ਥਰਮਲ ਦੇ ਠੇਕਾ ਮੁਲਾਜ਼ਮਾਂ ਵੱਲੋਂ ਹੜਤਾਲ ਦੇ ਸੱਤਵੇਂ ਦਿਨ ਸ਼ਹੀਦ ਊਧਮ ਸਿੰਘ ਨੂੰ ਸਿਜਦਾ
Ashok
ਲਹਿਰਾ ਮੁਹੱਬਤ ,31 ਜੁਲਾਈ 2026 : ਪਾਵਰਕਾਮ ਅਤੇ ਟ੍ਰਾਂਸਕੋ ਆਊਟਸੋਰਸ਼ਡ ਮੁਲਾਜ਼ਮ ਕੋਆਰਡੀਨੇਸ਼ਨ ਕਮੇਟੀ (ਪੰਜਾਬ) ਦੇ ਸੱਦੇ ਤੇ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਨੇ ਵਿਭਾਗ ਵਿੱਚ ਮਰਜ਼ ਕਰਨ ਸੰਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਦੇ ਫੈਸਲਿਆਂ ਨੂੰ ਲਾਗੂ ਕਰਵਾਉਣ ਲਈ 25 ਜੁਲਾਈ ਤੋਂ ਸ਼ੁਰੂ ਕੀਤੀ ਹੜਤਾਲ ਦੇ ਸੱਤਵੇਂ ਦਿਨ ਸ਼ਹੀਦੀ ਦਿਹਾੜੇ ਮੌਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਅਤੇ ਹੱਕੀ ਮੰਗਾਂ ਲਈ ਲੜਾਈ ਜਾਰੀ ਰੱਖਣ ਦਾ ਅਹਿਦ ਲਿਆ ਕੋਆਰਡੀਨੇਸ਼ਨ ਕਮੇਟੀ ਦੇ ਸੂਬਾਈ ਆਗੂਆਂ ਜਗਰੂਪ ਸਿੰਘ,ਬਲਿਹਾਰ ਸਿੰਘ,ਗੁਰਵਿੰਦਰ ਪੰਨੂੰ,ਜਗਸੀਰ ਭੰਗੂ,ਰਾਜੇਸ਼ ਕੁਮਾਰ ,ਖੁਸ਼ਦੀਪ ਬਠਿੰਡਾ,ਬਲਜਿੰਦਰ ਮਾਨ,ਲਛਮਣ ਸਿੰਘ, ਹਰਦੀਪ ਤੱਗੜ,ਗੁਰਪ੍ਰੀਤ ਗੁਰੂਸਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆਂਦਾ ਜਾ ਰਿਹਾ ਕਾਨੂੰਨ ਠੇਕਾ ਮੁਲਾਜ਼ਮ ਪੱਖੀ ਨਹੀਂ ਬਲਕਿ ਇਸ ਵਿੱਚ ਬਹੁਤ ਸਾਰੇ ਨੁਕਤੇ ਮੁਲਾਜ਼ਮਾਂ ਦੇ ਵਿਰੋਧ ਵਿੱਚ ਭੁਗਤਦੇ ਹਨ।
ਉਹਨਾਂ ਕਿਹਾ ਕਿ ਇਸ ਕਾਨੂੰਨ ਨੂੰ ਠੇਕਾ ਮੁਲਾਜ਼ਮ ਪੱਖੀ ਬਣਵਾਉਣ ਲਈ ਵੀ ਇੱਕੋ-ਇੱਕ ਸਵੱਲੜਾ ਰਾਹ ਸੰਘਰਸ਼ ਦਾ ਹੀ ਰਾਹ ਹੈ। ਸੰਘਰਸ਼ ਦੇ ਰਾਹ ਤੇ ਚੱਲਕੇ ਹੀ ਆਪਣੀ ਅਸਲੀ ਮੰਜਿਲ ਤੇ ਪਹੁੰਚਿਆ ਜਾ ਸਕਦਾ ਹੈ। ਪੰਜਾਬ ਸਰਕਾਰ ਅਤੇ ਵਿਭਾਗ ਦੀ ਮੈਨੇਜ਼ਮੈਂਟ ਦੀ ਇਸ ਬੇਰੁਖੀ ਦੇ ਵਿਰੋਧ ਵਜੋਂ ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਵੱਲੋਂ 25 ਜੁਲਾਈ ਤੋਂ ਲਗਾਤਾਰ ਹੜਤਾਲ਼ ਕਰਕੇ ਆਪਣੇ-ਆਪਣੇ ਵਿਭਾਗਾਂ ਦੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਦੀ ਮੈਨੇਜ਼ਮੈਂਟ ਤੋਂ ਮੰਗ ਕੀਤੀ ਕਿ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਸੰਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਦੇ ਸਮੂਹ ਫੈਸਲਿਆਂ ਨੂੰ ਤੁਰੰਤ ਪ੍ਰਭਾਵ ਨਾਲ਼ ਲਾਗੂ ਕੀਤਾ ਜਾਵੇ। ਨੋਟੀਫਿਕੇਸ਼ਨ ਵਿੱਚੋਂ ਰਹਿੰਦੀਆਂ ਕੈਟਾਗਿਰੀਆਂ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਦਾ ਨੋਟੀਫਿਕੇਸ਼ਨ ਜਲਦ ਜਾਰੀ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਜਦ ਤੱਕ ਪਾਵਰ ਕਾਰਪੋਰੇਸ਼ਨ ਦੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਸੰਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਪੂਰੀ ਤਰਾਂ ਲਾਗੂ ਨਹੀਂ ਕੀਤਾ ਜਾਂਦਾ ਤਦ ਤੱਕ ਹੜਤਾਲ਼ ਲਗਾਤਾਰ ਜਾਰੀ ਰਹੇਗੀ। ਅੱਜ ਦੀ ਇਕੱਤਰਤਾ ਨੇ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਸ਼ਹੀਦ ਨੂੰ ਸਰਧਾਂਜਲੀ ਭੇਟ ਕੀਤੀ ਗਈ।ਅੱਜ ਦੀ ਇਕੱਤਰਤਾ ਨੂੰ ਟੀ.ਐੱਸ.ਯੂ.ਭੰਗਲ਼ ਗਰੁੱਪ ਤੋਂ ਸਰਕਲ ਪ੍ਰਧਾਨ ਸਤਿੰਦਰ ਸੋਨੀ,ਪੈਨਸ਼ਨਰਜ਼ ਐਸੋਸਏਸ਼ਨ ਆਜ਼ਾਦ ਤੋਂ ਮਹਿੰਦਰਪਾਲ ਸ਼ਰਮਾ,ਕਿਸਾਨ ਆਗੂ ਮੋਠੂ ਸਿੰਘ ਕੋਟੜਾ ਨੇ ਵੀ ਸੰਬੋਧਨ ਕੀਤਾ।