SP ਦਵਿੰਦਰ ਅੱਤਰੀ ਅਤੇ ਉਹਨਾਂ ਦੀ ਟੀਮ ਮੋਬਾਈਲ ਵਾਪਿਸ ਕਰਦੇ ਹੋਏ
ਦੀਦਾਰ ਗੁਰਨਾ
ਸੰਗਰੂਰ 12 ਜੁਲਾਈ 2026 : ਸੀਨੀਅਰ ਪੁਲਿਸ ਕਪਤਾਨ ਸੰਗਰੂਰ ਡਾ. ਰਵਜੋਤ ਕੌਰ ਗਰੇਵਾਲ (ਆਈ.ਪੀ.ਐੱਸ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਕਮਿਊਨਿਟੀ ਪੁਲਿਸਿੰਗ ਨੂੰ ਉਤਸ਼ਾਹਿਤ ਕਰਦਿਆਂ ਲੋਕਾਂ ਦੇ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਸੀ.ਈ.ਆਈ.ਆਰ. (CEIR) ਪੋਰਟਲ ਦੀ ਮਦਦ ਨਾਲ ਟਰੇਸ ਕਰਕੇ ਅਸਲੀ ਮਾਲਕਾਂ ਦੇ ਹਵਾਲੇ ਕੀਤਾ ਗਿਆ ਹੈ , ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਨਾ ਸਿਰਫ਼ ਲੋਕਾਂ ਦਾ ਕੀਮਤੀ ਸਮਾਨ ਵਾਪਸ ਮਿਲ ਰਿਹਾ ਹੈ, ਸਗੋਂ ਉਨ੍ਹਾਂ ਦੇ ਵਿੱਤੀ ਨੁਕਸਾਨ ਦੀ ਭਰਪਾਈ ਵਿੱਚ ਵੀ ਸੰਗਰੂਰ ਪੁਲਿਸ ਅਹਿਮ ਭੂਮਿਕਾ ਨਿਭਾ ਰਹੀ ਹੈ
ਐਸ.ਐਸ.ਪੀ. ਨੇ ਦੱਸਿਆ ਕਿ ਸ੍ਰੀ ਦਵਿੰਦਰ ਅੱਤਰੀ, ਪੀ.ਪੀ.ਐੱਸ., ਕਪਤਾਨ ਪੁਲਿਸ (ਇਨਵੈਸਟੀਗੇਸ਼ਨ), ਸੰਗਰੂਰ ਦੀ ਸੁਪਰਵੀਜ਼ਨ ਅਤੇ ਸ੍ਰੀ ਸੁਖਦੇਵ ਸਿੰਘ ਬਰਾੜ, ਪੀ.ਪੀ.ਐੱਸ., ਉਪ ਕਪਤਾਨ ਪੁਲਿਸ (ਇਨਵੈਸਟੀਗੇਸ਼ਨ), ਸੰਗਰੂਰ ਦੀ ਨਿਗਰਾਨੀ ਹੇਠ ਥਾਣਾ ਸਾਈਬਰ ਕਰਾਈਮ ਸੰਗਰੂਰ ਦੀ ਟੀਮ ਨੇ ਇਸ ਮੁਹਿੰਮ ਤਹਿਤ ਅੱਜ 103 ਗੁੰਮ ਹੋਏ ਮੋਬਾਈਲ ਫੋਨ, ਜਿਨ੍ਹਾਂ ਦੀ ਅੰਦਾਜ਼ਨ ਕੀਮਤ ਕਰੀਬ 15 ਲੱਖ ਰੁਪਏ ਹੈ, ਬਰਾਮਦ ਕਰਕੇ ਉਨ੍ਹਾਂ ਦੇ ਅਸਲੀ ਮਾਲਕਾਂ ਦੇ ਹਵਾਲੇ ਕੀਤੇ ਹਨ
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸੀ.ਈ.ਆਈ.ਆਰ ਪੋਰਟਲ ਦੀ ਮਦਦ ਨਾਲ 1,839 ਗੁੰਮ ਹੋਏ ਮੋਬਾਈਲ ਫੋਨ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਸੌਂਪੇ ਜਾ ਚੁੱਕੇ ਹਨ। ਇਸ ਤਰ੍ਹਾਂ ਸੰਗਰੂਰ ਪੁਲਿਸ ਹੁਣ ਤੱਕ ਕੁੱਲ 1,942 ਮੋਬਾਈਲ ਫੋਨ ਟਰੇਸ ਕਰਕੇ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਸਪੁਰਦ ਕਰ ਚੁੱਕੀ ਹੈ
ਡਾ. ਰਵਜੋਤ ਕੌਰ ਗਰੇਵਾਲ ਨੇ ਕਿਹਾ ਕਿ ਸੰਗਰੂਰ ਪੁਲਿਸ ਲੋਕਾਂ ਦੀ ਸੇਵਾ ਅਤੇ ਸੁਰੱਖਿਆ ਲਈ 24 ਘੰਟੇ ਪੂਰੀ ਮੁਸਤੈਦੀ ਨਾਲ ਡਿਊਟੀ ਨਿਭਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਗੁੰਮਸ਼ੁਦਾ ਮੋਬਾਈਲ ਫੋਨਾਂ ਦੀ ਬਰਾਮਦਗੀ ਲਈ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਦਾ ਮੋਬਾਈਲ ਫੋਨ ਗੁੰਮ ਹੋ ਜਾਂਦਾ ਹੈ ਤਾਂ ਉਹ ਤੁਰੰਤ ਸੀ.ਈ.ਆਈ.ਆਰ ਪੋਰਟਲ 'ਤੇ ਆਨਲਾਈਨ ਸ਼ਿਕਾਇਤ ਦਰਜ ਕਰਵਾਉਣ ਜਾਂ ਆਪਣੇ ਨੇੜਲੇ ਪੁਲਿਸ ਸਾਂਝ ਕੇਂਦਰ ਨਾਲ ਸੰਪਰਕ ਕਰਨ, ਤਾਂ ਜੋ ਗੁੰਮਸ਼ੁਦਾ ਮੋਬਾਈਲ ਫੋਨ ਨੂੰ ਜਲਦ ਤੋਂ ਜਲਦ ਟਰੇਸ ਕਰਕੇ ਵਾਪਸ ਦਿਵਾਇਆ ਜਾ ਸਕੇ

- Download Babushahi App
-
-