ਸਤਲੁਜ ਫਿਲਮ ਵਿਵਾਦ! ਡਾ. ਧਰਮਵੀਰ ਗਾਂਧੀ ਦਾ ਭਾਜਪਾ 'ਤੇ ਵੱਡਾ ਹਮਲਾ: ਕਿਹਾ- ਰਵਨੀਤ ਬਿੱਟੂ ਜ਼ਰੀਏ ਖੇਡੇ ਜਾ ਰਹੇ ਨੇ ਫਿਰਕੂ ਪੱਤੇ, ਪੰਜਾਬ 'ਚ ਧਰੁਵੀਕਰਨ ਦੀ ਕੋਸ਼ਿਸ਼!
Babushahi Network
ਪਟਿਆਲਾ/ਚੰਡੀਗੜ੍ਹ, 12 ਜੁਲਾਈ 2026- ਕਾਂਗਰਸ ਦੇ ਪਟਿਆਲਾ ਤੋਂ ਲੋਕ ਸਭਾ ਮੈਂਬਰ (MP) ਡਾਕਟਰ ਧਰਮਵੀਰ ਗਾਂਧੀ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਜਾਰੀ ਕਰਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖ਼ਰਾਬ ਕਰਨ ਅਤੇ ਵੋਟਾਂ ਦੀ ਰਾਜਨੀਤੀ ਲਈ ਫਿਰਕੂ ਧਰੁਵੀਕਰਨ (Polarization) ਕਰਨ ਦੇ ਗੰਭੀਰ ਦੋਸ਼ ਲਾਏ ਹਨ। ਡਾ. ਗਾਂਧੀ ਨੇ ਭਾਜਪਾ ਦੀ ਰਣਨੀਤੀ 'ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਪਾਰਟੀ ਇੱਕੋ ਸਮੇਂ ਦੋ ਵੱਖ-ਵੱਖ ਫਿਰਕੂ ਪੱਤੇ ਖੇਡ ਰਹੀ ਹੈ।
ਸੋਸ਼ਲ ਮੀਡੀਆ 'ਤੇ ਆਪਣੀ ਗੱਲ ਰੱਖਦਿਆਂ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਰੋਕੀ ਹੋਈ ਫ਼ਿਲਮ “ਸਤਲੁਜ” ਰਿਲੀਜ਼ ਦੇ ਮਹਿਜ਼ ਦੋ ਦਿਨਾਂ ਬਾਅਦ ਉਸ 'ਤੇ ਦੁਬਾਰਾ ਰੋਕ ਲਗਾ ਦੇਣਾ ਭਾਜਪਾ ਦੀ ਇੱਕ ਸੋਚੀ-ਸਮਝੀ ਚਾਲ ਦਾ ਹਿੱਸਾ ਹੈ। ਉਨ੍ਹਾਂ ਮੁਤਾਬਿਕ ਅਜਿਹਾ ਕਰਕੇ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਹੈ।
ਡਾ. ਗਾਂਧੀ ਨੇ ਆਪਣੇ ਬਿਆਨ ਵਿੱਚ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ। ਉਨ੍ਹਾਂ ਆਰੋਪ ਲਾਇਆ ਕਿ ਭਾਜਪਾ ਨੇ ਰਵਨੀਤ ਬਿੱਟੂ ਨੂੰ ਹਿੰਦੂ ਭਾਈਚਾਰੇ ਨੂੰ ਉਂਗਲ ਲਾਉਣ (ਭੜਕਾਉਣ ਜਾਂ ਸਿਆਸੀ ਲਾਹੇ ਲਈ ਵਰਤਣ) ਦੇ ਕੰਮ 'ਤੇ ਲਾਇਆ ਹੋਇਆ ਹੈ। ਕਾਂਗਰਸ ਸਾਂਸਦ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਭਾਜਪਾ ਪੰਜਾਬ ਦੇ ਅੰਦਰ ਦੋ ਭਾਈਚਾਰਿਆਂ ਵਿਚਾਲੇ ਦੂਰੀਆਂ ਵਧਾ ਕੇ ਰਾਜਨੀਤਿਕ ਲਾਹਾ ਲੈਣਾ ਚਾਹੁੰਦੀ ਹੈ।
ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀਆਂ ਸਿਆਸੀ ਚਾਲਾਂ ਤੋਂ ਸੁਚੇਤ ਰਹਿਣ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਹਰ ਕੀਮਤ 'ਤੇ ਬਰਕਰਾਰ ਰੱਖਣ। ਡਾ. ਗਾਂਧੀ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਤੋਂ ਬਹਿਸ ਛਿੜ ਗਈ ਹੈ।
- Download Babushahi App
-
-