ਆਰ.ਬੀ.ਐਸ.ਕੇ. ਟੀਮ ਦੀ ਕੋਸ਼ਿਸ਼ ਨਾਲ ਮੁਫ਼ਤ ਸਫਲ ਇਲਾਜ ਪਿੱਛੋਂ ਬੱਚੀ ਪੂਰੀ ਤਰ੍ਹਾਂ ਸਿਹਤਯਾਬ
ਅਸ਼ੋਕ ਵਰਮਾ
ਬਠਿੰਡਾ, 13 ਜੁਲਾਈ 2026 :ਸਿਵਲ ਸਰਜਨ ਡਾਕਟਰ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਨੋਡਲ ਅਫ਼ਸਰ ਆਰ.ਬੀ.ਐਸ.ਕੇ. ਡਾਕਟਰ ਮੀਨਾਕਸ਼ੀ ਸਿੰਗਲਾ ਦੀ ਅਗਵਾਈ ਹੇਠ ਰਾਸ਼ਟਰੀ ਬਾਲ ਸਿਹਤ ਕਾਰਜਕ੍ਰਮ (ਆਰ.ਬੀ.ਐਸ.ਕੇ.) ਅਧੀਨ ਜ਼ਿਲ੍ਹਾ ਬਠਿੰਡਾ ਦੀ ਆਰ.ਬੀ.ਐਸ.ਕੇ. ਟੀਮ ਤਲਵੰਡੀ ਸਾਬੋ ਵੱਲੋਂ ਇੱਕ ਹੋਰ ਬੱਚੀ ਦਾ ਸਮੇਂ ਸਿਰ ਪਤਾ ਲਗਾ ਕੇ ਉਸ ਦਾ ਮੁਫ਼ਤ ਇਲਾਜ ਕਰਵਾ ਕੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਗਈ ਹੈ।
ਸਿਵਲ ਸਰਜਨ ਡਾਕਟਰ ਤਪਿੰਦਰਜੋਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚੀ ਏਕਮ ਕੌਰ ਪੁੱਤਰੀ ਗੁਰਦੀਪ ਸਿੰਘ ਵਾਸੀ ਪਿੰਡ ਘੁੰਮਣ ਖੁਰਦ, ਮੌੜ ਮੰਡੀ ਜਨਮ ਤੋਂ ਜਿਸਦਾ ਤਾਲੂ ਕੱਟਿਆ ਹੋਇਆ (Cleft Palate)ਹੋਣ ਕਾਰਨ ਬੋਲਣ ਅਤੇ ਖਾਣ-ਪੀਣ ਵਿੱਚ ਕਾਫ਼ੀ ਦਿੱਕਤ ਦਾ ਸਾਹਮਣਾ ਕਰ ਰਹੀ ਸੀ।
ਡਾਕਟਰ ਮੀਨਾਕਸ਼ੀ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰ.ਬੀ.ਐਸ.ਕੇ. ਟੀਮ ਤਲਵੰਡੀ ਸਾਬੋ ਨੇ 21 ਜੂਨ 2026 ਨੂੰ ਸਕ੍ਰੀਨਿੰਗ ਦੌਰਾਨ ਬੱਚੀ ਦੀ ਇਸ ਬਿਮਾਰੀ ਦੀ ਪਹਿਚਾਣ ਕੀਤੀ। ਇਸ ਤੋਂ ਬਾਅਦ ਲੋੜੀਂਦੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਬੱਚੀ ਨੂੰ 30 ਜੂਨ 2026 ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕੀਤਾ ਗਿਆ, ਜਿੱਥੇ ਉਸ ਦੀ ਮੁਫ਼ਤ ਸਰਜਰੀ ਅਤੇ ਇਲਾਜ ਕਰਵਾਇਆ ਗਿਆ। ਓਹਨਾਂ ਦੱਸਿਆ ਕਿ ਰਾਸ਼ਟਰੀ ਬਾਲ ਸਿਹਤ ਕਾਰਜਕ੍ਰਮ ਤਹਿਤ ਬੱਚਿਆਂ ਵਿੱਚ ਜਨਮਜਾਤ ਨੁਕਸ, ਬਿਮਾਰੀਆਂ, ਪੋਸ਼ਣ ਸੰਬੰਧੀ ਸਮੱਸਿਆਵਾਂ ਅਤੇ ਵਿਕਾਸ ਵਿੱਚ ਦੇਰੀ ਦੀ ਸਮੇਂ ਸਿਰ ਪਛਾਣ ਕਰਕੇ ਉਨ੍ਹਾਂ ਦਾ ਮੁਫ਼ਤ ਇਲਾਜ ਕਰਵਾਇਆ ਜਾਂਦਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਨਿਯਮਿਤ ਸਿਹਤ ਜਾਂਚ ਜ਼ਰੂਰ ਕਰਵਾਉਣ ਤਾਂ ਜੋ ਕਿਸੇ ਵੀ ਬਿਮਾਰੀ ਦਾ ਸਮੇਂ ਸਿਰ ਇਲਾਜ ਸੰਭਵ ਹੋ ਸਕੇ।
ਇਸ ਮੌਕੇ ਪਰਿਵਾਰ ਨੇ ਆਰ.ਬੀ.ਐਸ.ਕੇ. ਟੀਮ ਅਤੇ ਸਿਹਤ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੇਂ ਸਿਰ ਮਿਲੇ ਮੁਫ਼ਤ ਇਲਾਜ ਨਾਲ ਉਨ੍ਹਾਂ ਦੀ ਬੱਚੀ ਹੁਣ ਪੂਰੀ ਤਰ੍ਹਾਂ ਠੀਕ ਹੈ ਅਤੇ ਆਮ ਬੱਚਿਆਂ ਵਾਂਗ ਖਾਣ-ਪੀਣ ਅਤੇ ਬੋਲਣ ਦੇ ਯੋਗ ਹੋ ਗਈ ਹੈ। ਇਸ ਮੌਕੇ ਨਾਲ ਆਰ.ਬੀ.ਐਸ.ਕੇ ਕੁਆਰਡੀਨੇਟਰ ਮਨਫੂਲ ਸਿੰਘ ਹਾਜ਼ਰ ਸਨ