ਬਠਿੰਡਾ ਵਿਖੇ ਲੱਗੇ ਪੱਕੇ ਮੋਰਚੇ ਨੂੰ ਮਿਲਣ ਲੱਗੀ ਹਰਿਆਣਾ ਦੇ ਕਿਸਾਨਾਂ ਦੀ ਡਟਵੀਂ ਹਮਾਇਤ
ਅਸ਼ੋਕ ਵਰਮਾ
ਬਠਿੰਡਾ, 7 ਸਤੰਬਰ 2026 : ਨੌਂ ਦਿਨਾਂ ਤੂੰ ਚੱਲ ਰਹੇ ਕਿਸਾਨਾਂ ਦੀਆਂ ਭਖਦੀਆਂ 13 ਮੰਗਾਂ ਸਬੰਧੀ ਬਠਿੰਡਾ ਕਿਸਾਨ ਪੱਕੇ ਮੋਰਚੇ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਕਮੇਟੀ ਮੈਂਬਰ ਬਲਜੀਤ ਸਿੰਘਪੁਰਾ ਅਤੇ ਭੁਪਿੰਦਰ ਸਿੰਘ ਡੱਬਵਾਲੀ ਨੇ ਕਿਸਾਨ ਕਾਫਲੇ ਸਮੇਤ ਪਹੁੰਚ ਕੇ ਪੰਜਾਬ ਦੇ ਕਿਸਾਨਾਂ ਦੀ ਭਾਈਚਾਰਕ ਸਾਂਝ ਹੋਰ ਤਕੜਾਈ ਕਰਨ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਹਰਿਆਣਾ ਤੇ ਪੰਜਾਬ ਜਾਂ ਇਲਾਕਿਆਂ ਦੀ ਸਾਂਝ ਨੂੰ ਖਿੰਡਾਉਣ ਲਈ ਸਰਕਾਰਾਂ ਵੱਲੋਂ ਆਪਣੇ ਸੌੜੀ ਸਿਆਸਤ ਰਾਹੀਂ ਸਿਰਫ ਵੋਟਾਂ ਪੱਕੀਆਂ ਕਰਨ ਵਾਸਤੇ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਜਿਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਜਿਲਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ 9 ਸਤੰਬਰ ਨੂੰ ਇਨਕਲਾਬੀ ਲੋਕ ਕਵੀ ਅਵਤਾਰ ਸਿੰਘ ਪਾਸ਼ ਦਾ ਜਨਮ ਦਿਹਾੜਾ ਪਾਸ਼ ਯਾਦਗਾਰੀ ਕਮੇਟੀ ਵੱਲੋਂ ਉਹਨਾਂ ਦੇ ਪਿੰਡ ਤਲਵੰਡੀ ਸਲੇਮ (ਜਲੰਧਰ) ਵਿਖੇ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਜ਼ਿਲ੍ਹਾ ਬਠਿੰਡਾ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਔਰਤਾਂ ਸ਼ਾਮਿਲ ਹੋਣਗੇ।
ਉਹਨਾਂ ਕਿਹਾ ਕਿ ਦੇਸ਼ ਦੇ ਲੋਕਾਂ ਵਿੱਚ ਤੇ ਹਿੱਤ ਵਿੱਚ ਲਿਖਣ ਵਾਲੇ, ਕੁਰਬਾਨ ਹੋਣ ਵਾਲੇ ਸ਼ਹੀਦਾਂ ਦੀਆਂ ਯਾਦਗਾਰਾਂ ਲੋਕਾਂ ਦੀਆਂ ਸਰਮਾਇਆ ਹੁੰਦੀਆਂ ਹਨ ਪਰ ਲਗਭਗ ਚਾਰ ਦਹਾਕਿਆਂ ਤੋਂ ਅਵਤਾਰ ਪਾਸ਼ ਅਤੇ ਹੰਸਾ ਸਿੰਘ ਦੀਆਂ ਯਾਦਗਾਰਾਂ ਬਣੀਆਂ ਹੋਈਆਂ ਹਨ ਜਿਨਾਂ ਨੂੰ ਮੌਜੂਦਾ ਆਮ ਆਦਮੀ ਦੀ ਭਗਵੰਤ ਮਾਨ ਦੀ ਸਰਕਾਰ ਦੇ ਸਰਪੰਚ ਅਤੇ ਹੋਰ ਆਗੂਆਂ ਵੱਲੋਂ ਮਿਟਾਉਣ ਦਾ ਯਤਨ ਕੀਤਾ ਜਾ ਰਿਹਾ ਸੀ ਪਰ ਲੋਕਾਂ ਦੇ ਹਰਮਨ ਪਿਆਰੇ ਕਵੀ ਦੀਆਂ ਯਾਦਗਾਰਾਂ ਨੂੰ ਲੋਕ ਕਿਸੇ ਹਾਲਤ ਵਿੱਚ ਆਂਚ ਨਹੀਂ ਆਉਣ ਦੇਣਗੇ ਤੇ ਵੱਡੀ ਗਿਣਤੀ ਵਿੱਚ ਨੌਂ ਸਤੰਬਰ ਨੂੰ ਤਲਵੰਡੀ ਸਲੇਮ ਪਹੁੰਚਣਗੇ।ਉਨਾਂ ਹੋਰ ਸਮੂਹ ਕਿਰਤੀ ਲੋਕਾਂ ਨੂੰ ਵੀ 9 ਸਤੰਬਰ ਨੂੰ ਸਲੇਮ ਪਹੁੰਚਣ ਦਾ ਸੱਦਾ ਦਿੱਤਾ। ਅੱਜ ਦੇ ਇਕੱਠ ਨੂੰ ਜਸਪਾਲ ਸਿੰਘ ਕੋਠਾ ਗੁਰੂ, ਰਾਮ ਸਿੰਘ ਕੋਟਗੁਰੂ, ਪਰਮਜੀਤ ਕੌਰ ਪਿੱਥੋ ਅਤੇ ਹਰਪ੍ਰੀਤ ਕੌਰ ਜੇਠੂਕੇ ਨੇ ਵੀ ਸੰਬੋਧਨ ਕੀਤਾ।