ਭਾਸ਼ਾ ਵਿਭਾਗ ਵੱਲੋਂ ਡਾ. ਨਵਦੀਪ ਕੌਰ ਦੀ ਕਾਵਿ-ਪੁਸਤਕ ‘ਅਹਿਲਿਆ’ ਦੀ ਸਰਵੋਤਮ ਕਾਵਿ-ਪੁਸਤਕ ਪੁਰਸਕਾਰ ਲਈ ਚੋਣ
ਅਸ਼ੋਕ ਵਰਮਾ
ਬਠਿੰਡਾ, 09 ਅਕਤੂਬਰ 2026:ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ, ਬਠਿੰਡਾ ਲਈ ਮਾਣ ਵਾਲੀ ਗੱਲ ਹੈ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 2026 ਦੇ ਸਰਵੋਤਮ ਪੰਜਾਬੀ ਪੁਸਤਕ ਪੁਰਸਕਾਰਾਂ ਦਾ ਐਲਾਨ ਕਰਦਿਆਂ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਪੁਰਸਕਾਰ ਪ੍ਰਸਿੱਧ ਪੰਜਾਬੀ ਲੇਖਿਕਾ ਡਾ. ਨਵਦੀਪ ਕੌਰ ਦੀ ਪੁਸਤਕ ‘ਅਹਿਲਿਆ’ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
‘ਅਹਿਲਿਆ’ ਇੱਕ ਬਿਰਤਾਂਤਕ ਕਵਿਤਾ ਹੈ, ਜਿਸ ਦੇ ਕੇਂਦਰ ਵਿੱਚ ਪੁਰਾਣ-ਕਥਾ ਨਾਲ ਜੁੜੀ ਅਹਿਲਿਆ ਦੀ ਕਹਾਣੀ ਹੈ। ਕਵਿਤਾ ਵਿੱਚ ਅਹਿਲਿਆ ਦੇ ਪਾਤਰ ਰਾਹੀਂ ਔਰਤ ਦੀ ਹੋਂਦ, ਉਸ ਦੀ ਅੰਦਰੂਨੀ ਸ਼ਕਤੀ, ਮੁਕਤੀ ਅਤੇ ਮਰਦ-ਪ੍ਰਧਾਨ ਸਮਾਜਿਕ ਵਿਵਸਥਾ ਨੂੰ ਚੁਣੌਤੀ ਦੇਣ ਵਾਲੇ ਪੱਖਾਂ ਨੂੰ ਪੇਸ਼ ਕੀਤਾ ਗਿਆ ਹੈ। ਲੇਖਿਕਾ ਨੇ ਅਹਿਲਿਆ ਦੀ ਕਥਾ ਨੂੰ ਸਮਕਾਲੀ ਸੰਦਰਭਾਂ ਨਾਲ ਜੋੜਦਿਆਂ ਔਰਤ ਦੀ ਆਪਣੀ ਪਹਿਚਾਣ, ਸਵੈ-ਨਿਰਭਰਤਾ ਅਤੇ ਆਤਮ-ਸਨਮਾਨ ਦੇ ਸਵਾਲਾਂ ਨੂੰ ਉਭਾਰਿਆ ਹੈ।
ਪੁਸਤਕ ਵਿੱਚ ਅਹਿਲਿਆ ਦੇ ਪਾਤਰ ਨੂੰ ਕੇਵਲ ਇੱਕ ਪੁਰਾਣੀ ਕਥਾ ਤੱਕ ਸੀਮਤ ਨਾ ਰੱਖਦਿਆਂ ਉਸ ਨੂੰ ਸਮਕਾਲੀ ਔਰਤ ਦੀ ਚੇਤਨਾ ਅਤੇ ਸੰਘਰਸ਼ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਗਿਆ ਹੈ। ਕਵਿਤਾ ਰਾਹੀਂ ਔਰਤ ਦੀ ਆਪਣੀ ਆਵਾਜ਼, ਆਪਣੇ ਫ਼ੈਸਲੇ ਅਤੇ ਆਪਣੀ ਹੋਂਦ ਨੂੰ ਸਵੀਕਾਰ ਕਰਨ ਦੀ ਲੋੜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕੀਤਾ ਗਿਆ ਹੈ।
ਡਾ. ਨਵਦੀਪ ਕੌਰ ਦੀ ਇਸ ਰਚਨਾ ਨੂੰ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਪੁਰਸਕਾਰ ਲਈ ਚੁਣਿਆ ਜਾਣਾ ਪੰਜਾਬੀ ਸਾਹਿਤ ਵਿੱਚ ਉਨ੍ਹਾਂ ਦੀ ਰਚਨਾਤਮਕ ਪਹੁੰਚ ਅਤੇ ਸਮਕਾਲੀ ਸਮਾਜਿਕ ਸਰੋਕਾਰਾਂ ਨਾਲ ਜੁੜੀ ਲਿਖਤ ਦੀ ਮਹੱਤਤਾ ਨੂੰ ਰੇਖਾਂਕਿਤ ਕਰਦਾ ਹੈ। ‘ਅਹਿਲਿਆ’ ਪੰਜਾਬੀ ਸਾਹਿਤ ਵਿੱਚ ਔਰਤ-ਕੇਂਦਰਿਤ ਚਿੰਤਨ ਅਤੇ ਨਵੀਂ ਦ੍ਰਿਸ਼ਟੀ ਨਾਲ ਪੁਰਾਣ-ਕਥਾ ਦੀ ਪੁਨਰ-ਵਿਆਖਿਆ ਕਰਨ ਵਾਲੀ ਮਹੱਤਵਪੂਰਨ ਰਚਨਾ ਵਜੋਂ ਸਾਹਮਣੇ ਆਉਂਦੀ ਹੈ।
ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾ. ਨਵਦੀਪ ਕੌਰ ਨੂੰ ਇਸ ਮਾਣਮੱਤੇ ਸਨਮਾਨ ਲਈ ਹਾਰਦਿਕ ਵਧਾਈ ਦਿੱਤੀ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਇਸੇ ਤਰ੍ਹਾਂ ਨਿਰੰਤਰ ਯਤਨਸ਼ੀਲ ਰਹਿਣ ਦੀ ਅਪੀਲ ਕੀਤੀ। ਇਸ ਪੁਰਸਕਾਰ ’ਚ ਇਨਾਮੀ ਰਾਸ਼ੀ 31,000/- ਦੇ ਨਾਲ-ਨਾਲ ਇਕ ਦੋਸ਼ਾਲਾ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਇਹ ਪੁਰਸਕਾਰ ਸਾਲ 2025 ‘ਚ ਛਪੀਆਂ ਪੰਜਾਬੀ ਭਾਸ਼ਾ ਦੀਆਂ ਵੱਖ-ਵੱਖ ਵੰਨਗੀਆਂ ਨਾਲ ਸਬੰਧਤ 10 ਸਰਵੋਤਮ ਪੰਜਾਬੀ ਪੁਸਤਕਾਂ ਨੂੰ ਦਿੱਤੇ ਜਾਣਗੇ।
ਡਾ. ਨਵਦੀਪ ਕੌਰ ਇਸ ਸਮੇਂ ਪੋਸਟ ਗ੍ਰੈਜੂਏਟ ਸਟਡੀਜ਼ ਵਿਭਾਗ, ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ, ਬਠਿੰਡਾ ਵਿਖੇ ਬਤੌਰ ਮੁਖੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੀ ਇਸ ਵੱਡੀ ਸਾਹਿਤਕ ਉਪਲਬਧੀ ਨਾਲ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ, ਬਠਿੰਡਾ ਦਾ ਨਾਮ ਰੌਸ਼ਨ ਹੋਇਆ ਹੈ। ਅਧਿਆਪਕਾਂ, ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਡਾ. ਨਵਦੀਪ ਕੌਰ ਨੂੰ ਇਸ ਵਿਸ਼ੇਸ਼ ਪ੍ਰਾਪਤੀ ਲਈ ਹਾਰਦਿਕ ਵਧਾਈਆਂ ਅਤੇ ਉਨ੍ਹਾਂ ਦੇ ਉੱਜਵਲ ਸਾਹਿਤਕ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਹਨ।