ਗ੍ਰਿਫਤਾਰ ਵਿਅਕਤੀ ਪੁਲਿਸ ਪਾਰਟੀ ਨਾਲ
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ 21 ਅਗਸਤ 2026 : ਥਾਣਾ ਸਰਹਿੰਦ ਪੁਲਿਸ ਨੇ ਇਕ ਕਿਲੋ ਸੋਨਾ ਚੋਰੀ ਕਰਨ ਦੇ ਦੋਸ਼ ਵਿੱਚ ਪੁੱਤ ਦੀ ਸ਼ਿਕਾਇਤ ਤੇ ਪਿਤਾ ਖਿਲਾਫ ਮਾਮਲਾ ਦਰਜ ਕਰਕੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ , ਇਸ ਸਬੰਧੀ ਥਾਣਾ ਸਰਹਿੰਦ ਦੇ ਐਸਐਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਰਵਿੰਦਰ ਸਿੰਘੀ ਪੁੱਤਰ ਸ਼ਕਤੀ ਪ੍ਰਸ਼ਾਦ ਸਿੰਘੀ ਵਾਸੀ ਟੈਂਪੂ ਯੂਨੀਅਨ ਰੋਡ ਸਰਹਿੰਦ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ , ਕਿ ਉਹ ਐਕੂਪ੍ਰੈਸ਼ਰ ਕਲੀਨਿਕ ਟੈਂਪੂ ਯੂਨੀਅਨ ਰੋਡ ਬਾੜਾ ਸਰਹਿੰਦ ਵਿਖੇ ਕਰਦਾ ਹੈ , ਉਸ ਨੇ 2020 ਵਿੱਚ ਕਰੋਨਾ ਦੇ ਟਾਈਮ ਉਹ ਆਪਣੇ ਪਰਿਵਾਰ ਸਮੇਤ ਪਟਿਆਲਾ ਚਲਾ ਗਿਆ ਸੀ ਅਤੇ ਸਰਹਿੰਦ ਵਾਲੇ ਮਕਾਨ ਵਿੱਚ ਉਸਦੇ ਪਿਤਾ ਜੀ ਰਹਿੰਦੇ ਸਨ , ਉਸ ਨੇ 15 ਮਾਰਚ 2010 ਨੂੰ ਅੱਧਾ ਕਿਲੋ ਸੋਨਾ ਬਿਸਕੁਟ 24 ਕੈਰਟ ਥੋੜੇ ਥੋੜੇ ਪੈਸੇ ਜਮਾ ਕਰਕੇ ਖਰੀਦ ਕੀਤਾ ਸੀ , ਉਸ ਨੇ ਇਹ ਸੋਨਾ ਆਪਣੇ ਬੱਚਿਆਂ ਦੇ ਵਿਆਹ ਵਾਸਤੇ ਖਰੀਦਿਆ ਸੀ , ਇਸ ਤੋਂ ਇਲਾਵਾ ਅੱਧਾ ਕਿਲੋ ਸੋਨਾ ਉਸ ਦੀ ਪਤਨੀ ਨੇ ਆਪਣੇ ਪੁਰਾਣੇ ਗਹਿਣੇ ਆਪਣੇ ਪਿਤਾ ਜੀ ਨੂੰ ਦੇ ਕੇ ਬਿਸਕੁਟ ਦੇ ਰੂਪ ਵਿੱਚ ਤਬਦੀਲ ਕਰਵਾ ਲਿਆ ਸੀ , ਇਸ ਸੋਨੇ ਬਾਰੇ ਉਸ ਦੇ ਪਿਤਾ ਸ਼ਕਤੀ ਪ੍ਰਸ਼ਾਦ ਸਿੰਘੀ ਨੂੰ ਹੀ ਪਤਾ ਸੀ
ਉਸਦੇ ਪਿਤਾ ਜੀ ਨੇ ਉਸਨੂੰ ਕਿਹਾ ਕਿ ਉਹ ਆਪਣੇ ਪਰਿਵਾਰ ਸਮੇਤ ਹਰ ਸਾਲ ਘੁੰਮਣ ਚਲਿਆ ਜਾਂਦਾ ਹੈ ਅਤੇ ਘਰ ਵਿੱਚ ਪਿਆ ਸੋਨਾ ਠੀਕ ਨਹੀਂ ਹੈ , ਚੋਰੀਆਂ ਹੁੰਦੀਆਂ ਰਹਿੰਦੀਆਂ ਹਨ , ਸਾਲ 2016 ਵਿੱਚ ਰਾਤ ਸਮੇਂ ਉਸਨੇ ਅਤੇ ਉਸਦੇ ਪਿਤਾ ਜੀ ਨੇ ਇੱਕ ਕਿਲੋ ਸੋਨਾ ਕਲੀਨਿਕ ਦੇ ਨਾਲ ਆਪਣੇ ਸਰਵਿਸ ਸਟੇਸ਼ਨ ਵਾਲੀ ਕੰਧ ਵਿੱਚ ਦੱਬ ਦਿੱਤਾ ਸੀ , ਇਸ ਬਾਰੇ ਉਸਦੇ ਪਿਤਾ ਜੀ ਤੋਂ ਇਲਾਵਾ ਕਿਸੇ ਨੂੰ ਨਹੀਂ ਪਤਾ ਸੀ , ਉਸ ਤੋਂ ਬਾਅਦ ਉਸਦੀ ਇੱਕ ਭੈਣ ਜਿਸ ਕੋਲ ਦੋ ਬੇਟੀਆਂ ਤੇ ਇੱਕ ਬੇਟਾ ਹੈ , ਜਿਸ ਦੀ ਮਾਲੀ ਹਾਲਤ ਠੀਕ ਨਹੀਂ ਸੀ , ਇਸ ਲਈ ਉਸਦੇ ਪਿਤਾ ਜੀ ਨੇ ਕਿਹਾ ਕਿ ਉਹ ਆਪਣੀ ਭੈਣ ਦੀ ਮਦਦ ਕਰ ਦੇਵੇ , ਉਸ ਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਉਹ ਆਪਣੀ ਭੈਣ ਦੇ ਇੱਕ ਬੱਚੇ ਦਾ ਵਿਆਹ ਕਰ ਦੇਵੇਗਾ , ਪਰ ਉਸ ਦੀ ਭਾਣਜੀ ਨੇ ਕਿਹਾ ਕਿ ਉਹ ਉਸ ਨੂੰ ਕਨੇਡਾ ਭੇਜ ਦੇਵੇ , ਉਸ ਨੇ ਆਪਣੇ ਪਿਤਾ ਜੀ ਦੀ ਗੱਲ ਨੂੰ ਮੰਨ ਲਿਆ , ਇਸੇ ਦੌਰਾਨ ਉਹ ਬੱਚਿਆਂ ਦੀ ਪੜ੍ਹਾਈ ਕਰਕੇ ਪਟਿਆਲਾ ਵਿਖੇ ਸ਼ਿਫਟ ਹੋ ਗਿਆ ਸੀ ਅਤੇ ਇੱਕ ਮਕਾਨ ਪਟਿਆਲਾ ਵਿਖੇ ਖਰੀਦ ਲਿਆ , ਇਸ ਕਰਕੇ ਉਸਦਾ ਹੱਥ ਕਾਫੀ ਤੰਗ ਹੋ ਗਿਆ ਸੀ , ਇਸ ਦੌਰਾਨ ਉਸਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਤੁਸੀਂ ਸੋਨਾ ਕੱਢ ਲਿਆਓ ਅਤੇ ਮੇਰੀ ਭਾਣਜੀ ਨੂੰ ਬਾਹਰ ਭੇਜਣ ਦਾ ਕੰਮ ਪੂਰਾ ਕਰ ਲਓ
ਉਸਦੇ ਪਿਤਾ ਜੀ ਲਗਭਗ ਡੇਢ ਮਹੀਨਾ ਟਾਲਮਟੋਲ ਕਰਦੇ ਰਹੇ , ਫਿਰ ਜਦੋਂ ਪਿਤਾ ਜੀ ਨੂੰ ਨਾਲ ਲਿਜਾ ਕੇ ਉਹ ਕੰਧ ਵਿੱਚੋ ਸੋਨਾ ਕੱਢਣ ਲੱਗੇ, ਤਾਂ ਉੱਥੇ ਸੋਨਾ ਨਹੀਂ ਸੀ ਅਤੇ ਸੋਨਾ ਗੁੰਮ ਹੋ ਗਿਆ ਸੀ , ਜਦੋਂ ਉਸਨੇ ਆਪਣੇ ਪਿਤਾ ਜੀ ਨੂੰ ਸੋਨੇ ਬਾਰੇ ਕਈ ਵਾਰ ਪੁੱਛਿਆ, ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ , ਉਸ ਦੇ ਪਿਤਾ ਜੀ ਦਾ ਰਵਈਆ ਅਲੱਗ ਤਰ੍ਹਾਂ ਦਾ ਸੀ , ਉਸਦੇ ਪਿਤਾ ਜੀ ਨੇ ਇਹ ਸੋਨਾ ਚੋਰੀ ਕੀਤਾ ਹੈ , ਜਿਸ ਤੇ ਥਾਣਾ ਸਰਹਿੰਦ ਪੁਲਿਸ ਨੇ ਰਵਿੰਦਰ ਸਿੰਘੀ ਦੀ ਸ਼ਿਕਾਇਤ ਤੇ ਉਸ ਦੇ ਪਿਤਾ ਸ਼ਕਤੀ ਪ੍ਰਸ਼ਾਦ ਸਿੰਘੀ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ , ਉਹਨਾਂ ਦੱਸਿਆ ਕਿ ਸ਼ਕਤੀ ਪ੍ਰਸ਼ਾਦ ਸਿੰਘੀ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਹੈ ਅਤੇ ਪੁੱਛ ਕਿਛ ਕੀਤੀ ਜਾ ਰਹੀ ਹੈ