Political Special ਗਠਜੋੜ ਮਜ਼ਬੂਰੀਆਂ: ਸੁਖਬੀਰ ਦੇ ਮੂੰਹੋਂ ਭਾਜਪਾ ਲਈ ਕਿਰਨ ਲੱਗੇ ‘ ਸਿਆਸੀ ਫੁੱਲ’
ਅਸ਼ੋਕ ਵਰਮਾ
ਬਠਿੰਡਾ , 20 ਫਰਵਰੀ 2026: ਇਹ ਗਠਜੋੜ ਸਬੰਧੀ ਮਜਬੂਰੀਆਂ ਹੀ ਹਨ ਕਿ ਸ਼੍ਰੋਮਣੀ ਅਕਾਲੀ ਦਲ ਵੱਲੋ ਕੀਤੀਆਂ ਜਾ ਰਹੀਆਂ ਰੈਲੀਆਂ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਹਾਕਮ ਧਿਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਭੰਡਣ ’ਚ ਕਸਰ ਨਹੀਂ ਛੱਡੀੇ ਉੱਥੇ ਹੀ ਭਾਜਪਾ ਪ੍ਰਤੀ ਸੁਰ ਨਰਮ ਰੱਖੀ ਹੋਈ ਹੈ। ਇਹ ਕਿਸੇ ਦਿਲਚਸਪੀ ਤੋਂ ਘੱਟ ਨਹੀਂ ਹੈ ਕਿ ਅਕਾਲੀ ਦਲ ਪੇਂਡੂ ਖੇਤਰਾਂ ’ਚ ਰੈਲੀਆਂ ਕਰ ਰਿਹਾ ਹੈ ਪਰ ਅਜੇ ਤੱਕ ਕਿਸੇ ਸ਼ਹਿਰ ’ਚ ਰੈਲੀ ਨਹੀਂ ਐਲਾਨੀ ਗਈ ਹੈ। ਇਸ ਤੋਂ ਸਪਸ਼ਟ ਹੈ ਕਿ ਅਕਾਲੀ ਦਲ ਨੂੰ ਗਠਜੋੜ ਦੀ ਗੁੰਜਾਇਸ਼ ਬਾਕੀ ਬਚੀ ਜਾਪਦੀ ਹੈ । ਇਹੋ ਕਾਰਨ ਹੈ ਕਿ 2022 ਵਿੱਚ ਬੁਰੀ ਤਰਾਂ ਹਾਰ ਦਾ ਸਾਹਮਣਾ ਕਰ ਚੁੱਕੇ ਅਕਾਲੀ ਦਲ ਨੇ 2027 ਦੀਆਂ ਚੋਣਾਂ ਲਈ ਹੁਣੇ ਤੋਂ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਨੂੰ ਮਾਤ ਦਿੱਤੀ ਜਾ ਸਕੇ।
ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇਸ ਮੁੱਦੇ ’ਤੇ ਕੋਈ ਪ੍ਰਤੀਕਿਰਿਆ ਨਹੀਂ ਦੇ ਰਹੇ ਪਰ ਭਾਜਪਾ ਦੇ ਮੰਤਰੀ ਰਵਨੀਤ ਬਿੱਟੂ ਵੱਲੋਂ ਵਾਰ ਵਾਰ ਨਾਂਹ ਕਰਨ ਦੇ ਬਾਵਜੂਦ ਅਕਾਲੀ ਭਾਜਪਾ ਵਿਚਾਲੇ ਗਠਜੋੜ ਦੀਆਂ ਚਰਚਾਵਾਂ ਦਾ ਬਜ਼ਾਰ ਪੂਰੀ ਤਰ੍ਹਾਂ ਗਰਮ ਹੈ ਜਿਸ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਭਗਵਾ ਪਾਰਟੀ ਪ੍ਰਤੀ ਠੰਢੀ ਬੋਲਬਾਣੀ ਨੇ ਹਵਾ ਦੇ ਦਿੱਤੀ ਹੈ। ਸਾਲ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਭਾਵੇਂ ਹਾਲੇ 10 ਮਹੀਨੇ ਦਾ ਸਮਾਂ ਬਾਕੀ ਹੈ ਪਰ ਇੰਨ੍ਹਾਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਿਆਸੀ ਬਿਸਾਤ ਹੁਣੇ ਤੋਂ ਵਿਛਾਉਣੀ ਸ਼ੁਰੂ ਕਰ ਦਿੱਤੀ ਹੈ ਜਿਸ ਦਾ ਮਕਸਦ ਸੱਤਾਧਾਰੀ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਕੇ ਖ਼ੁਦ ਕਾਬਜ਼ ਹੋਣਾ ਹੈ। ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਕੇਂਦਰ ’ਚ ਕਾਬਜ਼ ਭਾਜਪਾ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਵਿੱਚ ਕੋਈ ਸਫਲਤਾ ਨਹੀਂ ਮਿਲ ਸਕੀ ਹੈ।
ਮਾਮਲੇ ਦਾ ਜਿਕਰਯੋਗ ਪਹਿਲੂ ਇਹ ਵੀ ਹੈ ਕਿ ਕਈ ਚੋਣਾਂ ਦੌਰਾਨ ਤਾਂ ਦੋਵਾਂ ਧਿਰਾਂ ਨੂੰ ਪਈਆਂ ਵੋਟਾਂ ਦਾ ਜੋੜਿਆ ਅੰਕੜਾ ਸਫਲਤਾ ਵੱਲ ਇਸ਼ਾਰਾ ਕਰਦਾ ਦਿਖਾਈ ਦਿੰਦਾ ਹੈ ਜੋ ਗਾਹੇ ਬਗਾਹੇ ਗਠਜੋੜ ਦੀ ਚਰਚਾ ਦਾ ਕਾਰਨ ਬਣਦਾ ਰਹਿੰਦਾ ਹੈ। ਦਰਅਸਲ ਸ਼ਰੋਮਣੀ ਅਕਾਲੀ ਦਲ ਬਾਦਲ ਦੇ ਤੱਤਕਾਲੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ 1996 ਵਿੱਚ ਭਾਜਪਾ ਨਾਲ ਬਿਨਾਂ ਸ਼ਰਤ ਗੱਠਜੋੜ ਕੀਤਾ ਸੀ। ਤਿੰਨ ਖੇਤੀ ਕਾਨੂੰਨਾਂ ਖਿਲਾਫ ਚੱਲੇ ਕਿਸਾਨੀ ਅੰਦੋਲਨ ਮੌਕੇ ਸਿਆਸੀ ਮਜ਼ਬੂਰੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਤੋਂ ਲਾਂਭੇ ਹੋ ਗਿਆ ਸੀ। ਇਸ ਤੋਂ ਬਾਅਦ ਪੰਜਾਬ ਵਿੱਚ 2022 ’ਚ ਹੋਈਆਂ ਵਿਧਾਨ ਸਭਾ ਚੋਣਾਂ, 2024 ’ਚ ਲੋਕ ਸਭਾ ਚੋਣਾਂ ਅਤੇ ਜ਼ਿਮਨੀ ਚੋਣਾਂ ਦੋਵੇਂ ਧਿਰਾਂ ਨੇ ਆਪੋ ਆਪਣੇ ਦਮ ’ਤੇ ਲੜੀਆਂ ਪਰ ਬਹੁਤੀ ਸਫ਼ਲਤਾ ਕਿਸੇ ਨੂੰ ਨਸੀਬ ਨਾਂ ਹੋ ਸਕੀ। ਇਸ ਦੌਰਾਨ ਅੰਕੜਿਆਂ ਦੇ ਅਧਾਰ ਤੇ ਕਈ ਵਾਰ ਸਿਆਸੀ ਮਿਲਾਪ ਦੀ ਗੱਲ ਤੁਰਦੀ ਰਹੀ ਪਰ ਕਿਸੇ ਤਣ ਪੱਤਣ ਨਾਂ ਲੱਗੀ।
ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਅਤੇ ਪੰਜਾਬ ਦੇ ਮਸਲਿਆਂ ਦਾ ਹੱਲ ਚਾਹੁੰਦਾ ਹੈ ਤਾਂ ਜੋ ਲੋਕਾਂ ਦੀ ਕਚਹਿਰੀ ’ਚ ਜਾਣ ਮੌਕੇ ਕੋਈ ਔਕੜਾਂ ਨਾਂ ਆਉਣ। ‘ਮਹੱਤਵਪੂਰਨ’ ਤੱਥ ਇਹ ਹੈ ਕਿ ਭਾਜਪਾ ਫਿਲਹਾਲ ਇਸ ਰਾਹ ’ਤੇ ਤੁਰਨ ਲਈ ਤਿਆਰ ਨਹੀਂ ਜਾਪਦੀ ਹੈ। ਉਂਜ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਠਜੋੜ ਦੀ ਵਕਾਲਤ ਵੀ ਕੀਤੀ ਗਈ ਹੈ ਪਰ ਭਾਜਪਾ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਆਵਾਲ ਨੇ ਇੰਨ੍ਹਾਂ ਤੱਥਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਭਾਜਪਾ ਆਪਣੇ ਦਮ ’ਤੇ ਸਮੂਹ 117 ਵਿਧਾਨ ਸਭਾ ਹਲਕਿਆਂ ਤੋਂ ਚੋਣਾਂ ਲੜੇਗੀ। ਸ਼ਹਿਰੀ ਭਾਜਪਾ ਦੇ ਇੱਕ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਅੰਦਰਖਾਤੇ ਕਈ ਵਾਰ ਇਸ ਸਬੰਧ ਵਿੱਚ ਕੋਸ਼ਿਸ਼ਾਂ ਵੀ ਹੋ ਚੁੱਕੀਆਂ ਹਨ ਪਰ ਹਰ ਵਾਰੀ ਕੋਈ ਨਾਂ ਕੋਈ ਅਜਿਹੀ ਗਰਾਰੀ ਫਸ ਜਾਂਦੀ ਹੈ ਜਿਸ ਕਰਕੇ ਗਠਜੋੜ ਹੋਣ ਤੋਂ ਰਹਿ ਜਾਂਦਾ ਹੈ।
ਗੌਰਤਲਬ ਹੈ ਕਿ ਵਿਧਾਨ ਸਭਾ ਚੋਣਾਂ 1997 ਮੌਕੇ ਗਠਜੋੜ ਕਾਰਨ ਅਕਾਲੀ ਦਲ 75 ਅਤੇ ਭਾਜਪਾ 18 ਸੀਟਾਂ ’ਤੇ ਜਿੱਤੀ ਸੀ। ਇਸੇ ਤਰ੍ਹਾਂ 2002 ’ਚ ਗਠਜੋੜ ਤਹਿਤ ਅਕਾਲੀ ਦਲ 41 ਅਤੇ ਭਾਜਪਾ ਨੇ 3 ਸੀਟਾਂ ਜਿੱਤੀਆਂ ਸਨ। ਵਿਧਾਨ ਸਭਾ ਚੋਣਾਂ 2007 ’ਚ ਅਕਾਲੀ ਦਲ ਨੂੰ 49 ਅਤੇ ਭਾਜਪਾ ਨੂੰ 19 ਸੀਟਾਂ ਮਿਲੀਆਂ ਜਦੋਂਕਿ 2012 ’ਚ ਅਕਾਲੀ ਦਲ 56 ਅਤੇ ਭਾਜਪਾ ਦੇ 12 ਸੀਟਾਂ ’ਤੇ ਸਫਲ ਰਹਿਣ ਕਾਰਨ ਗੱਠਜੋੜ ਸਰਕਾਰ ਬਣੀ। ਸਾਲ 2017 ਵਿੱਚ ਸੱਤਾ ਵਿਰੋਧੀ ਲਹਿਰ ਕਾਰਨ ਗੱਠਜੋੜ ਨੂੰ 18 ਸੀਟਾਂ ਹੀ ਮਿਲੀਆਂ। ਮਗਰੋਂ ਦੋਵੇਂ ਧਿਰਾਂ ਦਾ ਗ੍ਰਾਫ਼ ਡਿੱਗਣ ਕਾਰਨ 2022 ਵਿੱਚ ਅਕਾਲੀ ਦਲ 3 ਅਤੇ ਭਾਜਪਾ ਮਹਿਜ਼ ਦੋ ਸੀਟਾਂ ’ਤੇ ਸਿਮਟ ਗਈ। ਲੋਕ ਸਭਾ ਚੋਣਾਂ 2024 ਦੌਰਾਨ ਵੀ ਅਕਾਲੀ ਦਲ 13 ਵਿੱਚੋਂ ਇੱਕ ਸੀਟ ਹੀ ਜਿੱਤ ਸਕਿਆ। ਸਾਲ 2020 ਤੋਂ 2025 ਤੱਕ ਹੋਈਆਂ ਜ਼ਿਮਨੀ ਚੋਣਾਂ ਦੋਵਾਂ ਨੇ ਆਪਣੇ ਬਲਬੂਤੇ ਲੜੀਆਂ ਪਰ ਸਫਲਤਾ ਨਾਂ ਮਿਲ ਸਕੀ।
ਮਿਲੀ ਜੁਲੀ ਪ੍ਰਤੀਕਿਰਿਆ
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਆਪਣੀ ਸਿਆਸੀ ਹੋਂਦ ਬਚਾਉਣ ਲਈ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਗਠਜੋੜ ਵਕਤ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਕੋਈ ਕੁੱਝ ਵੀ ਕਹੀ ਜਾਏ 2027 ਦੀਆਂ ਚੋਣਾਂ ਤੋਂ ਪਹਿਲਾਂ ਗਠਜੋੜ ਪੱਕਾ ਨਜ਼ਰ ਆਉਂਦਾ ਹੈ ਬੱਸ ਵੱਡੇ ਛੋਟੇ ਭਰਾ ਦੀ ਭੂਮਿਕਾ ਤੈਅ ਕਰਨੀ ਬਾਕੀ ਹੈ।