ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੇ ਜਾਣ ਦਾ ਦ੍ਰਿਸ਼
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 31 ਜੁਲਾਈ : ਸ਼ਹੀਦ ਊਧਮ ਸਿੰਘ ਜੀ ਦੇ 86ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਰੋਜਾ ਸ਼ਰੀਫ ਨੇੜੇ ਸਥਿਤ ਸ਼ਹੀਦੀ ਸਮਾਰਕ ਵਿਖੇ ਰੱਖੇ ਪ੍ਰੋਗਰਾਮ ਮੌਕੇ ਹਲਕਾ ਵਿਧਾਇਕ ਫ਼ਤਹਿਗੜ੍ਹ ਸਾਹਿਬ ਐਡਵੋਕੇਟ ਲਖਬੀਰ ਸਿੰਘ ਰਾਏ, ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ, ਐਸ.ਡੀ.ਐਮ. ਫਤ਼ਹਿਗੜ੍ਹ ਸਾਹਿਬ ਕਰੁਣ ਗੁਪਤਾ, ਤਹਿਸੀਲਦਾਰ ਵਿਸ਼ਾਲ ਵਰਮਾ, ਪ੍ਰਧਾਨ ਨਗਰ ਕੋਸ਼ਲ ਆਸ਼ਾ ਰਾਣੀ ਸਮੇਤ ਹੋਰਨਾਂ ਵੱਖ-ਵੱਖ ਸ਼ਖਸ਼ੀਅਤਾਂ ਨੇ ਮਹਾਨ ਸ਼ਹੀਦ ਨੂੰ ਸ਼ਰਧਾ ਤੇ ਫੁੱਲ ਭੇਂਟ ਕੀਤੇ
ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾਂਜਲੀ ਦੇਣ ਮੌਕੇ ਪਹੁੰਚੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਦੇਸ਼ ਅਤੇ ਸੂਬੇ ਦੀ ਅਣਖ ਨੂੰ ਜਗਾਉਣ ਵਿੱਚ ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਬੇਮਿਸਾਲ ਹੈ, ਜਿਸ ਨੂੰ ਨਤਮਸਤਕ ਹੋਣਾ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਜੀ ਨੇ ਜ਼ਲ੍ਹਿਆ ਵਾਲੇ ਬਾਗ ਦਾ ਬਦਲਾ ਦੁਸ਼ਮਣ ਦੇ ਘਰ ਜਾ ਕੇ ਲਿਆ ਜੇਕਰ ਜ਼ਲ੍ਹਿਆ ਵਾਲੇ ਬਾਗ ਵਿੱਚ ਹਜ਼ਾਰਾਂ ਨਿਹੱਥੇ ਪੰਜਾਬੀਆਂ ਨੂੰ ਸ਼ਹੀਦ ਕਰਨ ਵਾਲੇ ਜਾਲਮ ਅੰਗਰੇਜ਼ ਹੁਕਮਰਾਨ ਤੋਂ ਬਦਲਾ ਨਾ ਲਿਆ ਜਾਂਦਾ ਤਾਂ ਅਸੀ ਕਦੇ ਵੀ ਸਿਰ ਉੱਚਾ ਕਰਕੇ ਨਹੀ ਜੀ ਸਕਦੇ ਸੀ, ਪ੍ਰੰਤੂ ਸ਼ਹੀਦ ਊਧਮ ਸਿੰਘ ਵੱਲੋਂ ਜਲ੍ਹਿਆਂ ਵਾਲੇ ਬਾਗ ਦਾ ਬਦਲਾ ਲੈ ਕੇ ਪੰਜਾਬੀਆਂ ਦਾ ਸਿਰ ਹੋਰ ਉੱਚਾ ਕੀਤਾ
ਵਿਧਾਇਕ ਰਾਏ ਨੇ ਕਿਹਾ ਕਿ ਸਾਡੇ ਮਹਾਨ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਦੇ ਕੇ ਜੋ ਆਜ਼ਾਦੀ ਦੇਸ਼ ਨੂੰ ਦਿਵਾਈ ਹੈ ਉਸ ਨੂੰ ਸੰਭਾਲਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਤਾਂ ਜ਼ੋ ਸਾਡੇ ਬੱਚੇ ਆਪਣੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣਾ ਯੋਗਦਾਨ ਪਾ ਸਕਣ
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀਮਤੀ ਅਮਰਬੀਰ ਕੌਰ ਭੁੱਲਰ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਜੀ ਦਾ ਨਾਮ ਇਤਿਹਾਸ ਵਿੱਚ ਉਸ ਬਹਾਦਰ ਯੋਧੇ ਦੇ ਰੂਪ ਵਿੱਚ ਦਰਜ ਹੈ ਜਿਨ੍ਹਾਂ ਨੇ ਸੱਤ ਸਮੁੰਦਰ ਪਾਰ ਜਾ ਕੇ ਦੇਸ਼ ਦੇ ਸਵੈਮਾਣ ਦੀ ਰਾਖੀ ਕੀਤੀ। ਉਨਾਂ ਦੀ ਮਹਾਨ ਸ਼ਹਾਦਤ ਅੱਜ ਵੀ ਸਾਡੇ ਲਈ ਦੇਸ਼ ਸੇਵਾ ਦੀ ਸਭ ਤੋਂ ਵੱਡੀ ਪ੍ਰੇਰਣਾ ਹੈ। ਅੱਜ ਉਹਨਾਂ ਦੇ ਸ਼ਹੀਦੀ ਦਿਵਸ ਮੌਕੇ ਅਸੀਂ ਭਾਰਤ ਦੇ ਮਹਾਨ ਸਪੂਤ ਨੂੰ ਪ੍ਰਣਾਮ ਕਰਦੇ ਹਾਂ ਅਤੇ ਉਹਨਾਂ ਦੇ ਦਰਸਾਏ ਰਸਤੇ ਉੱਤੇ ਚੱਲਣ ਦਾ ਪ੍ਰਣ ਲੈਂਦੇ ਹਾਂ
ਇਸ ਮੌਕੇ ਸ਼ਹੀਦ ਊਧਮ ਸਿੰਘ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਿਆ ਗਿਆ ਤੇ ਪੁਲਿਸ ਵੱਲੋਂ ਬਿਗਲ ਵੀ ਬਜਾਇਆ ਗਿਆ