ਜਮਹੂਰੀ ਅਧਿਕਾਰ ਸਭਾ ਪੰਜਾਬ ਗੁਰਦਾਸਪੁਰ ਦਾ ਸਲਾਨਾ ਇਜਲਾਸ ਸੰਪੰਨ
ਡਾਕਟਰ ਜਗਜੀਵਨ ਲਾਲ ਪ੍ਰਧਾਨ ਅਤੇ ਅਮਰਜੀਤ ਸ਼ਾਸਤਰੀ ਸਕੱਤਰ ਬਣੇ
ਰੋਹਿਤ ਗੁਪਤਾ
ਗੁਰਦਾਸਪੁਰ 26 ਜੁਲਾਈ :- ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦਾ ਸਲਾਨਾ ਇਜਲਾਸ ਗੁਰਦਾਸਪੁਰ ਵਿਖੇ ਕਾਮਰੇਡ ਨਰਭਿੰਦਰ ਸਿੰਘ ਜਥੇਬੰਦਕ ਸਕੱਤਰ ਪੰਜਾਬ ਦੀ ਨਿਗਰਾਨੀ ਹੇਠ ਸੰਪੰਨ ਹੋਇਆ। ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਤੋਂ ਬਾਅਦ ਕਾਮਰੇਡ ਨਰਭਿੰਦਰ ਨੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪਿਛੋਕੜ ਬਾਰੇ, ਪ੍ਰਾਪਤੀਆਂ ਅਤੇ ਆਉਣ ਵਾਲੇ ਚੈਲੇਂਜ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ੍ਰੀ ਮਤੀ ਇੰਦਰਾ ਗਾਂਧੀ ਵੱਲੋਂ 1975 ਦੀ ਐਮਰਜੈਂਸੀ ਤੋਂ ਬਾਅਦ ਲੋਕਾਂ ਦੇ ਕੁਚਲੇ ਜਾ ਰਹੇ ਜਮਹੂਰੀ ਅਧਿਕਾਰਾਂ ਦੀ ਰਾਖੀ ਲਈ ਜਮਹੂਰੀ ਅਧਿਕਾਰ ਸਭਾ ਪੰਜਾਬ ਦਾ ਆਗਾਜ਼ ਕੀਤਾ। ਜਿਸ ਨੇ ਸਰਾਏ ਨਾਗਾਂ ਵਿਖੇ ਨਿਹੰਗਾਂ ਦੇ ਕਾਤਲ ਪੁਲਿਸ ਅਫ਼ਸਰਾਂ ਨੂੰ ਸਜ਼ਾ ਦਿਵਾਉਣ, ਤੋਂ ਇਲਾਵਾ ਦਿੱਲੀ ਦੰਗਿਆਂ ਤੇ ਰਿਪੋਰਟ ਛਾਪ ਕੇ ਤਾਨਾਸ਼ਾਹੀ ਦਾ ਜਵਾਬ ਦਿੱਤਾ ਹੈ। ਸਭਾ ਪੰਜਾਬ ਅਤੇ ਪੰਜਾਬ ਤੋਂ ਬਾਹਰ ਰਾਜਸੀ ਗੁੰਡਾਗਰਦੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਰਿਪੋਰਟਾਂ ਛਾਪਣ ਤੋਂ ਇਲਾਵਾ ਸਭਾ ਵੱਲੋਂ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਲਈ ਵਰਕਸ਼ਾਪ, ਚੇਤਨਾ ਕਨਵੈਨਸ਼ਨ ਰਾਹੀਂ ਵੱਖ ਵੱਖ ਉੱਚ ਕੋਟੀ ਦੇ ਵਿਦਵਾਨ ਬੁਲਾਰਿਆਂ ਦੇ ਤਜਰਬੇ ਸਾਂਝੇ ਕਰਵਾਏ ਜਾਂਦੇ ਹਨ। ਗੁਰਦਾਸਪੁਰ ਇਕਾਈ ਦੇ ਜਨਰਲ ਸਕੱਤਰ ਅਸ਼ਵਨੀ ਕੁਮਾਰ ਨੇ ਪਿਛਲੇ ਦੋ ਸਾਲਾਂ ਦੀ ਰਿਪੋਰਟ ਪੜ੍ਹ ਕੇ ਸਭਾ ਦੇ ਕੰਮ ਕਾਜ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਿਥੇ ਸਭਾ ਵੱਲੋਂ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਖਿਲਾਫ ਵੱਖ ਵੱਖ ਅੰਦੋਲਨ ਚਲਾਏ ਗਏ ਉਸ ਵਿੱਚ ਭਾਗ ਲਿਆ ਗਿਆ। ਇਸ ਤੋਂ ਇਲਾਵਾ ਜਮਹੂਰੀ ਅਧਿਕਾਰਾਂ ਦੀ ਰਾਖੀ ਲਈ ਵੱਖ ਵੱਖ ਦਿਨਾਂ ਤੇ ਚੇਤਨਾ ਕਨਵੈਨਸ਼ਨ ਕਰਵਾਈਆਂ ਗਈਆਂ। ਸਭਾ ਵੱਲੋਂ ਪਿੰਡ ਆਦੀਆਂ ਵਿਖੇ ਨੌਜਵਾਨ ਰਣਜੀਤ ਸਿੰਘ ਦੇ ਝੂਠੇ ਪੁਲਿਸ ਮੁਕਾਬਲੇ ਬਾਰੇ ਜਾਂਚ ਪੜਤਾਲ ਕਰਕੇ ਆਵਾਜ਼ ਬੁਲੰਦ ਕੀਤੀ ਹੈ। ਰਿਪੋਰਟ ਉਪਰ ਚਰਚਾ ਵਿੱਚ ਸੁਰਿੰਦਰ ਸਿੰਘ ਕੋਠੇ ਘੁਰਾਲਾ, ਸੁਖਦੇਵ ਸਿੰਘ ਗੋਸਲ, ਸੰਜੀਵ ਮਿੰਟੂ , ਗੁਰਵਿੰਦਰ ਸਿੰਘ ਨੇ ਆਪਣੇ ਸੁਝਾਅ ਦਿੱਤੇ ਜਿਸ ਨੂੰ ਕੁਝ ਸੋਧਾਂ ਕਰਨ ਉਪਰੰਤ ਇਜਲਾਸ ਨੇ ਪਾਸ ਕੀਤਾ। ਸੂਬਾ ਕਮੇਟੀ ਮੈਂਬਰ ਅਮਰਜੀਤ ਸ਼ਾਸਤਰੀ ਵਲੋਂ ਪੇਸ਼ ਕੀਤੇ ਮਤੇ ਜਿਹਨਾਂ ਵਿਚ ਅਮਰੀਕਾ ਈਰਾਨ ਜੰਗਬੰਦੀ ਕਰਨ, ਅਮਰੀਕਾ ਭਾਰਤ ਵਿਉਪਾਰ ਸਮਝੌਤਾ ਰੱਦ ਕਰਨ, ਐਸ ਆਈ ਆਰ ਸਕੀਮ ਤਹਿਤ ਆਮ ਨਾਗਰਿਕਾਂ ਤੋਂ ਨਾਗਰਿਕਤਾ ਦਾ ਹੱਕ ਖੋਹਣ ਦੀ ਕੋਸ਼ਿਸ਼ ਕਰਨਾ, ਬਿਜਲੀ ਬਿੱਲ 2025 ਰੱਦ ਕਰਨ ਦੀ ਮੰਗ, ਮਨਰੇਗਾ ਸਕੀਮ ਤਹਿਤ ਮਜ਼ਦੂਰ ਜਮਾਤ ਦਾ ਘਾਂਣ, ਕਿਰਤ ਕਾਨੂੰਨਾਂ ਵਿੱਚ ਸੋਧਾਂ ਵਾਪਸ ਲੈਣ, ਦਿੱਲੀ ਜੰਤਰ ਮੰਤਰ ਉਪਰ ਲਾਠੀਚਾਰਜ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਤੋਂ ਇਲਾਵਾ ਬਰਨਾਲਾ, ਚੰਡੀਗੜ੍ਹ ਅਤੇ ਖੰਨਾ ਵਿਖੇ ਪੁਲਿਸ ਤਸ਼ੱਦਦ ਕਾਰਨ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਕੁਲਦੀਪ ਸਿੰਘ ਰਿਆੜ ਅਤੇ ਹੈਡਮਾਸਟਰ ਅਬਨਾਸ਼ ਸਿੰਘ ਦੀ ਨਿਗਰਾਨੀ ਹੇਠ ਹੋਈ ਚੋਣ ਦੀ ਪ੍ਰਕਿਰਿਆ ਨੂੰ ਪੂਰੀ ਕਰਦਿਆਂ ਨਵੀਂ ਜਥੇਬੰਧਕ ਟੀਮ ਦਾ ਐਲਾਨ ਕੀਤਾ ਗਿਆ। ਜਿਸ ਵਿੱਚ ਜਗਜੀਵਨ ਲਾਲ ਪ੍ਰਧਾਨ, ਅਸ਼ੋਕ ਕੁਮਾਰ ਸਾਬਕਾ ਐਸ ਡੀ ਐਮ ਉਪ ਪ੍ਰਧਾਨ, ਜਰਨਲ ਸਕੱਤਰ ਅਮਰਜੀਤ ਸ਼ਾਸਤਰੀ, ਜਾਇੰਟ ਸਕੱਤਰ ਅਸ਼ਵਨੀ ਕੁਮਾਰ, ਵਿੱਤ ਸਕੱਤਰ ਪ੍ਰਿੰਸੀਪਲ ਅਮਰਜੀਤ ਸਿੰਘ ਮਨੀ, ਪ੍ਰੈਸ ਸਕੱਤਰ ਕਰਨੈਲ ਸਿੰਘ ਚਿੱਟੀ, ਤੋਂ ਇਲਾਵਾ ਹੇਮ ਰਾਜ ਦੀਨਾਨਗਰ, ਸੁਰਿੰਦਰ ਸਿੰਘ ਕੋਠੇ ਘੁਰਾਲਾ, ਸੁਖਦੇਵ ਸਿੰਘ ਗੋਸਲ, ਅਮਰ ਕ੍ਰਾਂਤੀ, ਅਸ਼ੋਕ ਭਾਰਤੀ , ਵਿਜੇ ਕੁਮਾਰ ਦੀਨਾਨਗਰ, ਰੂਪ ਸਿੰਘ , ਗੁਰਵਿੰਦਰ ਸਿੰਘ ਜੀਵਨ ਚੱਕ , ਹਰਭਜਨ ਸਿੰਘ ਮਾਂਗਟ, ਸੁਖਵਿੰਦਰ ਪਾਲ ਬਾਜੇਚੱਕ, ਗੁਰਦਿਆਲ ਸਿੰਘ ਬਾਲਾ ਪਿੰਡੀ , ਰਣਜੀਤ ਸਿੰਘ ਧਾਲੀਵਾਲ ਜਿਲ੍ਹਾ ਕਮੇਟੀ ਮੈਂਬਰ ਚੁਣੇ ਗਏ। ਸਭਾ ਵੱਲੋਂ ਚੌਧਰੀ ਰਾਮ ਸਿੰਘ ਦੱਤ ਯਾਦਗਾਰੀ ਹਾਲ ਕਮੇਟੀ ਗੁਰਦਾਸਪੁਰ ਵਲੋਂ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਫਿਰਕਾਪ੍ਰਸਤੀ ਅਤੇ ਫਾਸ਼ੀਵਾਦ ਵਿਰੋਧੀ ਦਿਵਸ ਵਜੋਂ ਮਨਾਉਣ ਸਬੰਧੀ ਕਰਵਾਏ ਜਾ ਰਹੇ ਸਮਾਗਮ ਮੌਕੇ ਸ਼ਿਰਕਤ ਕਰਨ ਲਈ ਸਮੂਹ ਲੋਕਾਂ ਨੂੰ ਅਪੀਲ ਕੀਤੀ।
- Download Babushahi App
-
-