12 ਜੁਲਾਈ 2026 ਨੂੰ ਹੋਣ ਜਾ ਰਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 51ਵੀਂ ਕਨਵੋਕੇਸ਼ਨ 'ਤੇ ਵਿਸ਼ੇਸ਼
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 51ਵੀਂ ਕਨਵੋਕੇਸ਼ਨ: ਭਵਿੱਖ ਵੱਲ ਵਿਸ਼ਵਾਸ ਨਾਲ ਅੱਗੇ ਵਧਦੀ ਯੂਨੀਵਰਸਿਟੀ
ਅੱਧੀ ਸਦੀ ਤੋਂ ਵੱਧ ਦੀ ਸ਼ਾਨਦਾਰ ਵਿਰਾਸਤ ਦੀ ਮਾਲਕ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ
ਅਕਾਦਮਿਕ ਉਤਮਤਾ ਤੋਂ ਵਿਸ਼ਵ ਪੱਧਰੀ ਪਛਾਣ ਤਕ : ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਵਿਚ ਨਵੀਂ ਪਛਾਣ ਬਣਾਉਂਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ
:-
12 ਜੁਲਾਈ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਆਪਣੀ 51ਵੀਂ ਕਨਵੋਕੇਸ਼ਨ ਦੌਰਾਨ 490 ਵਿਦਿਆਰਥੀਆਂ ਨੂੰ ਡਿਗਰੀਆਂ, 90 ਖੋਜਾਰਥੀਆਂ ਨੂੰ ਪੀਐੱਚ.ਡੀ., 3 ਚਾਂਸਲਰ ਮੈਡਲ ਅਤੇ 37 ਮੈਮੋਰੀਅਲ ਮੈਡਲ ਦੇਣ ਦੇ ਨਾਲ, ਵਿਸ਼ਵ ਪੱਧਰ 'ਤੇ ਯੂਨੀਵਰਸਿਟੀ ਦਾ ਨਾਂ ਰੋਸ਼ਨ ਕਰਨ ਵਾਲੇ ਉੱਘੇ ਵਕੀਲ ਸ੍ਰ. ਜਸਪ੍ਰੀਤ ਸਿੰਘ ਨੂੰ 'ਆਨਰਜ਼ ਕਾਜ਼ਾ' ਡਿਗਰੀ ਦੇਣ ਜਾ ਰਹੀ ਹੈ। 1969 ਵਿੱਚ ਸਥਾਪਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੱਜ ਉੱਚ ਸਿੱਖਿਆ, ਖੋਜ, ਨਵੀਨਤਾ, ਖੇਡਾਂ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਦੇਸ਼ ਦੀਆਂ ਪ੍ਰਮੁੱਖ ਸੰਸਥਾਵਾਂ ਵਿੱਚ ਸ਼ਾਮਲ ਹੈ। ਯੂਨੀਵਰਸਿਟੀ ਨੂੰ ਨੈਕ ਵੱਲੋਂ ਏ++ ਗ੍ਰੇਡ ਅਤੇ ਯੂ.ਜੀ.ਸੀ. ਵੱਲੋਂ ਕੈਟੇਗਰੀ-1 ਦਾ ਦਰਜਾ ਪ੍ਰਾਪਤ ਹੈ। ਇਸ ਸਾਲ ਵਿੱਚ ਹੀ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ, ਪੰਜਾਬੀ-ਫਸਟ ਐਜੂਕੇਸ਼ਨ, ਰਿਸਰਚ ਐਂਡ ਗਵਰਨੈਂਸ ਪਾਲਿਸੀ-2026, ਅੰਤਰਰਾਸ਼ਟਰੀ ਖੋਜ ਸਹਿਯੋਗ, ਵਿਸ਼ਵ ਰੈਂਕਿੰਗ ਵਿੱਚ ਸੁਧਾਰ, ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ, ਵਿਦਿਆਰਥੀ ਭਲਾਈ ਯੋਜਨਾਵਾਂ ਅਤੇ ਰੋਜ਼ਗਾਰ ਦੇ ਮੌਕਿਆਂ ਦੀਆਂ ਵੱਡੀਆਂ ਪ੍ਰਾਪਤੀਆਂ ਸਾਬਤ ਹੋਈਆਂ ਹਨ।
ਪਿਛਲੇ ਡੇਢ ਸਾਲ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਆਏ ਬਹੁ-ਪੱਖੀ ਬਦਲਾਅ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਵੱਲੋਂ ਅਪਣਾਈ ਗਈ ਨਤੀਜਾ-ਕੇਂਦਰਿਤ ਅਤੇ ਭਵਿੱਖਮੁਖੀ ਕਾਰਜ-ਪ੍ਰਣਾਲੀ ਨੂੰ ਦਰਸਾਉਂਦੇ ਹਨ। ਉਨ੍ਹਾਂ ਦੀ ਅਗਵਾਈ ਹੇਠ ਯੂਨੀਵਰਸਿਟੀ ਨੇ ਅਕਾਦਮਿਕ ਗੁਣਵੱਤਾ, ਖੋਜ, ਨਵੀਨਤਾ, ਖੇਡਾਂ, ਕਲਾ ਅਤੇ ਸੱਭਿਆਚਾਰ ਨੂੰ ਇੱਕ-ਦੂਜੇ ਦੇ ਪੂਰਕ ਵਜੋਂ ਵਿਕਸਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕੇ ਹਨ। ਵਿਸ਼ਵ ਪੱਧਰੀ ਖੋਜ ਸਹਿਯੋਗ, ਉਦਯੋਗ-ਅਕਾਦਮਿਕ ਭਾਈਵਾਲੀਆਂ, ਡਿਜ਼ੀਟਲ ਬੁਨਿਆਦੀ ਢਾਂਚੇ ਦਾ ਵਿਸਤਾਰ, ਵਿਦਿਆਰਥੀ-ਕੇਂਦਰਿਤ ਪਹਿਲਕਦਮੀਆਂ, ਰੁਜ਼ਗਾਰ-ਮੁਖੀ ਸਿੱਖਿਆ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਯੂਨੀਵਰਸਿਟੀ ਦੀ ਮੌਜੂਦਗੀ ਨੂੰ ਮਜ਼ਬੂਤ ਕਰਨ ਵਾਲੇ ਯਤਨਾਂ ਨੇ ਸੰਸਥਾ ਨੂੰ ਨਵੀਂ ਗਤੀ ਦਿੱਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਆਧੁਨਿਕ ਯੂਨੀਵਰਸਿਟੀ ਦੀ ਅਸਲ ਪਛਾਣ ਸਿਰਫ਼ ਡਿਗਰੀਆਂ ਤੱਕ ਸੀਮਿਤ ਨਹੀਂ ਹੁੰਦੀ, ਸਗੋਂ ਉਹ ਅਜਿਹੇ ਨਾਗਰਿਕ ਤਿਆਰ ਕਰਦੀ ਹੈ ਜੋ ਗਿਆਨ, ਨੈਤਿਕਤਾ, ਖੋਜ, ਸਿਰਜਣਾਤਮਕਤਾ, ਖੇਡ ਭਾਵਨਾ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਨਾਲ ਲੈ ਕੇ ਰਾਸ਼ਟਰ ਅਤੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ। ਇਸੇ ਦ੍ਰਿਸ਼ਟੀਕੋਣ ਦੇ ਨਤੀਜੇ ਵਜੋਂ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਸਾਖ਼ ਨੂੰ ਹੋਰ ਮਜ਼ਬੂਤ ਕਰਦੀ ਹੋਈ ਭਵਿੱਖ ਵੱਲ ਵਿਸ਼ਵਾਸ ਨਾਲ ਅੱਗੇ ਵਧ ਰਹੀ ਹੈ।
51ਵੀਂ ਕਨਵੋਕੇਸ਼ਨ ਕੇਵਲ ਡਿਗਰੀਆਂ ਪ੍ਰਦਾਨ ਕਰਨ ਦਾ ਰਸਮੀ ਸਮਾਰੋਹ ਨਹੀਂ, ਸਗੋਂ ਉੱਚ ਸਿੱਖਿਆ, ਖੋਜ, ਨਵੀਨਤਾ, ਖੇਡਾਂ, ਸਭਿਆਚਾਰ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਯੂਨੀਵਰਸਿਟੀ ਦੀ ਸ਼ਾਨਦਾਰ ਯਾਤਰਾ ਦਾ ਜਸ਼ਨ ਵੀ ਹੈ। ਹਜ਼ਾਰਾਂ ਵਿਦਿਆਰਥੀਆਂ ਲਈ ਇਹ ਦਿਨ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਦਾ ਸਨਮਾਨ ਹੈ, ਜਦਕਿ ਯੂਨੀਵਰਸਿਟੀ ਲਈ ਇਹ ਆਪਣੀਆਂ ਉਪਲਬਧੀਆਂ ਦਾ ਆਤਮ-ਵਿਸ਼ਵਾਸ ਨਾਲ ਮੁਲਾਂਕਣ ਕਰਨ ਦਾ ਮੌਕਾ ਹੈ।
ਇਸ ਸਮਾਰੋਹ ਵਿੱਚ ਪੰਜਾਬ ਦੇ ਮਾਨਯੋਗ ਰਾਜਪਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ ਸ੍ਰੀ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਕਨਵੋਕੇਸ਼ਨ ਵਿਚ ਭਾਸ਼ਣ ਦੇਣਗੇ। ਉਨ੍ਹਾਂ ਦਾ ਸੰਬੋਧਨ ਵਿਦਿਆਰਥੀਆਂ ਨੂੰ ਗਿਆਨ, ਨੈਤਿਕਤਾ, ਰਾਸ਼ਟਰ ਨਿਰਮਾਣ ਅਤੇ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕਰੇਗਾ। ਹਰ ਕਨਵੋਕੇਸ਼ਨ ਦੀ ਤਰ੍ਹਾਂ ਇਸ ਵਾਰ ਵੀ ਚਾਂਸਲਰ ਦਾ ਸੰਦੇਸ਼ ਨਵੀਂ ਪੀੜ੍ਹੀ ਲਈ ਦਿਸ਼ਾ-ਨਿਰਦੇਸ਼ ਦਾ ਕੰਮ ਕਰੇਗਾ।
1969 ਵਿੱਚ ਸਥਾਪਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪਿਛਲੇ ਪੰਜ ਦਹਾਕਿਆਂ ਵਿੱਚ ਦੇਸ਼ ਦੀਆਂ ਮੋਹਰੀ ਉੱਚ-ਸਿੱਖਿਆ ਸੰਸਥਾਵਾਂ ਵਿੱਚ ਆਪਣਾ ਵਿਲੱਖਣ ਸਥਾਨ ਬਣਾਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਪਿਤ ਇਹ ਯੂਨੀਵਰਸਿਟੀ ਗਿਆਨ, ਖੋਜ, ਮਨੁੱਖਤਾ ਅਤੇ ਸੇਵਾ ਦੀ ਭਾਵਨਾ ਨੂੰ ਆਪਣਾ ਮੂਲ ਆਧਾਰ ਮੰਨਦੀ ਹੈ। ਅੱਜ ਇਸ ਦੇ ਹਜ਼ਾਰਾਂ ਸਾਬਕਾ ਵਿਦਿਆਰਥੀ ਪ੍ਰਸ਼ਾਸਨ, ਨਿਆਂਪਾਲਿਕਾ, ਵਿਗਿਆਨ, ਉਦਯੋਗ, ਸਿੱਖਿਆ, ਖੇਡਾਂ ਅਤੇ ਵਿਸ਼ਵ ਭਰ ਦੀਆਂ ਨਾਮਵਰ ਸੰਸਥਾਵਾਂ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਭ ਤੋਂ ਵੱਡੀ ਪਛਾਣ ਖੇਡਾਂ ਦੇ ਖੇਤਰ ਵਿੱਚ ਰਹੀ ਹੈ। ਯੂਨੀਵਰਸਿਟੀ ਨੇ ਦੇਸ਼ ਦੀ ਵੱਕਾਰੀ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ 25 ਵਾਰ ਜਿੱਤ ਕੇ ਇੱਕ ਅਜਿਹਾ ਰਿਕਾਰਡ ਕਾਇਮ ਕੀਤਾ ਹੈ, ਜਿਸ 'ਤੇ ਪੂਰੇ ਪੰਜਾਬ ਨੂੰ ਮਾਣ ਹੈ। ਇਹ ਟਰਾਫੀ ਭਾਰਤ ਦੀ ਸਰਵੋਤਮ ਖੇਡ ਪ੍ਰਦਰਸ਼ਨ ਕਰਨ ਵਾਲੀ ਯੂਨੀਵਰਸਿਟੀ ਨੂੰ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਓਲੰਪਿਕ, ਏਸ਼ਿਆਈ ਖੇਡਾਂ, ਰਾਸ਼ਟਰ-ਮੰਡਲ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪਾਂ ਵਿੱਚ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ।
ਪਿਛਲੇ ਡੇਢ ਸਾਲ ਦੌਰਾਨ ਯੂਨੀਵਰਸਿਟੀ ਨੇ ਉੱਚ-ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਕਈ ਮਹੱਤਵਪੂਰਨ ਮੀਲ ਪੱਥਰ ਸਥਾਪਤ ਕੀਤੇ ਹਨ। ਭੌਤਿਕ ਵਿਗਿਆਨ ਵਿਭਾਗ ਨੂੰ ਰਾਸ਼ਟਰੀ ਕਵਾਂਟਮ ਮਿਸ਼ਨ ਅਧੀਨ ਅਹਿਮ ਗਰਾਂਟ ਪ੍ਰਾਪਤ ਹੋਈ, ਜਿਸ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀਆਂ ਚੋਣਵੀਆਂ ਸੰਸਥਾਵਾਂ ਵਿੱਚ ਸ਼ਾਮਲ ਹੋ ਗਈ ਹੈ ਜਿੱਥੇ ਕਵਾਂਟਮ ਤਕਨਾਲੋਜੀ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਜਾ ਰਹੀ ਹੈ।
ਜਪਾਨ ਦੀ ਪ੍ਰਸਿੱਧ ਸੰਸਥਾ 'ਹੋਰੀਬਾ' ਤੋਂ ਉਦਯੋਗ ਪ੍ਰਾਯੋਜਿਤ ਖੋਜ-ਪ੍ਰੋਜੈਕਟ ਪ੍ਰਾਪਤ ਕਰਨਾ ਯੂਨੀਵਰਸਿਟੀ ਦੀ ਅੰਤਰਰਾਸ਼ਟਰੀ ਖੋਜ ਸਮਰੱਥਾ ਦਾ ਪ੍ਰਮਾਣ ਹੈ। ਨਵੀਨਤਾ ਅਤੇ ਬ੍ਰਾਂਡ ਪ੍ਰਤਿਸ਼ਠਾ ਸੰਬੰਧੀ ਵਿਸ਼ਵ ਦਰਜਾਬੰਦੀਆਂ ਵਿੱਚ ਵੀ ਯੂਨੀਵਰਸਿਟੀ ਨੇ ਆਪਣੀ ਮੌਜੂਦਗੀ ਦਰਜ ਕਰਵਾਈ ਹੈ, ਜੋ ਇਸ ਦੇ ਵਧਦੇ ਅੰਤਰਰਾਸ਼ਟਰੀ ਪ੍ਰਭਾਵ ਨੂੰ ਦਰਸਾਉਂਦੀ ਹੈ।
ਯੂਨੀਵਰਸਿਟੀ ਨੇ ਡਿਜੀਟਲ ਪ੍ਰਸ਼ਾਸਨ ਵੱਲ ਅਹਿਮ ਕਦਮ ਚੁੱਕਦਿਆਂ ਆਪਣੀ ਨਵੀਂ ਅਧਿਕਾਰਕ ਵੈੱਬਸਾਈਟ ਅਤੇ ਓਪਨ ਐਂਡ ਡਿਸਟੈਂਸ ਲਰਨਿੰਗ ਪੋਰਟਲ ਸ਼ੁਰੂ ਕੀਤਾ ਹੈ। ਇੱਕ ਸੌ ਪੈਂਤੀ ਤੋਂ ਵੱਧ ਕੋਰਸਾਂ ਰਾਹੀਂ ਅਕਾਦਮਿਕ ਵਿਸਤਾਰ ਕੀਤਾ ਗਿਆ ਹੈ। ਪਲੇਸਮੈਂਟ ਦੇ ਖੇਤਰ ਵਿੱਚ 82 ਕੰਪਨੀਆਂ ਨੇ 455 ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ, ਜਿੱਥੇ ਸਭ ਤੋਂ ਵੱਧ ਸਾਲਾਨਾ ਪੈਕੇਜ 24 ਲੱਖ ਰੁਪਏ ਰਿਹਾ।
ਵਿਦਿਆਰਥੀ ਭਲਾਈ ਲਈ ਯੂਨੀਵਰਸਿਟੀ ਹੈਲਥ ਸੈਂਟਰ ਵਿੱਚ ਆਧੁਨਿਕ ਲੈਬ ਅਤੇ ਡਾਇਗਨੋਸਟਿਕ ਸੈਂਟਰ ਦੀ ਸਥਾਪਨਾ ਵੀ ਇੱਕ ਮਹੱਤਵਪੂਰਨ ਪਹਿਲ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲ ਰਹੀਆਂ ਹਨ।
ਸਿੱਖਿਆ ਦੇ ਨਾਲ-ਨਾਲ ਯੂਨੀਵਰਸਿਟੀ ਨੇ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਵੀ ਆਪਣੀ ਵਿਲੱਖਣ ਪਛਾਣ ਬਣਾਈ ਰੱਖੀ ਹੈ। ਹਾਲ ਹੀ ਵਿੱਚ ਆਲ ਇੰਡੀਆ ਇੰਟਰ-ਯੂਨੀਵਰਸਿਟੀ ਕੈਨੋਇੰਗ ਅਤੇ ਕਾਯਾਕਿੰਗ ਚੈਂਪੀਅਨਸ਼ਿਪ ਵਿੱਚ ਯੂਨੀਵਰਸਿਟੀ ਨੇ 11 ਸੋਨੇ ਅਤੇ 9 ਚਾਂਦੀ ਦੇ ਤਮਗੇ ਜਿੱਤ ਕੇ ਓਵਰਆਲ ਜਨਰਲ ਚੈਂਪੀਅਨਸ਼ਿਪ ਟਰਾਫੀ ਆਪਣੇ ਨਾਮ ਕੀਤੀ। ਜਸ਼ਨ-2026 ਵਰਗੇ ਸਭਿਆਚਾਰਕ ਸਮਾਗਮਾਂ ਨੇ ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਰਾਸ਼ਟਰੀ ਪੱਧਰ 'ਤੇ ਨਵੀਂ ਪਛਾਣ ਦਿੱਤੀ।
ਪਿਛਲੇ ਡੇਢ ਸਾਲ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜਿਸ ਤੇਜ਼ੀ ਨਾਲ ਨਵੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ, ਉਸ ਵਿੱਚ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਦੂਰਅੰਦੇਸ਼ ਅਗਵਾਈ ਦਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਦੀ ਅਗਵਾਈ ਹੇਠ ਯੂਨੀਵਰਸਿਟੀ ਨੇ ਉੱਚ ਸਿੱਖਿਆ ਦੀ ਗੁਣਵੱਤਾ, ਖੋਜ, ਨਵੀਨਤਾ, ਡਿਜ਼ੀਟਲ ਬੁਨਿਆਦੀ ਢਾਂਚੇ, ਉਦਯੋਗਿਕ ਸਾਂਝੇਦਾਰੀਆਂ ਅਤੇ ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗ ਨੂੰ ਨਵੀਂ ਦਿਸ਼ਾ ਦਿੱਤੀ ਹੈ।
ਉਨ੍ਹਾਂ ਦੀ ਸੋਚ ਦਾ ਕੇਂਦਰ ਯੂਨੀਵਰਸਿਟੀ ਨੂੰ ਸਿਰਫ਼ ਰਵਾਇਤੀ ਸਿੱਖਿਆ ਤੱਕ ਸੀਮਿਤ ਰੱਖਣਾ ਨਹੀਂ, ਸਗੋਂ ਵਿਸ਼ਵ ਪੱਧਰੀ ਉੱਚ ਸਿੱਖਿਆ ਸੰਸਥਾ ਵਜੋਂ ਵਿਕਸਤ ਕਰਨਾ ਰਿਹਾ ਹੈ। ਇਸੇ ਦ੍ਰਿਸ਼ਟੀ ਨਾਲ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਸਹਿਯੋਗ, ਨਵੇਂ ਖੋਜ ਪ੍ਰੋਜੈਕਟ, ਉਦਯੋਗ-ਅਕਾਦਮਿਕ ਭਾਈਵਾਲੀ ਅਤੇ ਵਿਦਿਆਰਥੀ-ਕੇਂਦਰਿਤ ਸੁਧਾਰਾਂ ਨੂੰ ਪ੍ਰਾਥਮਿਕਤਾ ਦਿੱਤੀ ਗਈ। ਨਤੀਜੇ ਵਜੋਂ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ 'ਤੇ ਸਾਖ਼ ਹੋਰ ਮਜ਼ਬੂਤ ਹੋਈ ਹੈ।
51ਵੀਂ ਕਨਵੋਕੇਸ਼ਨ ਦਾ ਸਭ ਤੋਂ ਵਿਸ਼ੇਸ਼ ਪਲ ਉਹ ਹੋਵੇਗਾ ਜਦੋਂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਅਮਰੀਕਾ ਦੇ ਪ੍ਰਸਿੱਧ ਐਟਾਰਨੀ-ਐਟ-ਲਾਅ ਸ. ਜਸਪ੍ਰੀਤ ਸਿੰਘ ਨੂੰ ਡਾਕਟਰ ਆਫ਼ ਲਾਅ (ਆਨਰਿਸ ਕਾਜ਼ਾ) ਦੀ ਮਾਣਯੋਗ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਸਨਮਾਨ ਨਾ ਸਿਰਫ਼ ਉਨ੍ਹਾਂ ਦੀਆਂ ਪੇਸ਼ੇਵਰ ਪ੍ਰਾਪਤੀਆਂ ਦਾ ਸਨਮਾਨ ਹੈ, ਸਗੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਸ ਮਾਣ ਦਾ ਵੀ ਪ੍ਰਤੀਕ ਹੈ, ਜਿਸ ਦੇ ਵਿਦਿਆਰਥੀ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾ ਰਹੇ ਹਨ।
51ਵੀਂ ਕਨਵੋਕੇਸ਼ਨ ਸਿਰਫ਼ ਇੱਕ ਸਾਲਾਨਾ ਸਮਾਗਮ ਨਹੀਂ, ਸਗੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸ਼ਾਨਦਾਰ ਵਿਰਾਸਤ, ਮੌਜੂਦਾ ਪ੍ਰਾਪਤੀਆਂ ਅਤੇ ਭਵਿੱਖ ਦੇ ਵਿਜ਼ਨ ਦਾ ਪ੍ਰਤੀਕ ਹੈ। ਗੁਰੂ ਨਾਨਕ ਦੇਵ ਜੀ ਦੇ ਗਿਆਨ, ਸੇਵਾ, ਮਨੁੱਖਤਾ ਅਤੇ ਸਰਬੱਤ ਦੇ ਭਲੇ ਦੇ ਸਿਧਾਂਤਾਂ ਨੂੰ ਆਧਾਰ ਬਣਾ ਕੇ ਇਹ ਸੰਸਥਾ ਨਿਰੰਤਰ ਉੱਚ ਸਿੱਖਿਆ ਦੇ ਨਵੇਂ ਮਾਪਦੰਡ ਸਥਾਪਤ ਕਰ ਰਹੀ ਹੈ। 12 ਜੁਲਾਈ ਦੀ ਇਹ ਕਨਵੋਕੇਸ਼ਨ ਹਜ਼ਾਰਾਂ ਨੌਜਵਾਨਾਂ ਲਈ ਨਵੀਆਂ ਉਮੀਦਾਂ, ਨਵੀਆਂ ਜ਼ਿੰਮੇਵਾਰੀਆਂ ਅਤੇ ਨਵੇਂ ਸੁਪਨਿਆਂ ਦੀ ਸ਼ੁਰੂਆਤ ਹੋਵੇਗੀ, ਜਦਕਿ ਯੂਨੀਵਰਸਿਟੀ ਲਈ ਇਹ ਉਸ ਦੀ ਗੌਰਵਮਈ ਯਾਤਰਾ ਦਾ ਇੱਕ ਹੋਰ ਯਾਦਗਾਰ ਅਧਿਆਇ ਸਾਬਤ ਹੋਵੇਗੀ।
ਪ੍ਰਵੀਨ ਪੁਰੀ,
ਡਾਇਰੈਕਟਰ,
ਲੋਕ ਸੰਪਰਕ,
ਗੁਰੂ ਨਾਨਕ ਦੇਵ ਯੂਨੀਵਰਸਿਟੀ
ਸੰਪਰਕ: 9878277423

-
ਪ੍ਰਵੀਨ ਪੁਰੀ, ਡਾਇਰੈਕਟਰ
publicrelations@gndu.ac.in
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.