. ਭੁਲੱਥ ਵਿਖੇ 'ਖੇਡਾਂ ਵਤਨ ਪੰਜਾਬ ਦੀਆਂ' ਵਿੱਚ ਦਾਦੀ-ਪੋਤੇ ਦੀ ਜੋੜੀ ਨੇ ਲੁੱਟਿਆ ਮੇਲਾ
65 ਸਾਲਾ ਗੁਰਬਖਸ਼ ਕੌਰ ਨੇ 200 ਮੀਟਰ ਦੌੜ ਲਗਾਈ, 14 ਸਾਲਾ ਪੋਤੇ ਜੋਬਨਪ੍ਰੀਤ ਨੇ 60 ਮੀਟਰ ਦੌੜ ਵਿੱਚ ਲਿਆ ਹਿੱਸਾ
ਭੁਲੱਥ, 14 ਸਤੰਬਰ: ਭੁਲੱਥ ਸਬ-ਡਿਵੀਜ਼ਨ ਵਿਖੇ ਬਲਾਕ ਪੱਧਰੀ 'ਖੇਡਾਂ ਵਤਨ ਪੰਜਾਬ ਦੀਆਂ' ਦੌਰਾਨ ਇੱਕ ਦਿਲ ਖਿੱਚਵਾਂ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਸਰਕਾਰੀ ਹਾਈ ਸਕੂਲ ਖੱਸਣ ਵਿਖੇ 65 ਸਾਲਾ ਗੁਰਬਖਸ਼ ਕੌਰ ਨੇ 200 ਮੀਟਰ ਦੌੜ ਵਿੱਚ ਹਿੱਸਾ ਲਿਆ, ਜਦਕਿ ਉਨ੍ਹਾਂ ਦੇ 14 ਸਾਲਾ ਪੋਤੇ ਸਲਾਮਤਪੁਰ ਵਾਸੀ ਜੋਬਨਪ੍ਰੀਤ ਨੇ 60 ਮੀਟਰ ਦੌੜ ਵਿੱਚ ਹਿੱਸਾ ਲਿਆ। ਇਸ ਖੇਡ ਮੁਕਾਬਲੇ ਵਿੱਚ ਦਾਦੀ ਅਤੇ ਪੋਤੇ ਦੀ ਸ਼ਮੂਲੀਅਤ ਦਿਨ ਦਾ ਇੱਕ ਖਾਸ ਪਲ ਬਣ ਗਈ। ਜਿੱਥੇ ਜੋਬਨਪ੍ਰੀਤ ਨੇ ਜਵਾਨੀ ਦੀ ਊਰਜਾ ਦਾ ਪ੍ਰਦਰਸ਼ਨ ਕੀਤਾ, ਉੱਥੇ ਹੀ ਗੁਰਬਖਸ਼ ਕੌਰ ਨੇ ਇਹ ਦਿਖਾਇਆ ਕਿ ਉਮਰ ਸਿਰਫ਼ ਇੱਕ ਅੰਕੜਾ ਹੈ ਅਤੇ ਤੰਦਰੁਸਤ ਰਹਿਣ ਅਤੇ ਖੇਡਾਂ ਵਿੱਚ ਹਿੱਸਾ ਲੈਣ ਲਈ ਕੋਈ ਰੁਕਾਵਟ ਨਹੀਂ ਹੈ। ਗੁਰਬਖਸ਼ ਕੌਰ ਨੇ ਦੱਸਿਆ ਕਿ ਉਹ ਆਪਣੇ ਸਕੂਲ ਦੇ ਦਿਨਾਂ ਵਿੱਚ ਦੌੜਿਆ ਕਰਦੀ ਸੀ ਅਤੇ ਇੱਕ ਪੁਲਿਸ ਅਧਿਕਾਰੀ ਬਣਨਾ ਚਾਹੁੰਦੀ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਨ੍ਹਾਂ ਕਿਹਾ ਕਿ ਆਪਣੇ ਪੋਤੇ ਦੇ ਮੁਕਾਬਲੇ ਵਿੱਚ ਹਿੱਸਾ ਲੈਣ ਦੇ ਨਾਲ-ਨਾਲ ਇਸ ਈਵੈਂਟ ਵਿੱਚ ਭਾਗ ਲੈਣਾ ਇੱਕ ਖੁਸ਼ੀ ਭਰਿਆ ਤਜਰਬਾ ਸੀ ਅਤੇ ਇਸਨੇ ਉਨ੍ਹਾਂ ਨੂੰ ਇਹ ਸੁਨੇਹਾ ਫੈਲਾਉਣ ਦਾ ਮੌਕਾ ਦਿੱਤਾ ਕਿ ਖੇਡਾਂ ਲਈ ਉਮਰ ਦੀ ਕੋਈ ਹੱਦ ਨਹੀਂ ਹੁੰਦੀ। ਉਨ੍ਹਾਂ ਨੇ 'ਖੇਡਾਂ ਵਤਨ ਪੰਜਾਬ ਦੀਆਂ' ਕਰਵਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਹਰ ਉਮਰ ਦੇ ਲੋਕਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ, ਤੰਦਰੁਸਤ ਰਹਿਣ ਅਤੇ ਦੂਜਿਆਂ ਨੂੰ ਪ੍ਰੇਰਿਤ ਕਰਨ ਦਾ ਮੌਕਾ ਦਿੰਦਾ ਹੈ। ਉਨ੍ਹਾਂ ਨੇ ਪੀੜ੍ਹੀਆਂ ਨੂੰ ਇੱਕਠੇ ਲਿਆਉਣ ਅਤੇ ਮੁਕਾਬਲੇ ਤੋਂ ਪਰੇ ਯਾਦਗਾਰੀ ਪਲ ਸਿਰਜਣ ਲਈ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਸ ਖੇਡ ਮੇਲੇ ਨੇ ਵੱਖ-ਵੱਖ ਉਮਰ ਵਰਗਾਂ ਦੇ ਭਾਗੀਦਾਰਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ, ਜਿਨ੍ਹਾਂ ਵਿੱਚ ਅੰਡਰ-14, ਅੰਡਰ-17, ਅੰਡਰ-21, 21-30, 31-40, 41-50, 51-60, 61-70 ਅਤੇ 70 ਸਾਲ ਤੋਂ ਵੱਧ ਉਮਰ ਦੇ ਵਰਗ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇੰਨੇ ਵੱਖ-ਵੱਖ ਉਮਰ ਵਰਗਾਂ ਦੇ ਲੋਕਾਂ ਦੀ ਸ਼ਮੂਲੀਅਤ ਇੱਕ ਅਜਿਹਾ ਵਿਲੱਖਣ ਖੇਡ ਮਾਹੌਲ ਸਿਰਜਣ ਵਿੱਚ ਮਦਦ ਕਰ ਰਹੀ ਹੈ ਜਿੱਥੇ ਬੱਚੇ, ਨੌਜਵਾਨ ਅਤੇ ਬਜ਼ੁਰਗ ਹਿੱਸਾ ਲੈ ਸਕਦੇ ਹਨ, ਮੁਕਾਬਲਾ ਕਰ ਸਕਦੇ ਹਨ ਅਤੇ ਇੱਕ-ਦੂਜੇ ਨੂੰ ਪ੍ਰੇਰਿਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ 'ਖੇਡਾਂ ਵਤਨ ਪੰਜਾਬ ਦੀਆਂ' ਸੂਬਾ ਸਰਕਾਰ ਦਾ ਇੱਕ ਅਭਿਲਾਸ਼ੀ ਪ੍ਰੋਗਰਾਮ ਹੈ, ਜਿਸਦਾ ਮਕਸਦ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਗਤੀਵਿਧੀਆਂ ਵੱਲ ਲਗਾਉਣਾ ਅਤੇ ਉਨ੍ਹਾਂ ਨੂੰ ਨਸ਼ਿਆਂ ਦੀ ਲਾਹਣਤ ਤੋਂ ਦੂਰ ਰਹਿਣ ਲਈ ਉਤਸ਼ਾਹਿਤ ਕਰਨਾ ਹੈ। ਜ਼ਿਲ੍ਹਾ ਖੇਡ ਅਫ਼ਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ 38 ਖੇਡਾਂ, ਇੱਕ ਪ੍ਰਦਰਸ਼ਨੀ ਖੇਡ, ਟੈਨਿਸ ਬਾਲ ਕ੍ਰਿਕਟ, ਅਤੇ ਚਾਰ ਪੈਰਾ ਖੇਡਾਂ ਦੇ ਮੁਕਾਬਲੇ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ 'ਤੇ ਨੌਂ ਉਮਰ ਵਰਗਾਂ ਵਿੱਚ ਕਰਵਾਏ ਜਾ ਰਹੇ ਹਨ। ਲੜਕੇ ਅਤੇ ਲੜਕੀਆਂ ਲਈ ਵੱਖਰੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਤੂਆਂ ਨੂੰ ਗ੍ਰੇਡੇਸ਼ਨ ਸਰਟੀਫਿਕੇਟਾਂ ਦੇ ਨਾਲ-ਨਾਲ 12 ਕਰੋੜ ਰੁਪਏ ਤੋਂ ਵੱਧ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
- Download Babushahi App
-
-