ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਨੇ ਤਲਵੰਡੀ ਸਾਬੋ ਦੀ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਦਿੱਤਾ ਰੋਸ ਪੱਤਰ
ਅਸ਼ੋਕ ਵਰਮਾ
ਤਲਵੰਡੀ ਸਾਬੋ,12 ਜੁਲਾਈ 2026 :ਅੱਜ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਸਾਂਝੀ ਤਾਲਮੇਲ ਕਮੇਟੀ ਵੱਲੋਂ ਤਲਵੰਡੀ ਸਾਬੋ ਦੇ ਲੇਲੇਵਾਲਾ ਰੋਡ ਤੇ ਸਥਿਤ ਪਾਰਕ ਵਿੱਚ ਵੱਡੀ ਗਿਣਤੀ ਵਿੱਚ ਬਠਿੰਡਾ ਜ਼ਿਲ੍ਹੇ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਮੁਲਾਜ਼ਮ ਮੰਗਾਂ ਨੂੰ ਲੈ ਕੇ ਵੱਡੀ ਰੋਸ ਰੈਲੀ ਕੀਤੀ । ਇਸ ਮੌਕੇ ਸੰਬੋਧਨ ਕਰਦੇ ਹੋਏ ਵੱਖ ਵੱਖ ਮੁਲਾਜ਼ਮ ਤੇ ਪੈਨਸ਼ਨਰ ਆਗੂ ਗਗਨਦੀਪ ਸਿੰਘ ਸੂਬਾ ਕਨਵੀਨਰ,ਹਰਨੇਕ ਸਿੰਘ ਗਹਿਰੀ ਜ਼ਿਲ੍ਹਾ ਪ੍ਰਧਾਨ ਪੀ ਐਸ ਐਸ ਐਫ 1406, ਪ੍ਰਿੰਸੀਪਲ ਰਣਜੀਤ ਸਿੰਘ ਪੈਨਸ਼ਨਰ, ਮਨਜੀਤ ਸਿੰਘ ਧੰਜਲ ਥਰਮਲ ਪੈਨਸ਼ਨਰ,ਗੁਰਤੇਜ ਸਿੰਘ ਗਿੱਲ, ਜਗਪਾਲ ਸਿੰਘ ਬੰਗੀ ਡੀ ਐਮ ਐਫ,ਬਲਜਿੰਦਰ ਸਿੰਘ ਡੀ ਟੀ ਐਫ,ਆਦਿ ਨੇ ਦੱਸਿਆ ਕਿ ਜਿਹੜੀ ਸਰਕਾਰ ਇਨਕਲਾਬ ਦਾ ਨਾਹਰਾ ਲੈ ਕੇ ਆਈ ਸੀ ਕਿ ਅਸੀਂ ਪੰਜਾਬ ਦੇ ਵਿੱਚ ਕਦੇ ਵੀ ਕਿਸੇ ਵੀ ਮੁਲਾਜ਼ਮਾਂ, ਕਿਸਾਨਾਂ,ਮਜ਼ਦੂਰਾਂ ਨੂੰ ਧਰਨਾ ਲਾਉਣ ਦੀ ਨੌਬਤ ਨਹੀਂ ਆਊਗੀ,ਉਹਨਾਂ ਦੇ ਕੰਮ ਹੋਣਗੇ ਪਰ ਪਿਛਲੀਆਂ ਸਰਕਾਰਾਂ ਨੂੰ ਮਾਤ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸੇ ਵੀ ਮੁਲਾਜ਼ਮ ਧਿਰ ਨਾਲ ਇੱਕ ਵੀ ਮੀਟਿੰਗ ਮੁਲਾਜ਼ਮ ਮੰਗਾਂ ਨੂੰ ਲੈ ਕੇ ਨਹੀਂ ਕੀਤੀ ਹੈ।
ਉਹਨਾਂ ਕਿਹਾ ਕਿ ਇਸ ਕਰਕੇ ਪੰਜਾਬ ਦੇ ਪੂਰੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਬਹੁਤ ਭਾਰੀ ਰੋਸ ਹੈ। ਮੁਲਾਜ਼ਮ ਆਗੂਆਂ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ ਜਾ ਰਹੇ,ਪੰਜਾਬ ਸਰਕਾਰ ਮੁਲਾਜ਼ਮਾਂ ਦਾ 18% ਡੀ ਏ ਜੋ ਕਿ ਇਸ ਜੁਲਾਈ ਵਿੱਚ 3% ਹੋਰ ਵੱਧ ਕੇ 21% ਹੋ ਜਾਣਾ ਹੈ ਉਹ ਦੱਬੀ ਬੈਠੀ ਹੈ। ਇਸ ਤੋਂ ਬਿਨਾਂ ਸਰਕਾਰ ਬਣਨ ਤੋਂ ਪਹਿਲਾਂ ਜਿਹੜਾ ਕਿਹਾ ਸੀ ਕਿ ਸਰਕਾਰ ਬਣ ਸਾਰ ਹੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਊਗੀ ਪਰ ਹਾਲੇ ਤੱਕ ਬਹਾਲ ਨਹੀਂ ਕੀਤੀ ਗਈ।ਇਸ ਤੋਂ ਬਿਨਾਂ ਪੈਨਸ਼ਨਰਾਂ ਦਾ 2.59 ਦੇ ਗੁਣਾਂਕ ਨਾਲ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਨਾ ਕਰਨਾ, ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਪੱਤੇ ਏਸੀਪੀ ਸਕੀਮ ਤੇ ਬਹੁਤ ਸਾਰੀਆਂ ਜਿਹੜੀਆਂ ਮੁਲਾਜ਼ਮ ਮੰਗਾਂ ਹਨ ਸੋ ਕਿ ਸਰਕਾਰ ਨੇ ਇੱਕ ਵੀ ਪੂਰੀ ਨਹੀਂ ਕੀਤੀ।ਧੰਨਾ ਸਿੰਘ ਪੈਨਸ਼ਨਰ ਪਾਵਰਕਾਮ, ਆਤਮਤੇਜ ਸਿੰਘ ਪੰਜਾਬ ਪੈਨਸ਼ਨਰ, ਗੁਰਜਿੰਦਰ ਸਿੰਘ ਔਲਖ ਸਿਹਤ ਵਿਭਾਗ ਆਊਟਸੋਰਸ ਮੁਲਾਜ਼ਮ ਯੂਨੀਅਨ,ਸੁਖਮੰਦਰ ਧਾਲੀਵਾਲ ਜਮਹੂਰੀ ਕਿਸਾਨ ਸਭਾ ਆਦਿ ਆਗੂਆਂ ਨੇ ਸੰਬੋਧਨ ਕੀਤਾ।ਇਸ ਮੌਕੇ ਸਟੇਜ ਦੀ ਕਾਰਵਾਈ ਬਲਰਾਜ ਮੌੜ ਨੇ ਚਲਾਈ।