Crime Special ਬਠਿੰਡਾ ਪੁਲਿਸ ਲਾਉਂਦੀ ਵੱਡੀਆਂ ਸੜਕਾਂ ’ਤੇ ਨਾਕੇ ਸ਼ਹਿਰ ’ਚ ਪਾਉਂਦੇ ਚੋਰ ਪਟਾਕੇ
ਅਸ਼ੋਕ ਵਰਮਾ
ਬਠਿੰਡਾ, 12 ਜੁਲਾਈ 2026 : ਬਠਿੰਡਾ ਪੁਲਿਸ ਕੌਮੀ ਸੜਕ ਮਾਰਗਾਂ ’ਤੇ ਰਾਤਾਂ ਨੂੰ ਨਾਕਾਬੰਦੀਆਂ ਕਰਕੇ ਗਸ਼ਤ ਕਰਨ ’ਚ ਰੁੱਝੀ ਹੋਈ ਹੈ ਜਦੋਂਕਿ ਚੋਰ ਸ਼ਹਿਰ ’ਚ ਅੱਤ ਮਚਾਉਂਦੇ ਦਨਦਨਾਉਂਦੇ ਫਿਰ ਰਹੇ ਹਨ ਜਿੰੰਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਜਿਸ ਦਲੇਰਾਨਾ ਢੰਗ ਨਾਲ ਸ਼ਹਿਰ ’ਚ ਚੋਰੀਆਂ ਹੋ ਰਹੀਆਂ ਹਨ ਉਸ ਤੋਂ ਤਾਂ ਇੰਜ ਜਾਪਦਾ ਹੈ ਕਿ ਅਪਰਾਧੀਆਂ ਨੂੰ ਖਾਕੀ ਦਾ ਖੌਫ ਨਹੀਂ ਰਹਿ ਗਿਆ ਹੈ। ਚੋਰੀਆਂ ਤੋਂ ਅੱਕੇ ਲੋਕਾਂ ਨੂੰ ਆਪਣਾ ਮਾਲ ਅਸਬਾਬ ਬਚਾਉਣ ਲਈ ਰਾਤਾਂ ਨੂੰ ਠੀਕਰੀ ਪਹਿਰੇ ਤਹਿਤ ਜਾਗਦੇ ਰਹੋ ਦੇ ਹੋਕੇ ਦੇਣੇ ਪੈ ਰਹੇ ਹਨ। ਹਾਲੀਆ ਮਾਮਲਾ ਰਾਮਬਾਗ ਰੋਡ ’ਤੇ ਸਥਿਤ ਕਾਲਾ ਸਿੱਧ ਕਲੋਨੀ ਦਾ ਹੈ ਜਿੱਥੇ ਲੋਕਾਂ ਦੀ ਪਹਿਰੇਦਾਰੀ ਦੌਰਾਨ ਰਾਤ ਨੂੰ ਕਰੀਬ 3 ਵਜੇ ਕਲੋਨੀ ’ਚ ਦਾਖਲ ਹੋਏ 3 ਚੋਰਾਂ ਚੋਂ 2 ਰੰਗੇ ਹੱਥੀਂ ਦਬੋਚ ਲਏ ਜਦੋਂਕਿ ਉਨ੍ਹਾਂ ਦਾ ਇੱਕ ਸਾਥੀ ਹਨੇਰੇ ਦਾ ਫਾਇਦਾ ਚੁੱਕਕੇ ਫਰਾਰ ਹੋਣ ’ਚ ਸਫਲ ਹੋ ਗਿਆ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਫੜੇ ਦੋ ਚੋਰਾਂ ਚੋਂ ਇੱਕ ਔਰਤ ਵੀ ਸੀ ਜੋ ਕਿਸੇ ਦੇ ਘਰ ਦਾਅ ਲਾਉਣ ਨਿਕਲੇ ਸਨ ਪਰ ਮੁਸਤੈਦ ਲੋਕਾਂ ਨੇ ਕਾਬੂ ਕਰ ਲਿਆ। ਦੋਨਾਂ ਕੋਲੋਂ ਇੱਕ ਚਾਕੂ ਅਤੇ 3 ਮੋਬਾਇਲ ਫੋਨ ਮਿਲੇ ਹਨ। ਦੋਵਾਂ ਨੂੰ ਥਾਣਾ ਕੋਤਵਾਲੀ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਹੈ ਜੋ ਦੋਵਾਂ ਨੂੰ ਪ੍ਰੇਮੀ ਪ੍ਰੇਮਿਕਾ ਦੱਸ ਰਹੀ ਹੈ। ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਰਾਮਬਾਗ ਰੋਡ ਗਲੀ ਨੰਬਰ 5 ’ਚ ਰਹਿਣ ਵਾਲੀ ਮੀਨਾ ਦੇ ਘਰੋਂ ਚੋਰੀ ਹੋਈ ਸੀ। ਇਸ ਮੌਕੇ ਚੋਰਾਂ ਨੇ ਘਰ ਦੇ ਬਾਹਰ ਲੱਗੇ ਕੂਲਰ ’ਚ ਨਸ਼ੀਲੀ ਪਦਾਰਥ ਪਾਕੇ ਪ੍ਰੀਵਾਰਕ ਮੈਬਰਾਂ ਨੂੰ ਬੇਹੋਸ਼ ਕਰਨ ਤੋਂ ਬਾਅਦ ਘਰ ਅੰਦਰੋਂ ਕਰੀਬ 4 ਲੱਖ ਰੁਪਏ ਕੀਮਤ ਦੇ ਸੋਨੇ ਚਾਂਦੀ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋਣ ’ਚ ਸਫਲ ਗਏ ਸਨ। ਜਦੋਂ ਪੁਲਿਸ ਤੇ ਇਤਬਾਰ ਨਾਂ ਬੱਝਿਆ ਤਾਂ ਲੋਕਾਂ ਨੇ ਠੀਕਰੀ ਪਹਿਰਾ ਲਾਉਣ ਦਾ ਫੈਸਲਾ ਕਰ ਲਿਆ।
ਇਸ ਦੌਰਾਨ ਲੋਕਾਂ ਵੱਲੋਂ ਸ਼ੱਕੀਆਂ ਦੀ ਨਿਗਾਹ ਰੱਖੀ ਜਾ ਰਹੀ ਸੀ ਤਾਂ ਸੁਭਾ ਕਰੀਬ 3 ਵਜੇ ਕੁੱਝ ਸ਼ੱਕੀ ਇੱਕ ਮਕਾਨ ’ਚ ਵੜਨ ਦੀ ਕੋਸ਼ਿਸ਼ ਕਰ ਰਹੇ ਸਨ ਜਿੰਨ੍ਹਾਂ ਨੂੰ ਲੋਕਾਂ ਨੇ ਘੇਰ ਲਿਆ। ਇੰਨ੍ਹਾਂ ਚੋਂ ਇੱਕ ਭੱਜ ਗਿਆ ਜਦੋਂਕਿ ਇੱਕ ਪੁਰਸ਼ ਅਤੇ ਇੱਕ ਔਰਤ ਨੂੰ ਫੜ ਲਿਆ। ਦੋਵਾਂ ਨੂੰ ਕੁਟਾਪਾ ਚਾੜ੍ਹਨ ਪਿੱਛੋਂ ਬਿਜਲੀ ਦੇ ਖੰਭੇ ਨਾਲ ਬੰਨ ਦਿੱਤਾ । ਸੂਚਨ ਪਿੱਛੋਂ ਕਰੀਬ ਸਾਢੇ ਛੇ ਵਜੇ ਪੀਸੀਆਰ ਟੀਮ ਮੌਕੇ ’ਤੇ ਪੁੱਜੀ ਅਤੇ ਦੋਵਾਂ ਨੂੰ ਥਾਣੇ ਲੈ ਗਈ। ਇੰਨ੍ਹਾਂ ਕੋਲੋਂ 3 ਮੋਬਾਇਲ ਫੋਨ ਅਤੇ ਇੱਕ ਧਾਰਦਾਰ ਚਾਕੂ ਬਰਾਮਦ ਕੀਤਾ ਗਿਆ ਹੈ। ਥਾਣਾ ਕੋਤਵਾਲੀ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਯਾਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਔਰਤ ਪੁਰਸ਼ ਪ੍ਰੇਮੀ ਪ੍ਰੇਮਿਕਾ ਸਨ ਜਿੰਨ੍ਹਾਂ ਖਿਲਾਫ 109 ਤਹਿਤ ਕਾਰਵਾਈ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਸਲ ਚੋਰ ਪੁਲਿਸ ਨੇ ਗ੍ਰਿਫਤਾਰ ਕਰ ਲਏ ਹਨ ਅਤੇ ਚੋਰੀ ਹੋਇਆ ਮਾਲ ਵੀ ਬਰਾਮਦ ਕਰ ਲਿਆ ਹੈ।
ਮਹੀਨੇ ਦੀਆਂ ਚੋਰੀਆਂ
ਲੰਘੀ 2 ਜੂਨ ਨੂੰ ਰਾਮਪੁਰਾ ਮੰਡੀ ’ਚ ਚੋਰਾਂ ਨੇ 10 ਲੱਖ ਦੇ ਗਹਿਣਿਆਂ ’ਤੇ ਹੱਥ ਸਾਫ ਕੀਤਾ ਜਦੋਂਕਿ 11 ਜੂਨ ਨੂੰ ਨਿਊ ਸ਼ਕਤੀ ਨਗਰ ‘ਚ 20 ਲੱਖ ਕੀਮਤ ਦੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕੀਤੇ ਗਏ। ਲਾਲ ਸਿੰਘ ਬਸਤੀ ’ਚ 15 ਜੂਨ ਸੇਵਾਮੁਕਤ ਜੇਈ ਦੇ ਘਰੋਂ 3 ਲੱਖ ਦੇ ਗਹਿਣੇ ਅਤੇ ਨਕਦੀ ਚੋਰੀ। ਪਰਸ ਰਾਮ ਨਗਰ ’ਚ 22 ਜੂਨ ਨੂੰ ਖਾਲੀ ਘਰ ਚੋਂ ਲੱਖਾਂ ਦੇ ਗਹਿਣੇ ਅਤੇ ਦਸਤਾਵੇਜ਼ ਚੋਰੀ। ਟੀਚਰ ਕਲੋਨੀ ‘ਚ 26 ਜੂਨ ਨੂੰ 5 ਲੱਖ ਦੇ ਨਕਦੀ ’ਤੇ ਗਹਿਣੇ ਚੋਰੀ ਹੋਏ ਹਨ। ਰਾਮਬਾਗ ਰੋਡ ’ਤੇ ਗਲੀ ਨੰਬਰ 5 ’ਚ ਨਸ਼ੀਲੀ ਹਵਾ ਨਾਲ ਪ੍ਰੀਵਾਰ ਨੂੰ ਬੇਹੋਸ਼ ਕਰਕੇ ਲੱਖਾਂ ਦੀ ਚੋਰੀ ਅਤੇ ਇਸੇ ਰਾਤ ਬਸੰਤ ਵਿਹਾਰ ’ਚ ਇੱਕ ਕਾਰ ਚੋਰੀ ਹੋਈ ਹੈ। ਇਸੇ ਤਰਾਂ 8 ਜੁਲਾਈ ਨੂੰ ਟਰਾਂਸਪੋਰਟ ਮੈਨੇਜਰ ਘਰੋਂ ਸੋਨੇ ਦੇ ਗਹਿਣੇ ਚੋਰੀ ਕੀਤੇ ਗਏ ਹਨ ਜਦੋਂਕਿ 11 ਜੁਲਾਈ ਨੂੰ ਤੇਲ ਡਿਪੂ ਦੀ ਪਾਰਕਿੰਗ ਜੱਸੀ ਪੌ ਵਾਲੀ ਚੋ ਮੋਟਰ ਸਾਈਲ ਚੋਰੀ ਹੋਇਆ ਹੈ।
ਘਰ ਸੁੰਨਾਂ ਨਾਂ ਛੱਡਣ ਦੀ ਸਲਾਹ
ਐਡਵੋਕੇਟ ਐਮਐਮ ਬਹਿਲ ਨੇ ਚੌਕਸੀ ਵਜੋਂ ਘਰ ਸੁੰਨਾ ਨਾਂ ਛੱਡਣ ਦਾ ਸਲਾਹ ਦਿੱਤੀ ਹੈ ਕਿਉਂਕਿ ਚੋਰ ਅਕਸਰ ਬੰਦ ਅਤੇ ਲੰਮੇਂ ਸਮੇਂ ਤੋਂ ਖਾਲੀ ਪਏ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ । ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਘਰ ਕਿਸੇ ਭਰੋਸਮੰਦ ਨੂੰ ਸੌਂਪਣ ਤੋਂ ਇਲਾਵਾ ਆਂਢੀਆਂ ਗੁਆਂਢੀਆਂ ਨੂੰ ਦੱਸਕੇ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਢੁੱਕਵੇਂ ਰੌਸ਼ਨੀ ਪ੍ਰਬੰਧ ਅਤੇ ਸੀਸੀਟੀਵੀ ਕੈਮਰਿਆਂ ਨਾਲ ਵੀ ਵਾਰਦਾਤਾਂ ਤੋਂ ਬਚਿਆ ਜਾ ਸਕਦਾ ਹੈ।
ਜੁਰਮ ਦਾ ਗੜ੍ਹ ਬਣਿਆ ਬਠਿੰਡਾ
ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਬਠਿੰਡਾ ਅਪਰਾਧੀਆਂ ਦਾ ਗੜ੍ਹ ਬਣ ਗਿਆ ਹੈ ਅਤੇ ਪੁਲਿਸ ਘੋੜੇ ਵੇਚਕੇ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਆਏ ਦਿਨ ਚੋਰੀਆਂ ਆਮ ਗੱਲ ਹੈ ਅਤੇ ਆਮ ਆਦਮੀ ਦੇ ਜਾਨ ਮਾਲ ਦਾ ਤਾਂ ਰੱਬ ਹੀ ਰਾਖਾ ਹੈ।
ਪੁਲਿਸ ਪੂਰੀ ਮੁਸਤੈਦ : ਐਸਐਸਪੀ
ਐਸਐਸਪੀ ਬਠਿੰਡਾ ਜੋਤੀ ਯਾਦਵ ਦਾ ਕਹਿਣਾ ਸੀ ਕਿ ਜੁਰਮ ਰੋਕਣ ਲਈ ਹੀ ਸ਼ਹਿਰ ’ਚ ਦਾਖਲ ਹੋਣ ਵਾਲੀਆਂ ਥਾਵਾਂ ਤੋਂ ਇਲਾਵਾ ਸ਼ਹਿਰ ’ਚ ਵੀ ਨਾਕਾਬੰਦੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪੂਰੀ ਤਰਾਂ ਮੁਸਤੈਦ ਹੈ ਜਿਸ ਕਰਕੇ ਅਪਰਾਧੀ ਲਗਾਤਾਰ ਕਾਬੂ ਕੀਤੇ ਜਾ ਰਹੇ ਹਨ।
- Download Babushahi App
-
-