Babushahi Special ਵਿਰਾਸਤੀ ਮੇਲੇ ’ਚ ਵਿਰਾਸਤ ਨੂੰ ਸਮਝਣ ਦੀ ਥਾਂ ਮੇਲੀਆਂ ਨੇ ਰਗੜੀਆਂ ਕੁਲਫੀਆਂ ’ਤੇ ਗੋਲ ਗੱਪੇ
ਅਸ਼ੋਕ ਵਰਮਾ
ਬਠਿੰਡਾ, 24 ਮਾਰਚ 2026 : ਬਠਿੰਡਾ ਦੇ ਪਿੰਡ ਜੈਪਾਲਗੜ੍ਹ ’ਚ ਲੱਗੇ ਵਿਰਾਸਤੀ ਮੇਲੇ ਦੌਰਾਨ ਪੰਜਾਬੀ ਸੱਭਿਆਚਾਰ ਦੇ ਰੰਗ ਮਾਨਣ ਅਤੇ ਵਿਰਾਸਤ ਨੂੰ ਸਮਝਣ ਦੀ ਥਾਂ ਮੇਲੀਆਂ ਦਾ ਜਿਆਦਾ ਜੋਰ ਕੁਲਫੀਆਂ , ਮਿਲਕ ਬਦਾਮ, ਗੋਲ ਗੱਪੇ ਅਤੇ ਪੀਜਾ ਬਰਗਰ ਵਰਗੇ ਪਕਵਾਨ ਛਕਣ ’ਤੇ ਜੋਰ ਜਿਆਦਾ ਰਿਹਾ । ਵਿਰਾਸਤੀ ਮੇਲੇ ਦੌਰਾਨ ਪੇਂਡੂ ਸੱਭਿਆਚਾਰ ਤੇ ਵਿਰਾਸਤ ਦੀ ਪਹਿਲੇ ਸਾਲਾਂ ਵਾਂਗ ਤੂਤੀ ਬੋਲਣ ਵਾਲਾ ਮਹੌਲ ਨਹੀਂ ਬਣਿਆ ਜਿਸ ਕਰਕੇ ਵਿਰਾਸਤ ਨੂੰ ਸਮਝਣ ਵਾਲੇ ਦਰਸ਼ਕਾਂ ਦੀ ਘਾਟ ਤਿੰਨੇ ਦਿਨ ਰੜਕਦੀ ਰਹੀ। ਹਰ ਵਾਰ ਕੁੱਝ ਨਵਾਂ ਤਲਾਸ਼ਣ ਦੇ ਰੁਝਾਨ ਕਾਰਨ ਸ਼ਹਿਰੀ ਲੋਕ ਐਤਕੀਂ ਵਿਰਾਸਤੀ ਮੇਲੇ ਤੋਂ ਦੂਰ ਹੋਏ ਹਨ ਅਤੇ ਮੇਲਾ ਹੁਣ ਪੁਰਾਣਾ ਜਲੌਅ ਵੀ ਗੁਆ ਚੁੱਕਿਆ ਹੈ। ਏਨਾ ਜ਼ਰੂਰ ਹੈ ਕਿ ਫੋਟੋਆਂ ਖਿੱਚ੍ਹਣ ਖਿਚਵਾਉਣ ਵਾਲੇ ਦਰਸ਼ਕ ਮੇਲਾ ਲੁੱਟਦੇ ਨਜ਼ਰ ਆਏ। ਉਂਜ ਵਿਰਾਸਤੀ ਪਿੰਡ ਦੇ ਨਾਲ ਸਥਿਤ ਬਹੁਮੰਤਵੀ ਖੇਡ੍ਹ ਸਟੇਡੀਅਮ ’ਚ ਲੱਗੇ ਪੰਜਾਬ ਸਖੀ ਸ਼ਕਤੀ ਮੇਲੇ ਕਾਰਨ ਕਾਫੀ ਰੌਣਕਾਂ ਲੱਗੀਆਂ ਰਹੀਆਂ।
ਇਸ ਤੋਂ ਪਹਿਲਾਂ ਖਾਣ ਪੀਣ ਵਾਲੇ ਸਟਾਲ ਜੈਪਾਲਗੜ੍ਹ ਦੇ ਅੰਦਰ ਲੱਗਦੇ ਰਹੇ ਹਨ ਪਰ ਐਤਕੀਂ ਇਹ ਤਾਮਝਾਮ ਸਟੇਡੀਅਮ ਦੇ ਅੰਦਰ ਲੱਗਾ ਹੋਇਆ ਸੀ। ਦੇਖਣ ’ਚ ਆਇਆ ਕਿ ਗਰਮੀ ਕਾਰਨ ਲੋਕਾਂ ਦੀ ਪਸੰਦ ਕੁਲਫੀਆਂ ਜਿਆਦਾ ਸੀ ਜਦੋਂਕਿ ਹੋਰ ਠੰਢੇ ਪਦਾਰਥਾਂ ਨੂੰ ਤਰਜੀਹ ਇਸ ਤੋਂ ਵੱਖਰੀ ਰਹੀ। ਮਾਰਚ ਮਹੀਨੇ ਦੌਰਾਨ ਬੇਸ਼ੱਕ ਮੌਸਮ ਓਨਾਂ ਗਰਮ ਨਹੀਂ ਸੀ ਪਰ ਸਟੇਡੀਅਮ ਦੀ ਖੁੱਲ੍ਹੀ ਥਾਂ ਕਾਰਨ ਤੇਜ ਹੋਏ ਪਾਰੇ ਦਾ ਅਸਰ ਇਸ ਮੇਲੇ ’ਚ ਦੇਖਣ ਨੂੰ ਮਿਲਿਆ ਜਿੱਥੇ ਸਭ ਤੋਂ ਵੱਧ ਵਿੱਕਰੀ ਕੁਲਫੀਆਂ ਦੀ ਹੋਈ ਜਦੋਂਕਿ ਤਲੀਆਂ ਵਸਤਾਂ ਜਿੰਨ੍ਹਾਂ ’ਚ ਟਿੱਕੀਆਂ, ਬਰੈਡਾਂ ਤੇ ਪਕੌੜੇ ਆਦਿ ਵਾਲਿਆਂ ਦੇ ਸਟਾਲ ਉੱਪਰ ਨਵੀਂ ਪੀੜ੍ਹੀ ਦੀ ਭੀੜ ਵੱਧ ਰਹੀ। ਨੌਜਵਾਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਠੰਢੇ ਮੌਸਮ ਕਾਰਨ ਵਿੱਕਰੀ ਦੀ ਉਮੀਦ ਘੱਟ ਸੀ ਪਰ ਉਨ੍ਹਾਂ ਦੀ ਧਾਰਨਾ ਗਲ੍ਹਤ ਸਾਬਤ ਹੋਈ ਹੈ ਕਿਉਂਕਿ 20 ਰੁਪਏ ਵਿੱਕਰੀ ਵਾਲੀਆਂ ਕੁਲਫੀਆਂ ਪਹਿਲੇ ਦਿਨ ਹੀ ਚਾਰ ਵਾਰ ਮੰਗਵਾਉਣੀਆਂ ਪਈਆਂ ਹਨ।
ਸਹੁਰਾ ਘਰ ਬਠਿੰਡਾ ਹੋਣ ਕਰਕੇ ਆਪਣੀ ਪਤਨੀ ਨਾਲ ਆਏ ਇੱਕ ਨੌਜਵਾਨ ਨੇ ਦੱਸਿਆ ਕਿ ਉਹ ਪਹਿਲੀ ਵਾਰ ਇਹ ਮੇਲਾ ਦੇਖਣ ਆਇਆ ਹੈ ਅਤੇ ਪੰਜਾਬ ਦੀ ਵਿਰਾਸਤ ਨਾਲ ਜੁੜਿਆ ਕੁੱਝ ਸਮਾਨ ਖਰੀਦਣ ਦੀ ਇੱਛਾ ਰੱਖਦਾ ਸੀ ਪਰ ਮਿਲਿਆ ਨਹੀਂ । ਉਸ ਦਾ ਕਹਿਣਾ ਸੀ ਕਿ ਸਖੀ ਸ਼ਕਤੀ ਮੇਲੇ ’ਚ ਲੱਗੇ ਸਟਾਲਾਂ ਤੋਂ ਉਨ੍ਹਾਂ ਨੇ ਪੰਜਾਬੀ ਜੁੱਤੀ ਤੋਂ ਇਲਾਵਾ ਰਸੋਈ ’ਚ ਵਰਤੀਆਂ ਜਾਣ ਵਾਲੀਆਂ ਕਈ ਪ੍ਰਕਾਰ ਦੀਆਂ ਹਾਈਜੀਨੀਅਕ ਵਸਤਾਂ ਖਰੀਦੀਆਂ ਹਨ। ਕੁਲਚਾ ਤਿਆਰ ਕਰ ਰਹੇ ਨੌਜਵਾਨ ਰਜਨੀਸ਼ ਮੰਡਲ ਦਾ ਕਹਿਣਾ ਸੀ ਕਿ ਤੁਰਦੇ ਫਿਰਦੇ ਰਹਿਣ ਕਾਰਨ ਜਦੋਂ ਭੁੱਖ ਲੱਗਦੀ ਹੈ ਤਾਂ ਕੁਲਚੇ ਹੀ ਪਹਿਲਾ ਸਹਾਰਾ ਬਣਦੇ ਹਨ । ਉਸ ਨੇ ਦੱਸਿਆ ਕਿ ਉਨ੍ਹਾਂ ਕੋਲ ਪਨੀਰ ਟਿੱਕਾ ਅਤੇ ਟਿੱਕੀਆਂ ਦੀ ਵਿੱਕਰੀ ਵੀ ਕਾਫੀ ਰਹੀ ਹੈ। ਉਸ ਨੇ ਦੱਸਿਆ ਕਿ ਠੰਢਾ ਮੌਸਮ ਵਰਦਾਨ ਬਣਿਆ ਅਤੇ ਗਰਮੀ ਜਿਆਦਾ ਹੁੰਦੀ ਤਾਂ ਉਨ੍ਹਾਂ ਦੇ ਸਮਾਨ ਦੀ ਵਿੱਕਰੀ’ ਤੇ ਵੱਡਾ ਅਸਰ ਪੈਣਾ ਸੀ।
ਦੂਜੇ ਪਾਸੇ ਜੈਲਦਾਰਾਂ ਦੀ ਹਵੇਲੀ ’ਚ ਪੰਜਾਬ ਦੇ ਵਿਾਸਤੀ ਰੰਗਾਂ ਨੂੰ ਸਮੇਟੀ ਬੈਠੇ ਜੈਲਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਨਵੀਂ ਪੀੜ੍ਹੀ ਵਿਰਾਸਤ ’ਚੋਂ ਮਨੋਰੰਜਨ ਤਲਾਸ਼ਦੀ ਹੈ ਤੇ ਜਾਂ ਫਿਰ ਵਿਰਾਸਤ ਨੂੰ ਕੈਮਰੇ ਵਿੱਚ ਕੈਦ ਕਰਨ ਦੀ ਇੱਛੁਕ ਜਿਆਦਾ ਹੈ। ਉਨ੍ਹਾਂ ਦੱਸਿਆ ਕਿ ਨਵੇਂ ਮੁੰਡੇ ਪੁਰਾਣੀ ਵਿਰਾਸਤ ਅਤੇ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ। ਜੈਪਾਲਗੜ੍ਹ ਦੇ ਇੱਕ ਘਰ ’ਚ ਦਰੀ ਬੁਣਦੀਆਂ ਔਰਤਾਂ ਚੋਂ ਇੱਕ ਬਲਜੀਤ ਕੌਰ ਦੱਸਦੀ ਹੈ ਕਿ ਉਨ੍ਹਾਂ ਤੋਂ ਕੁੜੀਆਂ ਨੇ ਦਰੀਆਂ ਬੁਣਨ ਦੀ ਕਲਾ ਅਤੇ ਪੁਰਾਣਾ ਢੰਗ ਤਰੀਕਾ ਜਾਣਨ ਦੀ ਥਾਂ ਤਸਵੀਰਾਂ ਖਿੱਚਣ ਨੂੰ ਹੀ ਪਹਿਲ ਦਿੱਤੀ ਹੈ। ਉਸ ਨੇ ਦੱਸਿਆ ਕਿ ਕਿਸੇ ਵੀ ਕੁੜੀ ਨੂੰ ਹੱਥੇ ਅਤੇ ਪਣਖ ਸਬੰਧੀ ਨਹੀਂ ਪਤਾ ਸੀ। ਵਿਰਾਸਤੀ ਮੇਲੇ ਵਿੱਚ ਪੁਰਾਣੇ ਸਾਮਾਨ ਦੀ ਨੁਮਾਇਸ਼ ਦੇਖਣ ਵਾਲੇ ਵੀ ਜਿਆਦਾਤਰ ਵੱਡੀ ਉਮਰ ਦੇ ਹੀ ਸਨ ਅਤੇ ਨਵੇਂ ਪੀੜ੍ਹੀ ਕੋਈ ਬਹੁਤੀ ਦਿਲਚਸਪੀ ਨਹੀਂ ਦਿਖੀ।
ਸੁੰਨਾ ਰਿਹਾ ਮਾਣਕ ਨਿਵਾਸ
ਮਾਲਵਾ ਹੈਰੀਟੇਜ ਫਾਊਡੇਸ਼ਨ ਵੱਲੋਂ ਵਿਰਾਸਤੀ ਪਿੰਡ ਵਿੱਚ ਬਣਾਇਆ ਗਿਆ ਮਾਣਕ ਨਿਵਾਸ ’ਚ ਕੋਈ ਜਿਆਦਾ ਰੌਣਕ ਨਜ਼ਰ ਨਹੀਂ ਆਈ। ਮਾਣਕ ਨਿਵਾਸ ’ਚ ਕਿਧਰੇ ਵੀ ਕੋਈ ਵੱਡੀ ਸ਼ਾਨਦਾਰ ਤਸਵੀਰ ਨਹੀਂ ਦਿਖਾਈ ਦਿੱਤੀ। ਮਾਣਕ ਦੇ ਪ੍ਰਸ਼ੰਸ਼ਕ ਗੁਰਪਿਆਰ ਸਿੰਘ ਦਾ ਕਹਿਣਾ ਸੀ ਕਿ ਚੰਗਾ ਹੁੰਦਾ ਕਿ ਮਾਣਕ ਨਿਵਾਸ ਵਿੱਚ ਮਾਣਕ ਦੀ ਯਾਦ ਨਾਲ ਜੁੜੀ ਹਰ ਤਸਵੀਰ ਸਜਾਈ ਜਾਂਦੀ। ਉਨ੍ਹਾਂ ਕਿਹਾ ਕਿ ਪੰਜਾਬੀ ਗਾਇਕੀ ’ਚ ਜਿੰਨਾਂ ਵੱਡਾ ਯੋਗਦਾਨ ਕੁਲਦੀਪ ਮਾਣਕ ਨੇ ਪਾਇਆ ਹੈ ਉਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਜੋਕੇ ਰੱਖਿਆ ਜਾਣਾ ਤਰਜੀਹੀ ਹੋਣਾ ਚਾਹੀਦਾ ਹੈ।
ਨਵੇਂ ਪੋਚ ਲਈ ਝੰਜਟ: ਦਾਤੇਵਾਸੀਆ
ਬਠਿੰਡਾ ਦੇ ਸਾਹਿਤਕਾਰ ਅਮਨ ਦਾਤੇਵਾਸੀਆ ਦਾ ਕਹਿਣਾ ਸੀ ਕਿ ਅਸਲ ’ਚ ਇਕੱਲੀਆਂ ਦਰੀਆਂ ਹੀ ਨਹੀਂ ਪੱਛਮੀ ਹਵਾ ਦੇ ਪ੍ਰਭਾਵ ਨੇ ਪੰਜਾਬੀ ਵਿਰਸਾਤ ਨੂੰ ਡੂੰਘੀ ਸੱਟ ਮਾਰੀ ਹੈ। ਉਨ੍ਹਾਂ ਕਿ ਨਵਾਂ ਪੋਚ ਹੁਨਰਮੰਦ ਬਣਨ ਨੂੰ ਝੰਜਟ ਮੰਨਕੇ ਸਿੱਖਣ ਦੀ ਥਾਂ ਦਿਨੋ ਦਿਨ ਦੂਰ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋੋਂ ਇਹੋ ਜਾਪਦਾ ਹੈ ਕਿ ਪੰਜਾਬੀ ਸੱਭਿਆਚਾਰ ਦੀ ਉਮਰ ਨੂੰ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਅਮੀਰ ਵਿਰਸਾ ਸੰਭਾਲਣ ਲਈ ਨਵੀਂ ਪੀੜ੍ਹੀ ਨੂੰ ਅੱਗੇ ਆਉਣਾ ਚਾਹੀਦਾ ਹੈ।
Click to Follow Babushahi Facebook page →