ਪਿੰਡ ਬੁਰਜ ਸੇਮਾ ਸਕੂਲ ਦੇ ਮਾਮਲੇ ਸਬੰਧੀ ਦੋ ਪਿੰਡਾਂ ਦੇ ਲੋਕਾਂ ਵੱਲੋਂ ਧਰਨਾ ਲਾਉਣ ਦਾ ਐਲਾਨ
ਅਸ਼ੋਕ ਵਰਮਾ
ਮੌੜ ਮੰਡੀ, 23 ਅਗਸਤ 2026: ਪਿੰਡ ਬੁਰਜ ਸੇਮਾ ਦੇ ਮਿਡਲ ਤੋਂ ਅਪਗਰੇਡ ਹੋਏ ਸਰਕਾਰੀ ਸਕੂਲ ਨੂੰ ਫੰਕਸ਼ਨਲ ਕਰਾਉਣ ਅਤੇ ਅਧਿਆਪਕਾਂ ਦੀ ਕਮੀ ਪੂਰੀ ਕਰਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪਿੰਡ ਬੁਰਜ ਸੇਮਾ ਤੇ ਬੰਗੇਹਰ ਮੁਹੱਬਤ ਦੇ ਪਿੰਡ ਵਾਸੀਆਂ ਵੱਲੋਂ 25 ਅਗਸਤ ਨੂੰ ਸਕੂਲ ਅੱਗੇ ਧਰਨਾ ਲਾਇਆ ਜਾਵੇਗਾ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਬੁਰਜ ਸੇਮਾ ਨੇ ਦੱਸਿਆ ਕਿ ਪਿੰਡ ਦੇ ਇਸ ਸਰਕਾਰੀ ਸਕੂਲ ਨੂੰ ਮਿਡਲ ਤੋਂ ਅਪਗਰੇਡ ਹੋਇਆਂ ਤਾਂ ਸਰਕਾਰੀ ਹਾਈ ਸਕੂਲ ਨੂੰ ਪੰਜ ਸਾਲ ਹੋ ਗਏ ਹਨ ਪਰ ਇਸ ਨੂੰ ਫੰਕਸ਼ਨਲ ਨਹੀਂ ਕੀਤਾ ਗਿਆ ਅਤੇ ਨਾ ਹੀ ਪੋਸਟਾਂ ਭੇਜੀਆਂ ਹਨ । ਹੁਣ ਇਸ ਸਕੂਲ ਵਿੱਚ ਦੋ ਸਰਕਾਰੀ ਅਧਿਆਪਕ ਰੈਗੂਲਰ ਹਨ ਜੋ ਛੇਵੀਂ ਤੋਂ ਦਸਵੀਂ ਕਲਾਸ ਦੇ ਬੱਚਿਆਂ ਨੂੰ ਪੜਾ ਰਹੇ ਹਨ ਜਦਕਿ ਬਾਕੀ ਅਸਾਮੀਆਂ ਖਾਲੀ ਪਈਆਂ ਹਨ ਜਿਸ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।
ਉਹਨਾਂ ਕਿਹਾ ਕਿ ਪਿੰਡ ਦੀ ਪੰਚਾਇਤ ਅਤੇ ਹੋਰ ਮੋਹਤਬਰਾਂ ਵੱਲੋਂ ਸਕੂਲ ਨੂੰ ਫੰਕਸ਼ਨਲ ਕਰਾਉਣ ਅਤੇ ਅਧਿਆਪਕਾਂ ਦੀਆਂ ਅਸਾਮੀਆਂ ਪੂਰੀਆਂ ਕਰਾਉਣ ਲਈ ਕਈ ਵਾਰ ਜਿਲਾ ਸਿੱਖਿਆ ਅਫਸਰ ਅਤੇ ਚੰਡੀਗੜ੍ਹ ਦੇ ਉਚੇਰੇ ਸਿੱਖਿਆ ਅਫਸਰਾਂ ਨੂੰ ਮਿਲਿਆ ਜਾ ਚੁੱਕਾ ਹੈ ਪਰ ਹਾਲੇ ਤੱਕ ਸਰਕਾਰ ਜਾਂ ਸਿੱਖਿਆ ਵਿਭਾਗ ਵੱਲੋਂ ਸਕੂਲ ਨਾਲ ਸੰਬੰਧਿਤ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਜਿਸ ਤੋਂ ਮਜਬੂਰ ਹੋ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਕੂਲ ਵਿੱਚ ਧਰਨਾ ਲਾਇਆ ਜਾਵੇਗਾ ਉਹਨਾਂ ਕਿਹਾ ਕਿ ਇਸ ਧਰਨੇ ਦੀ ਤਿਆਰੀ ਲਈ ਅੱਜ ਪਿੰਡ ਵਿੱਚ ਘਰ ਘਰ ਸਨੇਹੇ ਲਾਏ ਗਏ। ਅੱਜ ਇਸ ਦੀ ਤਿਆਰੀ ਵਿੱਚ ਨਾਜਰ ਸਿੰਘ, ਰਾਮ ਸਿੰਘ, ਨੈਬ ਸਿੰਘ, ਗੁਰਦੀਪ ਸਿੰਘ, ਬਲਵਿੰਦਰ ਸਿੰਘ, ਮਹਿੰਦਰ ਸਿੰਘ, ਕਰਮਜੀਤ ਸਿੰਘ, ਜਗਸੀਰ ਸਿੰਘ, ਭੱਪਾ ਸਿੰਘ, ਗੁਰਮੇਲ ਸਿੰਘ, ਜਗਰੂਪ ਸਿੰਘ, ਮੇਵਾ ਸਿੰਘ ਅਤੇ ਹੋਰ ਪਿੰਡ ਵਾਸੀ ਸ਼ਾਮਲ ਸਨ।