ਜਗਰਾਉਂ ਪੁਲਿਸ ਦਾ 'ਹਾਈਟੈਕ ਐਕਸ਼ਨ', ਪੱਤਰਕਾਰੀ ਦਾ ਰੋਹਬ ਦਿਖਾਉਣ ਵਾਲੇ ਦੇ ਮੁੰਡੇ ਦਾ ਵੀ ਕੱਟਿਆ ਚਲਾਨ
ਦੀਪਕ ਜੈਨ
ਜਗਰਾਉਂ, 18 ਜੂਨ 2026- ਜਗਰਾਉਂ ਦੇ ਝਾਂਸੀ ਰਾਣੀ ਚੌਂਕ ਵਿੱਚ ਅੱਜ ਲੁਧਿਆਣਾ ਦਿਹਾਤੀ ਪੁਲਿਸ ਨੇ ਸ਼ਰਾਰਤੀ ਅਨਸਰਾਂ ਅਤੇ ਬੁਲਟ ਮੋਟਰਸਾਈਕਲਾਂ ਰਾਹੀਂ ਸ਼ਹਿਰ ਦੀ ਸ਼ਾਂਤੀ ਭੰਗ ਕਰਨ ਵਾਲੇ ਹੁੱਲੜਬਾਜ਼ਾਂ ਵਿਰੁੱਧ ਸਖ਼ਤ ਰੁਖ ਅਖਤਿਆਰ ਕੀਤਾ। ਡੀ.ਐਸ.ਪੀ. ਜਸਵਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਲਗਾਏ ਗਏ ਇਸ 'ਹਾਈਟੈਕ ਨਾਕੇ' ਨੇ ਅੱਜ ਕਈਆਂ ਦੇ ਰੋਹਬ-ਦਾਬ ਠੰਡੇ ਕਰ ਦਿੱਤੇ।
ਇਸ ਨਾਕੇ ਦੌਰਾਨ ਸਭ ਤੋਂ ਚਰਚਾ ਦਾ ਵਿਸ਼ਾ ਉਹ ਘਟਨਾ ਰਹੀ ਜਦੋਂ ਪੁਲਿਸ ਨੇ ਇੱਕ ਅਖਬਾਰ ਦੇ ਪੱਤਰਕਾਰ ਹਰਵਿੰਦਰ ਸਿੰਘ ਸੱਗੂ ਦੇ ਲੜਕੇ ਕਰਨਵੀਰ ਸਿੰਘ ਸੱਗੂ ਦੇ ਮੋਡੀਫਾਈਡ ਸਾਈਲੈਂਸਰ ਵਾਲੇ ਬੁਲਟ ਮੋਟਰਸਾਈਕਲ ਨੂੰ ਪਟਾਕੇ ਮਾਰਨ ਦੇ ਸ਼ੱਕ ਹੋਣ ਤੇ ਰੋਕਿਆ। ਜਦੋਂ ਰੋਕ ਕੇ ਬੁਲਟ ਮੋਟਰਸਾਈਕਲ ਦੀ ਜਾਂਚ ਕੀਤੀ ਗਈ ਤਾਂ ਉਹ ਪਟਾਕੇ ਮਾਰਦਾ ਪਾਇਆ ਗਿਆ। ਪਟਾਕੇ ਮਾਰਦੇ ਇਸ ਬੁਲਟ ਦਾ ਮੋਟਾ ਚਲਾਨ ਕੱਟੇ ਜਾਣ ਤੋਂ ਬਚਾਉਣ ਲਈ ਮੌਕੇ 'ਤੇ ਪਹੁੰਚੇ ਸੰਪਾਦਕ ਸਾਹਿਬ ਨੇ ਆਪਣੀ ਪੱਤਰਕਾਰੀ ਦਾ ਰੋਹਬ ਝਾੜਨ ਦੀ ਕੋਸ਼ਿਸ਼ ਕੀਤੀ। ਉੱਥੇ ਹੀ, ਮੁਲਜ਼ਮ ਲੜਕੇ ਨੇ ਵੀ ਆਪਣੇ ਬੈਂਕ ਵਿੱਚ ਕੰਮ ਕਰਨ ਦਾ ਹਵਾਲਾ ਦੇ ਕੇ ਪੁਲਿਸ ਨੂੰ ਪ੍ਰਭਾਵਿਤ ਕਰਨ ਦੀ ਪੂਰੀ ਵਾਹ ਲਾਈ।
ਪਰ ਡੀ.ਐਸ.ਪੀ. ਢੀਂਡਸਾ ਦੇ ਅੱਗੇ ਕਿਸੇ ਦੀ ਪੇਸ਼ ਨਹੀਂ ਚੱਲੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਮੋਟਰਸਾਈਕਲ ਦਾ ਸਲੈਂਸਰ ਨਿਯਮਾਂ ਦੇ ਉਲਟ ਮੋਡੀਫਾਈ ਕੀਤਾ ਗਿਆ ਹੈ ਅਤੇ ਇਹ ਆਮ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਪੁਲਿਸ ਨੇ ਕਿਸੇ ਦੀ ਵੀ ਸਿਫਾਰਸ਼ ਜਾਂ ਦਬਾਅ ਨੂੰ ਨਜ਼ਰਅੰਦਾਜ਼ ਕਰਦਿਆਂ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਚਲਾਨ ਕੱਟ ਕੇ ਹੱਥ ਫੜਾ ਦਿੱਤਾ।
ਡੀ.ਐਸ.ਪੀ. ਜਸਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਸ਼ਹਿਰ ਵਿੱਚ ਕਿਸੇ ਵੀ ਕੀਮਤ 'ਤੇ ਹੁੱਲੜਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨਾਕੇ ਦੌਰਾਨ ਵਾਹਨਾਂ ਦੇ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਅਤੇ ਖਾਸ ਤੌਰ 'ਤੇ ਉਹਨਾਂ ਬੁਲਟ ਮੋਟਰਸਾਈਕਲਾਂ 'ਤੇ ਕਾਰਵਾਈ ਕੀਤੀ ਗਈ ਜਿਨ੍ਹਾਂ ਦੇ ਸਲੈਂਸਰ ਬਦਲ ਕੇ ਪਟਾਕੇ ਮਾਰੇ ਜਾਂਦੇ ਹਨ।
ਇਸ ਕਾਰਵਾਈ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਜਗਰਾਉਂ ਪੁਲਿਸ ਕਾਨੂੰਨ ਨੂੰ ਲਾਗੂ ਕਰਨ ਲਈ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਕੋਈ ਵੀ ਰਸੂਖਦਾਰ ਕਾਨੂੰਨ ਦੇ ਲੰਮੇ ਹੱਥਾਂ ਤੋਂ ਬਚ ਨਹੀਂ ਸਕਦਾ।