ਸਰਕਾਰੀ ਹਾਈ ਸਕੂਲ, ਲਹਿਰਾ ਬੇਗਾ ਵਿਖੇ ਕਰਵਾਈਆਂ ਕੌਮਾਂਤਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਗਤੀਵਿਧੀਆਂ
ਅਸ਼ੋਕ ਵਰਮਾ
ਭੁੱਚੋ ਮੰਡੀ, 23 ਫਰਵਰੀ 2026: ਸਰਕਾਰੀ ਹਾਈ ਸਮਾਰਟ ਸਕੂਲ, ਲਹਿਰਾ ਬੇਗਾ ਵਿਖੇ ਕੌਮਾਂਤਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਮਾਤ ਭਾਸ਼ਾ ਦਾ ਵਿਦਿਆਰਥੀ ਜੀਵਨ ਵਿੱਚ ਮਹੱਤਵ ਵਿਸ਼ੇ 'ਤੇ ਸੈਮੀਨਾਰ ਅਤੇ ਵਿਦਿਆਰਥੀਆਂ ਦੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿਚ ਕਵਿਤਾ ਉਚਾਰਨ ਮੁਕਾਬਲੇ, ਸਲੋਗਨ ਲਿਖਣ ਮੁਕਾਬਲੇ, ਭਾਸ਼ਣ ਮੁਕਾਬਲੇ ਅਤੇ ਪ੍ਰਸ਼ਨੋਤਰੀ ਮੁਕਾਬਲਿਆਂ ਵਿੱਚ 6ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਮਾਂ ਬੋਲੀ ਪੰਜਾਬੀ ਨਾਲ਼ ਸਬੰਧਿਤ ਲੋਕ ਬੋਲੀਆਂ ਅਤੇ ਗੀਤ ਪੇਸ਼ ਕੀਤੇ ਗਏ ਅਤੇ ਲਾਇਬ੍ਰੇਰੀ ਦੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਮੁੱਖ ਬੁਲਾਰੇ ਵਜੋਂ ਪ੍ਰੋਫੈਸਰ ਕਮਲਜੀਤ ਸਿੰਘ (ਐਜੂਕੇਸ਼ਨ ਵਿਭਾਗ, ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ) ਨੇ ਵਿਦਿਆਰਥੀਆਂ ਨਾਲ਼ ਵਿਸ਼ੇ ਦੀ ਸਾਂਝ ਪਾਉਂਦਿਆਂ ਵਿਦਿਆਰਥੀਆਂ ਨੂੰ ਵਿਸਰ ਰਹੇ ਪੰਜਾਬੀ ਸ਼ਬਦਾਂ ਨੂੰ ਆਪਣੀ ਬੋਲਚਾਲ ਵਿਚ ਲਿਆਉਣ ਲਈ ਪ੍ਰੇਰਿਤ ਕੀਤਾ।
ਉਹਨਾਂ ਨੇ ਮਾਂ ਬੋਲੀ ਪੰਜਾਬੀ ਦੀ ਹੋਂਦ ਬਰਕਰਾਰ ਰੱਖਣ ਲਈ ਸਾਡੇ ਸਾਹਮਣੇ ਭਵਿੱਖੀ ਚੁਣੌਤੀਆਂ ਨਾਲ਼ ਨਜਿੱਠਣ ਲਈ ਨੁਕਤੇ ਰੱਖਦਿਆਂ ਵਿਦਿਆਰਥੀਆਂ ਨੂੰ ਆਪਣੀ ਬੋਲੀ 'ਤੇ ਮਾਣ ਮਹਿਸੂਸ ਕਰਨ ਅਤੇ ਇਸ ਨੂੰ ਰੁਜ਼ਗਾਰ ਦੀ ਭਾਸ਼ਾ ਪੱਖੋਂ ਸੰਭਾਵਨਾਵਾਂ ਤਲਾਸ਼ਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਵਿੱਚ ਵਿਸ਼ੇਸ਼ ਬੁਲਾਰੇ ਵਜੋਂ ਗੁਰਵਿੰਦਰ ਸਿੰਘ ਬੀ ਆਰ ਸੀ ਨੇ ਆਪਣੀ ਹਾਜ਼ਰੀ ਲਗਵਾਈ। ਉਨ੍ਹਾਂ ਨੇ ਵਿਦਿਆਰਥੀਆਂ ਸਾਹਮਣੇ ਮਾਂ ਬੋਲੀ ਪ੍ਰਤੀ ਪੁਰਾਣੀ ਪੀੜ੍ਹੀ ਦਾ ਹੇਜ ਉਜਾਗਰ ਕਰਦਿਆਂ ਚਿੰਤਾ ਜ਼ਾਹਰ ਕੀਤੀ ਕਿ ਨਵੀਂ ਪੀੜ੍ਹੀ ਮਾਂ ਬੋਲੀ ਨਾਲੋਂ ਹੌਲ਼ੀ ਹੌਲ਼ੀ ਟੁੱਟ ਰਹੀ ਹੈ। ਉਹਨਾਂ ਨੇ ਬੱਚਿਆਂ ਨੂੰ ਹਾਈ ਲੈਵਲ ਡਾਕਟਰੀ ਅਤੇ ਇੰਜੀਨੀਅਰਿੰਗ ਦੇ ਕੋਰਸਾਂ ਦੀ ਪੜ੍ਹਾਈ ਵੀ ਮਾਂ ਬੋਲੀ ਪੰਜਾਬੀ ਵਿੱਚ ਕਰਨ ਲਈ ਪ੍ਰੇਰਿਤ ਕੀਤਾ।
ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਮੁਖੀ ਕੁਲਵਿੰਦਰ ਕਟਾਰੀਆ ਨੇ ਵਿਦਿਆਰਥੀਆਂ ਨੂੰ ਆਪਣੀਆਂ ਤਿੰਨੋਂ ਮਾਂਵਾਂ ਮਾਂ ਜਨਨੀ, ਮਾਂ ਧਰਤੀ ਅਤੇ ਮਾਂ ਬੋਲੀ ਨੂੰ ਬਰਾਬਰ ਸਤਿਕਾਰ ਦੇਣ ਦੀ ਲੋੜ ਨੂੰ ਦਰਸਾਉਂਦੇ ਹੋਏ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੇ ਸਟਾਫ਼ ਵਿਚੋਂ ਹਰਪ੍ਰੀਤ ਸਿੰਘ, ਜਗਦੀਪ ਸਿੰਘ, ਰੂਪ ਚੰਦ, ਰੁਪਿੰਦਰ ਸਿੰਘ, ਬੇਅੰਤ ਕੌਰ, ਕੁਲਦੀਪ ਕੌਰ, ਪਰਮਜੀਤ ਕੌਰ, ਕਰੁਣਾ ਗਰਗ, ਅਮਨਦੀਪ ਕੌਰ, ਰਮਨਪ੍ਰੀਤ ਕੌਰ, ਸ਼ਾਲੂ ਰਾਣੀ, ਰਸ਼ਮੀ, ਸੋਨਿਕਾ, ਸ਼ਵੇਤਾ ਸ਼ਰਮਾ ਅਤੇ ਪ੍ਰਤਿਭਾ ਸ਼ਰਮਾ ਮੌਜੂਦ ਸਨ। ਸਟੇਜ ਸਕੱਤਰ ਦੀ ਭੂਮਿਕਾ ਸ੍ਰੀਮਤੀ ਸੁਧਾ ਨੇ ਨਿਭਾਈ।