ਬੱਲ੍ਹੋ ਵਾਸੀਆਂ ਵੱਲੋਂ ਨਸ਼ਾ ਤਸਕਰਾਂ ਦੇ ਸਮਾਜਿਕ ਬਾਈਕਾਟ ਅਤੇ ਜਮਾਨਤ ਨਾ ਕਰਵਾਉਣ ਦਾ ਐਲਾਨ
ਅਸ਼ੋਕ ਵਰਮਾ
ਰਾਮਪੁਰਾ ਫੂਲ, 9 ਅਕਤੂਬਰ:ਇੱਥੋਂ ਨੇੜਲੇ ਪਿੰਡ ਬੱਲ੍ਹੋ ਵਿਖੇ ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਪਿੰਡ ਦੀ ਯੂਥ ਲਾਇਬਰੇਰੀ ਵਿਖੇ ਗ੍ਰਾਮ ਪੰਚਾਇਤ ਅਤੇ ਵੀ.ਡੀ.ਸੀ. (ਗ੍ਰਾਮ ਸੁਰੱਖਿਆ ਕਮੇਟੀ) ਦੀ ਇੱਕ ਭਾਰੀ ਤੇ ਹੰਗਾਮੀ ਸਾਂਝੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਮੀਤ ਪ੍ਰਧਾਨ ਹਿੰਮਤ ਸਿੰਘ ਖ਼ਾਲਸਾ ਨੇ ਸ਼ਿਰਕਤ ਕੀਤੀ, ਜਦਕਿ ਮੀਟਿੰਗ ਦੀ ਪ੍ਰਧਾਨਗੀ ਪਿੰਡ ਦੀ ਸਰਪੰਚ ਅਮਰਜੀਤ ਕੌਰ ਨੇ ਕੀਤੀ।ਇਸ ਇਕੱਠ ਨੂੰ ਸੰਬੋਧਨ ਕਰਦਿਆਂ ਮੀਤ ਪ੍ਰਧਾਨ ਹਿੰਮਤ ਸਿੰਘ ਖ਼ਾਲਸਾ ਨੇ ਕਿਹਾ ਕਿ ਨਸ਼ਾ ਸਾਡੀ ਜਵਾਨੀ ਅਤੇ ਪੰਜਾਬ ਦੀ ਆਣ-ਬਾਣ ਨੂੰ ਢਾਹ ਲਾ ਰਿਹਾ ਹੈ। ਇਸ ਲਾਹਨਤ ਦਾ ਖ਼ਾਤਮਾ ਕਰਨ ਲਈ ਹਰ ਨਾਗਰਿਕ ਨੂੰ ਇੱਕਜੁੱਟ ਹੋ ਕੇ ਸੰਗਰਾਮ ਲੜਨਾ ਪਵੇਗਾ।
ਉਨ੍ਹਾਂ ਕਿਹਾ, "ਮੌਜੂਦਾ ਸਰਕਾਰ ਨਸ਼ਿਆਂ ਦੇ ਖ਼ਾਤਮੇ ਲਈ ਪੂਰੀ ਤਨਦੇਹੀ ਨਾਲ ਲੱਗੀ ਹੋਈ ਹੈ। ਸੂਬੇ ਵਿੱਚ ਵੱਡੇ-ਵੱਡੇ ਨਸ਼ਾ ਸਮੱਗਲਰਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਧੱਕ ਕੇ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਹਨ। ਹੁਣ ਵੇਲਾ ਆ ਗਿਆ ਹੈ ਕਿ ਪਿੰਡ-ਪਿੰਡ ਪਹਿਰਾ ਦੇ ਕੇ ਨਸ਼ਾ ਤਸਕਰਾਂ ਦੀਆਂ ਜੜ੍ਹਾਂ ਵੱਢੀਆਂ ਜਾਣ।"
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਰਪੰਚ ਅਮਰਜੀਤ ਕੌਰ ਨੇ ਐਲਾਨ ਕੀਤਾ ਕਿ ਗ੍ਰਾਮ ਪੰਚਾਇਤ ਬੱਲ੍ਹੋ ਅਤੇ ਵੀ.ਡੀ.ਸੀ. ਕਮੇਟੀ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਦਾ ਪੂਰਨ ਸਮਾਜਿਕ ਬਾਇਕਾਟ ਕਰੇਗੀ। ਕਿਸੇ ਵੀ ਨਸ਼ਾ ਤਸਕਰ ਦੀ ਪੰਚਾਇਤੀ ਮਦਦ ਜਾਂ ਜ਼ਮਾਨਤ ਨਹੀਂ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਨਸ਼ੇ ਦੀ ਗ੍ਰਿਫ਼ਤ ਵਿੱਚ ਆਏ ਨੌਜਵਾਨਾਂ ਦਾ ਸਰਕਾਰੀ ਮਦਦ ਨਾਲ ਮੁਫ਼ਤ ਇਲਾਜ ਕਰਵਾ ਕੇ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਵਾਪਸ ਲਿਆਂਦਾ ਜਾਵੇਗਾ।
ਮੀਟਿੰਗ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਯੂਥ ਲਾਇਬਰੇਰੀ ਨੂੰ ਹੋਰ ਅਮੀਰ ਬਣਾ ਕੇ ਨੌਜਵਾਨਾਂ ਦੀ ਊਰਜਾ ਨੂੰ ਕਿਤਾਬਾਂ, ਗਿਆਨ ਅਤੇ ਖੇਡਾਂ ਵੱਲ ਮੋੜਿਆ ਜਾਵੇਗਾ। ਇਸ ਮੌਕੇ ਬਲਾਕ ਕੋਆਡੀਨੇਟਰ ਮਨਦੀਪ ਸਿੰਘ ,ਚੌਂਕੀ ਇੰਚਾਰਜ ਗੁਰਸੇਵਕ ਸਿੰਘ ,ਪੰਚ ਹਾਕਮ ਸਿੰਘ ,ਰਾਮ ਸਿੰਘ .ਕਰਮਜੀਤ ਸਿੰਘ ,ਹਰਬੰਸ ਸਿੰਘ ,ਰਾਜਵੀਰ ਕੌਰ, ਹਰਵਿੰਦਰ ਕੌਰ ,ਪਰਮਜੀਤ ਕੌਰ ,ਗੁਰਲਾਲ ਸਿੰਘ ਪਰਮਜੀਤ ਸਿੰਘ ਭੁੱਲਰ ਪੰਚਾਇਤ ਸਕੱਤਰ ਅਤੇ ਬਲਵਿੰਦਰ ਸਿੰਘ ਹਾਜ਼ਰ ਸਨ