ਸ਼ਹਿਰ ਵਾਸੀਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਲੈ ਕੇ ਅਜੈਵੀਰ ਸਿੰਘ ਲਾਲਪੁਰਾ ਨੇ ਕੇਂਦਰੀ ਰੇਲ ਮੰਤਰੀ ਨੂੰ ਲਿਖਿਆ ਪੱਤਰ, ਵੰਦੇ ਭਾਰਤ ਐਕਸਪ੍ਰੈੱਸ ਦਾ ਰੋਪੜ ਰੇਲਵੇ ਸਟੇਸ਼ਨ ’ਤੇ ਠਹਿਰਾਅ ਦੇਣ ਦੀ ਕੀਤੀ ਮੰਗ
ਮਨਪ੍ਰੀਤ ਸਿੰਘ
ਰੂਪਨਗਰ 15 ਸਤੰਬਰ
ਰੂਪਨਗਰ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਬਿਹਤਰ ਅਤੇ ਤੇਜ਼ ਰੇਲ ਸਹੂਲਤ ਮੁਹੱਈਆ ਕਰਵਾਉਣ ਦੀ ਮੰਗ ਨੂੰ ਅੱਗੇ ਵਧਾਉਂਦਿਆਂ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕੇਂਦਰੀ ਰੇਲ ਮੰਤਰੀ ਨੂੰ ਪੱਤਰ ਲਿਖ ਕੇ ਨਵੀਂ ਦਿੱਲੀ–ਅੰਬ ਅੰਦੌਰਾ–ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ (ਟਰੇਨ ਨੰਬਰ 22447/22448) ਦਾ ਰੋਪੜ (RPAR) ਰੇਲਵੇ ਸਟੇਸ਼ਨ ’ਤੇ ਨਿਰਧਾਰਤ ਠਹਿਰਾਅ ਦੇਣ ਦੀ ਮੰਗ ਕੀਤੀ ਹੈ।
ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਰੂਪਨਗਰ ਪੰਜਾਬ ਦਾ ਮਹੱਤਵਪੂਰਨ ਜ਼ਿਲ੍ਹਾ ਹੈ ਅਤੇ ਇੱਥੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਵਿਦਿਆਰਥੀ, ਵਪਾਰੀ, ਨੌਕਰੀਪੇਸ਼ਾ ਲੋਕ, ਉਦਯੋਗਾਂ ਨਾਲ ਜੁੜੇ ਵਿਅਕਤੀ, ਸੀਨੀਅਰ ਸਿਟੀਜ਼ਨ ਅਤੇ ਹੋਰ ਯਾਤਰੀ ਚੰਡੀਗੜ੍ਹ, ਦਿੱਲੀ ਅਤੇ ਹੋਰ ਸ਼ਹਿਰਾਂ ਵੱਲ ਸਫ਼ਰ ਕਰਦੇ ਹਨ। ਵੰਦੇ ਭਾਰਤ ਵਰਗੀ ਤੇਜ਼ ਅਤੇ ਆਧੁਨਿਕ ਰੇਲ ਸੇਵਾ ਦਾ ਰੋਪੜ ਵਿਖੇ ਠਹਿਰਾਅ ਹੋਣ ਨਾਲ ਇਨ੍ਹਾਂ ਯਾਤਰੀਆਂ ਨੂੰ ਵੱਡੀ ਸਹੂਲਤ ਮਿਲ ਸਕਦੀ ਹੈ।
ਉਨ੍ਹਾਂ ਕਿਹਾ ਕਿ ਵੰਦੇ ਭਾਰਤ ਐਕਸਪ੍ਰੈੱਸ ਪਹਿਲਾਂ ਹੀ ਚੰਡੀਗੜ੍ਹ ਤੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਜਾਂਦਿਆਂ ਰੂਪਨਗਰ ਵਾਲੇ ਰੇਲ ਮਾਰਗ ਤੋਂ ਲੰਘਦੀ ਹੈ। ਇਸ ਲਈ ਰੋਪੜ ਰੇਲਵੇ ਸਟੇਸ਼ਨ ’ਤੇ ਢੁੱਕਵਾਂ ਨਿਰਧਾਰਤ ਠਹਿਰਾਅ ਦਿੱਤੇ ਜਾਣ ਦੀ ਮੰਗ ਲੋਕ ਹਿੱਤ ਨਾਲ ਸਿੱਧੇ ਤੌਰ ’ਤੇ ਜੁੜੀ ਹੋਈ ਹੈ।
ਲਾਲਪੁਰਾ ਨੇ ਕਿਹਾ ਕਿ ਰੂਪਨਗਰ ਜ਼ਿਲ੍ਹਾ ਸਿੱਖਿਆ, ਉਦਯੋਗ, ਵਪਾਰ, ਧਾਰਮਿਕ ਅਤੇ ਸੈਰ-ਸਪਾਟਾ ਪੱਖੋਂ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਰੋਪੜ ਵਿਖੇ ਵੰਦੇ ਭਾਰਤ ਦਾ ਠਹਿਰਾਅ ਹੋਣ ਨਾਲ ਸਿਰਫ਼ ਸ਼ਹਿਰ ਹੀ ਨਹੀਂ, ਸਗੋਂ ਆਸ-ਪਾਸ ਦੇ ਵੱਡੇ ਖੇਤਰ ਦੇ ਯਾਤਰੀਆਂ ਨੂੰ ਵੀ ਇਸ ਸੇਵਾ ਦਾ ਸਿੱਧਾ ਲਾਭ ਮਿਲੇਗਾ ਅਤੇ ਕੌਮੀ ਰਾਜਧਾਨੀ ਨਾਲ ਸੰਪਰਕ ਹੋਰ ਸੁਖਾਲਾ ਹੋਵੇਗਾ।
ਉਨ੍ਹਾਂ ਰੇਲ ਮੰਤਰਾਲੇ ਨੂੰ ਅਪੀਲ ਕੀਤੀ ਕਿ ਯਾਤਰੀਆਂ ਦੀ ਸੰਭਾਵਿਤ ਗਿਣਤੀ, ਰੂਪਨਗਰ ਸਟੇਸ਼ਨ ਦੇ ਕੈਚਮੈਂਟ ਏਰੀਏ ਅਤੇ ਸੰਚਾਲਨ ਸਬੰਧੀ ਸੰਭਾਵਨਾਵਾਂ ਦਾ ਅਧਿਐਨ ਕਰਵਾ ਕੇ ਇਸ ਮੰਗ ’ਤੇ ਪਹਿਲ ਦੇ ਆਧਾਰ ’ਤੇ ਸਕਾਰਾਤਮਕ ਫ਼ੈਸਲਾ ਲਿਆ ਜਾਵੇ।
ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ, “ਰੋਪੜ ਦੇ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਸਬੰਧਤ ਸਰਕਾਰ ਅਤੇ ਵਿਭਾਗਾਂ ਤੱਕ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਹੈ। ਵੰਦੇ ਭਾਰਤ ਦਾ ਰੋਪੜ ਵਿਖੇ ਠਹਿਰਾਅ ਇਲਾਕੇ ਦੀ ਕਨੈਕਟੀਵਿਟੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਵਪਾਰ, ਸਿੱਖਿਆ ਅਤੇ ਸੈਰ-ਸਪਾਟੇ ਲਈ ਵੀ ਲਾਭਕਾਰੀ ਸਾਬਤ ਹੋਵੇਗਾ।”
- Download Babushahi App
-
-