ਮਾਛੀਵਾੜਾ ਪੁਲਸ ਨੇ ਲਾਪਤਾ ਵਿਦਿਆਰਥੀ ਰਾਜਸਥਾਨ ਤੋਂ ਕੀਤੇ ਬਰਾਮਦ, ਫ੍ਰੀ ਫਾਇਰ ਗੇਮ ਖੇਡਣ ਤੋਂ ਰੋਕਣ ’ਤੇ ਨਿਕਲੇ ਸਨ ਘਰੋਂ
ਰਵਿੰਦਰ ਢਿੱਲੋਂ
ਖੰਨਾ, 26 ਅਗਸਤ 2026- ਮਾਛੀਵਾੜਾ ਸਾਹਿਬ ਤੋਂ ਲਾਪਤਾ ਹੋਏ 2 ਨੌਜਵਾਨ ਵਿਦਿਆਰਥੀ ਅਤੇ ਇੱਕ ਲੁਧਿਆਣਾ ਤੋਂ ਉਨ੍ਹਾਂ ਦੇ ਦੋਸਤ ਨੂੰ ਖੰਨਾ ਪੁਲਸ ਨੇ ਰਾਜਸਥਾਨ ਪੁਲਸ ਦੀ ਮੱਦਦ ਨਾਲ ਸੁਰੱਖਿਅਤ ਬਰਾਮਦ ਕਰ ਲਿਆ ਹੈ ਜੋ ਕਿ ਪੁਲਸ ਦੀ ਵੱਡੀ ਸਫ਼ਲਤਾ ਹੈ। ਨੌਜਵਾਨਾਂ ਦੀ ਪਹਿਚਾਣ ਵਿਦਿਆਰਥੀ ਉਤਕਰਸ਼ ਤੇ ਵਰੁਣ ਕੁਮਾਰ ਵਾਸੀਆਨ ਮਾਛੀਵਾੜਾ ਸਾਹਿਬ ਅਤੇ ਮੋਹਿਤ ਵਾਸੀ ਗਿੱਲ ਰੋਡ ਲੁਧਿਆਣਾ ਵਜੋਂ ਹੋਈ ਹੈ। ਖੰਨਾ ਦੇ ਐੱਸ.ਪੀ. ਪਵਨਜੀਤ ਸਿੰਘ ਚੌਧਰੀ ਨੇ ਦੱਸਿਆ ਕਿ 20 ਅਗਸਤ ਨੂੰ ਵਰੁਣ ਆਪਣੇ ਘਰੋਂ ਕਾਰ ਲੈ ਕੇ ਆਪਣੇ ਦੋਸਤ ਉਤਕਰਸ਼ ਅਤੇ ਮੋਹਿਤ ਕੁਮਾਰ ਨਾਲ ਜੈਪੁਰ, ਰਾਜਸਥਾਨ ਲਈ ਚਲਾ ਗਿਆ ਸੀ। ਤਿੰਨਾਂ ਨੇ ਆਪਣੇ ਮੋਬਾਈਲ ਫੋਨ ਬੰਦ ਕਰ ਦਿੱਤੇ, ਜਿਸ ਕਾਰਨ ਪਰਿਵਾਰਕ ਮੈਂਬਰ ਕਾਫੀ ਚਿੰਤਾ ’ਚ ਪੈ ਗਏ। ਪੁਲਸ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਤਕਨੀਕੀ ਟੀਮ ਨੇ ਜਾਂਚ ਸ਼ੁਰੂ ਕੀਤੀ। ਪੁਲਸ ਨੇ ਜੀਮੇਲ ਆਈ.ਡੀਜ਼ ਨਾਲ ਜੁੜੇ ਤਕਨੀਕੀ ਸੁਰਾਗਾਂ ਦੀ ਮੱਦਦ ਨਾਲ ਨੌਜਵਾਨਾਂ ਦੀ ਸਹੀ ਲੋਕੇਸ਼ਨ ਰਾਜਸਥਾਨ ’ਚ ਟਰੇਸ ਕੀਤੀ। ਇਸ ਤੋਂ ਬਾਅਦ ਖੰਨਾ ਪੁਲਸ ਨੇ ਰਾਜਸਥਾਨ ਪੁਲਸ ਨਾਲ ਸੰਪਰਕ ਕਰਕੇ ਲੋਕੇਸ਼ਨ ਸਾਂਝੀ ਕੀਤੀ। ਰਾਜਸਥਾਨ ਪੁਲਸ ਨੇ ਛਾਪੇਮਾਰੀ ਕਰਕੇ ਤਿੰਨਾਂ ਨੂੰ ਉਨ੍ਹਾਂ ਦੇ ਰਾਜਸਥਾਨ ਰਹਿੰਦੇ ਦੋਸਤ ਸ਼ਿਖਰ ਦੇ ਘਰੋਂ ਬਰਾਮਦ ਕਰ ਲਿਆ। ਐੱਸ.ਐੱਸ.ਪੀ. ਨੇ ਦੱਸਿਆ ਕਿ ਸੀ.ਡੀ.ਆਰ. ਵਿਸ਼ਲੇਸ਼ਣ ਅਤੇ ਆਈ.ਐੱਮ.ਈ.ਆਈ. ਸਰਚ ਸਮੇਤ ਵੱਖ-ਵੱਖ ਤਕਨੀਕੀ ਤਰੀਕਿਆਂ ਰਾਹੀਂ ਪੁਲਿਸ ਨੌਜਵਾਨਾਂ ਤੱਕ ਪਹੁੰਚੀ। ਜਾਂਚ ਦੌਰਾਨ ਆਨਲਾਈਨ ਗੇਮ ਨਾਲ ਜੁੜੀ ਪ੍ਰੋਫਾਈਲ ਅਤੇ ਜੀਮੇਲ ਤੋਂ ਮਿਲੇ ਆਈ.ਐੱਮ.ਈ.ਆਈ. ਨੰਬਰ ਨੇ ਵੀ ਪੁਲਸ ਦੀ ਮੱਦਦ ਕੀਤੀ। ਪੁਲਸ ਦੀ ਮੁੱਢਲੀ ਪੁੱਛਗਿੱਛ ’ਚ ਸਾਹਮਣੇ ਆਇਆ ਕਿ ਤਿੰਨੇ ਨੌਜਵਾਨ ਆਪਣੇ ਮਾਪਿਆਂ ਵੱਲੋਂ ਫ੍ਰੀ ਫਾਇਰ ਗੇਮ ਖੇਡਣ ਤੋਂ ਰੋਕਣ ਕਾਰਨ ਘਰੋਂ ਨਿਕਲੇ ਸਨ।
- Download Babushahi App
-
-