ਕੋਠੇ ਇੰਦਰ ਸਿੰਘ ਪ੍ਰਾਇਮਰੀ ਸਕੂਲ ਦੇ ਜੇਤੂ ਰਹਿ ਛੋਟੇ ਪਹਿਲਵਾਨਾਂ ਨੂੰ ਮਿਲੇਗਾ ਦੇਸੀ ਘਿਓ ਅਤੇ ਬਦਾਮ
ਅਸ਼ੋਕ ਵਰਮਾ
ਗੋਨਿਆਣਾ, 5 ਨਵੰਬਰ 2026 '
ਪਿੰਡ ਜਿੰਨਾ ਛੋਟਾ ਸਕੂਲ ਦੀਆਂ ਪ੍ਰਾਪਤੀਆਂ ਦੀ ਲਿਸਟ ਉਨੀ ਹੀ ਵੱਡੀ, ਖੇਡਾਂ ਵਿੱਚ ਹਰ ਵਾਰ ਓਵਰਆਲ ਟਰਾਫੀ ਤੇ ਕਾਬਜ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਦੇ ਵਿਦਿਆਰਥੀ ਇਸ ਵਾਰ ਫਿਰ ਬਲਾਕ ਪੱਧਰੀ ਖੇਡਾਂ ਵਿੱਚ ਛਾ ਗਏ ਹਨ। ਬਲਾਕ ਗੋਨਿਆਣਾ ਮੰਡੀ ਦੀਆਂ ਖੇਡਾਂ ਇਸ ਵਾਰ ਗੰਗਾ ਪਿੰਡ ਦੇ ਦਾ ਇਕਲਵਿਆ ਸਕੂਲ ਵਿਖੇ ਸੰਪੰਨ ਹੋਈਆਂ ਜਿਸ ਵਿੱਚ ਕੋਠੇ ਇੰਦਰ ਸਿੰਘ ਦੇ ਵਿਦਿਆਰਥੀ ਬਲਪ੍ਰੀਤ ਸਿੰਘ ਨੇ ਕੁਸ਼ਤੀ 30 ਕਿਲੋ ਮੁਕਾਬਲੇ ਵਿੱਚ ਪੂਰੇ ਬਲਾਕ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਹੀ ਰੱਸਾ ਕਸ਼ੀ ਮੁਕਾਬਲੇ ਵਿੱਚ ਵੀ ਕੋਠੇ ਇੰਦਰ ਸਿੰਘ ਅਤੇ ਦਾ ਇਕ ਲਵਿਆ ਸਕੂਲ ਦੀ ਸਾਂਝੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ। ਲੰਮੀ ਛਾਲ ਮੁਕਾਬਲੇ ਵਿੱਚ ਵੀ ਕੋਠੇ ਇੰਦਰ ਸਿੰਘ ਦੇ ਵਿਦਿਆਰਥੀ ਬਲਪ੍ਰੀਤ ਸਿੰਘ ਨੇ ਪੂਰੇ ਬਲਾਕ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ।
ਲੜਕੀਆਂ ਦੇ ਚੈਸ ਮੁਕਾਬਲੇ ਵਿੱਚ ਦੂਸਰਾ ਸਥਾਨ ਅਤੇ ਲੜਕਿਆਂ ਦੇ ਜਿਮਨਾਸਟਿਕ ਮੁਕਾਬਲੇ ਵਿੱਚ ਸਕੂਲ ਨੇ ਦੂਸਰਾ ਸਥਾਨ ਹਾਸਿਲ ਕਰਕੇ ਬਲਾਕ ਪੱਧਰ ਟੂਰਨਾਮੈਂਟ ਵਿੱਚ ਕੁੱਲ ਪੰਜ ਮੁਕਾਬਲੇ ਆਪਣੇ ਸਕੂਲ ਦੇ ਨਾਮ ਕਰ ਦਿੱਤੇ। ਵਿਦਿਆਰਥੀਆਂ ਦੇ ਟੀਮ ਇੰਚਾਰਜ ਅਧਿਆਪਕ ਰਾਜਿੰਦਰ ਸਿੰਘ ਅਤੇ ਸੁਮਨਲਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਵਿੱਚ ਜੇਤੂ ਵਿਦਿਆਰਥੀ ਅੱਗੇ ਭਾਈ ਰੂਪਾ ਵਿਖੇ ਜਿਲਾ ਪਧਰੀ ਖੇਡਾਂ ਵਿੱਚ ਭਾਗ ਲੈਣਗੇ। ਸਕੂਲ ਦੇ ਨੈਸ਼ਨਲ ਅਵਾਰਡੀ ਅਧਿਆਪਕ ਅਤੇ ਖਿਡਾਰੀਆਂ ਦੇ ਟੀਮ ਇੰਚਾਰਜ ਰਜਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਜਿਹੜੇ ਵੀ ਵਿਦਿਆਰਥੀ ਜ਼ਿਲਾ ਪੱਧਰੀ ਖੇਡਾਂ ਵਿੱਚ ਪੁਜੀਸ਼ਨਾਂ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕਰਨਗੇ ਉਹਨਾਂ ਨੂੰ ਸਕੂਲ ਵੱਲੋਂ ਦੇਸੀ ਘਿਓ ਅਤੇ ਬਦਾਮਾਂ ਦੇ ਇਨਾਮ ਦੇ ਕੇ ਸਨਮਾਨਿਤ ਕਰਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਜਾਵੇਗੀ। ਇਸ ਮੌਕੇ ਸਕੂਲ ਮੁਖੀ ਸ਼੍ਰੀਮਤੀ ਅਨੁਭਮ ਵੱਲੋਂ ਵੀ ਜੇਤੂ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਗਈ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ।