ਪ੍ਰੈੱਸ ਦੀ ਆਜ਼ਾਦੀ ਬਹਾਲ ਕਰੋ ਸੰਘਰਸ਼ ਕਮੇਟੀ ਵੱਲੋਂ 27 ਫਰਵਰੀ ਨੂੰ ਅੰਮ੍ਰਿਤਸਰ ਵਿਖੇ ਰੋਸ ਮੁਜ਼ਾਹਰਾ
ਅਸ਼ੋਕ ਵਰਮਾ
ਬਠਿੰਡਾ, 23 ਫਰਵਰੀ 2026 : “ਪ੍ਰੈੱਸ ਦੀ ਆਜ਼ਾਦੀ ਬਹਾਲ ਕਰੋ ਸੰਘਰਸ਼ ਕਮੇਟੀ” ਦੀ ਇੱਕ ਅਹਿਮ ਮੀਟਿੰਗ ਬਠਿੰਡਾ ਵਿਖੇ ਹੋਈ, ਜਿਸ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਮੀਟਿੰਗ ਦੌਰਾਨ ਮੌਜੂਦਾ ਹਾਲਾਤਾਂ ’ਤੇ ਗੰਭੀਰ ਚਰਚਾ ਕਰਦੇ ਹੋਏ ਕਮੇਟੀ ਨੇ ਸਰਕਾਰ ਦੀ ਦਬਾਉ ਨੀਤੀ ਦਾ ਡਟ ਕੇ ਵਿਰੋਧ ਕਰਨ ਦਾ ਐਲਾਨ ਕੀਤਾ। ਅੱਜ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਬਠਿੰਡਾ ਦੀ ਤਰਜ਼ ’ਤੇ ਮਾਝੇ ਵਿੱਚ ਵੀ ਇਕ ਵਿਸ਼ਾਲ ਇਕੱਠ ਕੀਤਾ ਜਾਵੇਗਾ। ਇਹ ਵਿਸ਼ਾਲ ਮੁਜਾਹਰਾ 27 ਫ਼ਰਵਰੀ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਡੀ.ਸੀ. ਦਫ਼ਤਰ ਦੇ ਸਾਹਮਣੇ ਕੀਤਾ ਜਾਵੇਗਾ। ਇਸ ਮੌਕੇ ਜਨਤਕ ਜਥੇਬੰਦੀਆਂ, ਕਾਰਕੁੰਨਾਂ, ਪੱਤਰਕਾਰਾਂ ਅਤੇ ਆਮ ਲੋਕਾਂ ਵੱਲੋਂ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਕੋਰ ਕਮੇਟੀ ਮੈਂਬਰਾਂ ਵੱਲੋਂ ਡਿਊਟੀਆਂ ਦੀ ਵੰਡ ਅਤੇ ਵਿਸਥਾਰਪੂਰਵਕ ਯੋਜਨਾਬੰਦੀ ਕੀਤੀ ਗਈ।
ਕਮੇਟੀ ਨੇ ਇਹ ਵੀ ਉਜਾਗਰ ਕੀਤਾ ਕਿ ਪਰਚਿਆਂ ਤੋਂ ਬਾਅਦ ਸਰਕਾਰ ਵੱਲੋਂ ਝੂਠੀਆਂ ਕਾਪੀਰਾਈਟ ਸਟਰਾਈਕਾਂ ਮਾਰ ਕੇ ਪੱਤਰਕਾਰਾਂ ਅਤੇ ਕਾਰਕੁੰਨਾਂ ਦੇ ਫੇਸਬੁੱਕ ਪੇਜ ਅਤੇ ਚੈਨਲ ਬੰਦ ਕਰਵਾਏ ਜਾ ਰਹੇ ਹਨ। ਪੱਤਰਕਾਰ ਮਨਿੰਦਰ ਸਿੱਧੂ , ਰਤਨਦੀਪ ਧਾਲੀਵਾਲ ਅਤੇ ਹੋਰਾਂ ਦਾ ਚੱਲਦਾ ਚੈਨਲ ਇਸੇ ਤਰ੍ਹਾਂ ਬੰਦ ਕਰਾਇਆ ਗਿਆ। ਹੁਣ RTI ਕਾਰਕੁੰਨ ਮਾਨਿਕ ਗੋਇਲ ਦੇ ਫੇਸਬੁੱਕ ਪੇਜ ’ਤੇ ਵੀ ਝੂਠੀਆਂ ਕਾਪੀਰਾਈਟ ਸਟਰਾਈਕਾਂ ਮਾਰੀ ਜਾ ਰਹੀਆਂ ਹਨ, ਤਾਂ ਜੋ ਉਹ ਨਾ ਸਵਾਲ ਕਰ ਸਕਣ ਅਤੇ ਨਾ ਹੀ ਸੋਸ਼ਲ ਮੀਡੀਆ ’ਤੇ ਸਰਕਾਰ ਦੇ ਝੂਠਾਂ ਨੂੰ ਬੇਨਕਾਬ ਕਰ ਸਕਣ। ਇਸ ਮਾਮਲੇ ਵਿੱਚ ਕੋਰ ਕਮੇਟੀ ਨੇ ਹਾਈਕੋਰਟ ਜਾਣ ਦਾ ਫੈਸਲਾ ਵੀ ਲਿਆ ਹੈ।
ਇਸ ਦੇ ਨਾਲ ਹੀ ਪਿਛਲੇ ਦਿਨਾਂ ਪਿੰਡ ਜਿਉਂਦ ਵਿਖੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ’ਤੇ ਕੀਤੇ ਗਏ ਤਸ਼ੱਦਦ ਦੀ ਕਮੇਟੀ ਵੱਲੋਂ ਨਿਖੇਧੀ ਕੀਤੀ ਗਈ। ਸ਼ਾਂਤਮਈ ਧਰਨੇ ਦੌਰਾਨ ਸੈਂਕੜਿਆਂ ਪੁਲਿਸ ਕਰਮਚਾਰੀਆਂ ਵੱਲੋਂ ਲਾਠੀਚਾਰਜ, ਅੱਥਰੂ ਗੈਸ ਦੇ ਗੋਲੇ ਅਤੇ ਰੋੜੇ ਚਲਾਏ ਗਏ। ਘਰਾਂ ਵਿੱਚ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ, ਲੋਕਾਂ ਨੂੰ ਘਰਾਂ ਵਿੱਚ ਵੜ੍ਹ ਕੇ ਕੁੱਟਿਆ ਗਿਆ ਅਤੇ ਮਹਿਲਾਵਾਂ ਨਾਲ ਬਦਸਲੂਕੀ ਕੀਤੀ ਗਈ। ਇੱਥੋਂ ਤੱਕ ਕਿ ਪੁਲਿਸ ਵੱਲੋਂ ਲੋਕਾਂ ਦੇ ਘਰਾਂ ਦੀਆਂ ਛੱਤਾਂ ’ਤੇ ਚੜ੍ਹ ਕੇ ਹਿੰਸਕ ਕਾਰਵਾਈ ਕੀਤੀ ਗਈ। ਕਮੇਟੀ ਦੱਸਿਆ ਕਿ ਇਸ ਮੌਕੇ ਉਗਰਾਹਾਂ ਜਥੇਬੰਦੀ ਦੇ ਇੱਕ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਗਿਆ, ਉਸ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਅਤੇ ਸਿਰ ’ਤੇ ਡੂੰਘੀਆਂ ਸੱਟਾਂ ਮਾਰੀਆਂ ਗਈਆਂ। ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਅਤੇ ਉਸਦੀ ਦਿਮਾਗੀ ਹਾਲਤ ਕਾਫੀ ਨਾਜੁਕ ਹੋ ਗਈ । ਕਮੇਟੀ ਨੇ ਮੰਗ ਕੀਤੀ ਕਿ SSP ਜੋਤੀ ਯਾਦਵ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ, ਉਸ ਖ਼ਿਲਾਫ਼ ਇਰਾਦਾ ਕਤਲ ਅਤੇ ਗੰਭੀਰ ਸੱਟਾਂ ਪਹੁੰਚਾਉਣ ਦਾ ਪਰਚਾ ਦਰਜ ਕੀਤਾ ਜਾਵੇ। ਨਾਲ ਜ਼ਖ਼ਮੀ ਨੌਜਵਾਨ ਦਾ ਇਲਾਜ ਸਰਕਾਰ ਵੱਲੋਂ ਮੁਫ਼ਤ ਕਰਵਾਇਆ ਜਾਵੇ। ਇਸ ਤੋਂ ਇਲਾਵਾ, ਇਸ ਪੂਰੇ ਮਾਮਲੇ ਦੀ ਰਿਟਾਇਰਡ ਜੱਜਾਂ ਦੀ ਕਮੇਟੀ ਰਾਹੀਂ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਗਈ। ਅੰਨਦਾਤਿਆਂ ਨਾਲ ਹੋ ਰਹੀ ਇਹ ਧੱਕਾ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗਾ।
ਇਸ ਮੌਕੇ ਕੋਰ ਕਮੇਟੀ ਪ੍ਰਧਾਨ ਸ. ਬਖਤੋਰ ਢਿੱਲੋਂ, ਮਨਿੰਦਰਜੀਤ ਸਿੱਧੂ, ਮਾਨਿਕ ਗੋਇਲ, ਜੱਸ ਗਰੇਵਾਲ, ਸੰਦੀਪ ਲਾਧੂਕਾ, ਮਨਦੀਪ ਮੱਕੜ , ਮੋਹਨ ਔਲਖ ਆਦਿ ਹਾਜ਼ਰ ਸਨ। ਕਮੇਟੀ ਵੱਲੋਂ ਸਮੂਹ ਜਨਤਾ ਅਤੇ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਕਿ 27 ਫ਼ਰਵਰੀ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਡੀ.ਸੀ. ਦਫ਼ਤਰ ਸਾਹਮਣੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਸੰਘਰਸ਼ ਨੂੰ ਕਾਮਯਾਬ ਬਣਾਇਆ ਜਾਵੇ, ਕਿਉਂਕਿ ਇਹ ਲੜਾਈ ਪੰਜਾਬ ਦੇ ਹਰ ਨਾਗਰਿਕ ਦੀ ਆਵਾਜ਼ ਅਤੇ ਹੱਕਾਂ ਦੀ ਲੜਾਈ ਹੈ। ਜ਼ੁਬਾਨਬੰਦੀ ਕਿਸੇ ਵੀ ਹਾਲਤ ਵਿੱਚ ਕਬੂਲ ਨਹੀਂ ਕੀਤੀ ਜਾਵੇਗੀ।