਈ ਜ਼ਿੰਮੇਵਾਰ ਹੋਣਗੇ।