ਰਾਸ਼ਟਰੀ ਖੇਡ ਦਿਵਸ - ਸੁਰਜੀਤ ਹਾਕੀ ਸੁਸਾਇਟੀ ਵੱਲੋਂ 100 ਉੱਭਰਦੇ ਹਾਕੀ ਖਿਡਾਰੀਆਂ ਨੂੰ ਖੇਡ ਕਿੱਟਾਂ ਦੀ ਵੰਡ
ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ, ਆਈ.ਏ.ਐੱਸ. ਹੋਣਗੇ ਮੁੱਖ ਮਹਿਮਾਨ
ਬਾਬੂਸ਼ਾਹੀ ਬਿਊਰੋ
ਜਲੰਧਰ, 25 ਅਗਸਤ 2026- ਹਾਕੀ ਦੇ ਜਾਦੂਗਰ ਅਤੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਅਤੇ ਰਾਸ਼ਟਰੀ ਖੇਡ ਦਿਵਸ ਮੌਕੇ, ਸਥਾਨਕ ਸੁਰਜੀਤ ਹਾਕੀ ਸੁਸਾਇਟੀ ਵੱਲੋਂ 29 ਅਗਸਤ 2026 ਨੂੰ ਸੁਰਜੀਤ ਹਾਕੀ ਸਟੇਡੀਅਮ ਦੇ ਐਸਟ੍ਰੋਟਰਫ ਪ੍ਰੈਕਟਿਸ ਗਰਾਊਂਡ, ਬਰਲਟਨ ਪਾਰਕ, ਜਲੰਧਰ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰਜੀਤ ਹਾਕੀ ਸੁਸਾਇਟੀ ਦੇ ਸੀ.ਈ.ਓ. ਇਕਬਾਲ ਸਿੰਘ ਸੰਧੂ, ਪੀ.ਸੀ.ਐੱਸ. (ਸੇਵਾਮੁਕਤ) ਨੇ ਦੱਸਿਆ ਕਿ ਸਮਾਗਮ ਵਿੱਚ ਜਲੰਧਰ ਦੇ ਡਿਪਟੀ ਕਮਿਸ਼ਨਰ ਤੇ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਸ੍ਰੀ ਵਰਜੀਤ ਸਿੰਘ ਵਾਲੀਆ, ਆਈ.ਏ.ਐੱਸ. ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ । ਇਸ ਮੌਕੇ ਉਹ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਸੁਰਜੀਤ ਹਾਕੀ ਅਕੈਡਮੀ ਦੇ 100 ਉੱਭਰਦੇ ਨੌਜਵਾਨ ਹਾਕੀ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਜਾਣਗੀਆਂ ।
ਵਰਣਨਯੋਗ ਹੈ ਕਿ ਭਾਰਤ ਵਿਚ ਰਾਸ਼ਟਰੀ ਖੇਡ ਦਿਵਸ 29 ਅਗਸਤ ਨੂੰ ਹਾਕੀ ਦੇ ਮਹਾਨ ਕਪਤਾਨ ਮੇਜਰ ਧਿਆਨ ਚੰਦ ਦੀ ਜਨਮ ਦਿਨ ਤੇ ਮਨਾਇਆ ਜਾਂਦਾ ਹੈ। ਇਹ ਦਿਨ ਹਾਕੀ ਦੇ ਖਿਡਾਰੀ ਮੇਜਰ ਧਿਆਨ ਚੰਦ ਸਿੰਘ ਦਾ ਜਨਮਦਿਨ ਹੈ, ਜਿਸਨੇ 1928, 1932 ਅਤੇ 1936 ਵਿਚ ਭਾਰਤ ਲਈ ਓਲੰਪਿਕ ਵਿਚ ਸੋਨ ਤਗਮੇ ਜਿੱਤੇ ਸਨ।
ਸੰਧੂ ਨੇ ਅੱਗੇ ਕਿਹਾ ਕਿ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਇਹ ਉਪਰਾਲਾ ਜ਼ਮੀਨੀ ਪੱਧਰ ’ਤੇ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਹਾਕੀ ਦੇ ਖੇਤਰ ਵਿੱਚ ਅੱਗੇ ਵਧਣਈ ਲਈ ਲੋੜੀਂਦਾ ਸਹਿਯੋਗ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ। ਇਹ ਸਮਾਗਮ 29 ਅਗਸਤ 2026 ਨੂੰ ਸਵੇਰੇ 6:30 ਵਜੇ ਸ਼ੁਰੂ ਹੋਵੇਗਾ। ਵਰਣਨਯੋਗ ਹੈ ਖੇਡ ਕਿੱਟਾਂ ਪੰਜਾਬ ਸਰਕਾਰ ਦੇ ਖੇਡ ਵਿਭਾਗ ਅਤੇ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਜਲੰਧਰ ਦੇ ਉੱਘੇ ਡਾਕਟਰ ਬੀ.ਐਸ.ਜੌਹਲ, ਮੈਨੇਜਿੰਗ ਡਾਇਰੈਕਟਰ, ਜੌਹਲ ਸੁਪਰ ਸਪੈਸ਼ਲਟੀ ਹਸਪਤਾਲ ਦੇ ਸਹਿਯੋਗ ਨਾਲ ਦਿੱਤੀਆਂ ਜਾ ਰਹੀਆਂ ਹਨ ।