ਡਾਕਘਰ ਰਾਹੀਂ ਸਪੀਡ ਪੋਸਟ ਰਾਹੀਂ ਭੇਜੇ ਗਏ 15000 ਦੇ ਬੂਟ ਹੋ ਗਏ ਗਾਇਬ
ਤਿੰਨ ਮਹੀਨੇ ਤੋਂ ਪਾਰਸਲ ਦੀ ਜਾਣਕਾਰੀ ਲਈ ਡਾਕਘਰ ਦੇ ਚੱਕਰ ਲਗਾ ਰਿਹੈ ਨੌਜਵਾਨ
ਰੋਹਿਤ ਗੁਪਤਾ
ਗੁਰਦਾਸਪੁਰ ,
ਗੁਰਦਾਸਪੁਰ ਡਾਕ ਵਿਭਾਗ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਵੱਲੋਂ ਭੇਜੀ ਗਈ ਸਪੀਡ ਪੋਸਟ ਹੈਰਾਨੀਜਨਕ ਢੰਗ ਨਾਲ ਗਾਇਬ ਹੋ ਗਈ। ਨੌਜਵਾਨ ਪਿਛਲੇ ਤਿੰਨ ਮਹੀਨਿਆਂ ਤੋਂ ਡਾਕਘਰ ਦੇ ਚੱਕਰ ਲਗਾ ਰਿਹਾ ਹੈ, ਪਰ ਅਜੇ ਤੱਕ ਉਸਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ ਹੈ।
ਪੀੜਤ, ਸਕਸ਼ਮ ਦਾ ਕਹਿਣਾ ਹੈ ਕਿ ਕਿ ਉਸਨੇ ਨਿਰਧਾਰਤ ਫੀਸ ਅਦਾ ਕੀਤੀ ਅਤੇ ਸਪੀਡ ਪੋਸਟ ਰਾਹੀਂ 15,000 ਕੀਮਤ ਦੇ ਬੂਟ ਭੇਜੇ ਸਨ ਤਾਂ ਜੋ ਉਸ ਸਮੇਂ ਸਿਰ ਪਹੁੰਚ ਸਕਣ ਪਰ ਉਹ ਰਸਤੇ ਵਿੱਚ ਹੀ ਗਾਇਬ ਹੋ ਗਏ ਪਰ ਹੁਣ, ਡਾਕਘਰ ਦੇ ਕਰਮਚਾਰੀ ਨਾ ਤਾਂ ਸਹੀ ਜਾਣਕਾਰੀ ਦੇ ਰਹੇ ਹਨ ਅਤੇ ਨਾ ਹੀ ਇਸ ਮਾਮਲੇ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਨ।
ਨੌਜਵਾਨ ਨੇ ਡਾਕ ਵਿਭਾਗ ਦੇ ਕੰਮਕਾਜ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜੇਕਰ ਸਪੀਡ ਪੋਸਟ ਵਰਗੀ ਸੁਰੱਖਿਅਤ ਸੇਵਾ ਵਿੱਚ ਵੀ ਪਾਰਸਲ ਗਾਇਬ ਹੁੰਦੇ ਰਹਿੰਦੇ ਹਨ ਤਾਂ ਜਨਤਾ ਕਿਵੇਂ ਡਾਕਘਰ ਤੇ ਵਿਸ਼ਵਾਸ ਬਣਾਈ ਰੱਖ ਸਕਦੀ ਹੈ?ਪੀੜਤ ਨੇ ਮੰਗ ਕੀਤੀ ਹੈ ਕਿ ਡਾਕ ਵਿਭਾਗ ਦੇ ਸੀਨੀਅਰ ਅਧਿਕਾਰੀ ਮਾਮਲੇ ਦੀ ਜਾਂਚ ਕਰਨ, ਸਪੀਡ ਪੋਸਟ ਦਾ ਪਤਾ ਲਗਾਉਣ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ।
ਇਸ ਮਾਮਲੇ ਬਾਰੇ, ਡਾਕਘਰ ਦੇ ਸੁਪਰਡੈਂਟ ਚਰਨਜੀਤ ਸਿੰਘ ਨੇ ਕਿਹਾ ਕਿ ਲੜਕੇ ਨੇ ਇੱਕ ਪਾਰਸਲ ਭੇਜਿਆ ਸੀ, ਜੋ ਦਿੱਲੀ ਪਹੁੰਚਿਆ ਪਰ ਬਾਅਦ ਵਿੱਚ ਗੁੰਮ ਹੋ ਗਿਆ, ਅਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ। ਪੋਸਟ ਆਫਿਸ ਦੇ ਨਿਯਮਾਂ ਦੇ ਹਿਸਾਬ ਨਾਲ ਬਿਨਾਂ ਬੀਮੇ ਦੀ ਸਧਾਰਨ ਸਪੀਡ ਪੋਸਟ ਦਾ ਮੁਆਵਜ਼ਾ ਸਪੀਡ ਪੋਸਟ ਦੀ ਰਕਮ ਤੋਂ ਦੁਗਨਾ ਜਾਂ ਫਿਰ ਵੱਧ ਤੋਂ ਵੱਧ ਬਣਦਾ ਹੈ , ਜੋ ਉਹ ਗ੍ਰਾਹਕ ਨੂੰ ਦੇਣ ਲਈ ਤਿਆਰ ਹਨ ।ਉਨ੍ਹਾਂ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਹ ਮਹਿੰਗਾ ਹੈ ਤਾਂ ਇਸਦਾ ਬੀਮਾ ਕਰਵਾਉਣ, ਤਾਂ ਜੋ ਉਹ ਗੁੰਮ ਹੋਣ ਦੀ ਸੂਰਤ ਵਿੱਚ ਮੁਆਵਜ਼ਾ ਪ੍ਰਾਪਤ ਕਰ ਸਕਣ।