LIT ਦੀ ਵੱਡੀ ਲਾਪਰਵਾਹੀ: ‘ਅਟਲ ਅਪਾਰਟਮੈਂਟਸ’ ਦੇ ਫਾਰਮ ਤਾਂ ਵਿਕਣੇ ਸ਼ੁਰੂ, ਪਰ ‘ਨਿਯਮਾਂ ਵਾਲੀ ਕਿਤਾਬ’ ਗਾਇਬ!
ਚੇਅਰਮੈਨ ਸਾਹਿਬ! ਬਿਨਾਂ ਨਿਯਮਾਂ (Terms & Conditions) ਤੋਂ ਜਨਤਾ ਕਿਵੇਂ ਲਗਾਏ ਲੱਖਾਂ ਰੁਪਏ? ਆਰ.ਟੀ.ਆਈ. ਕਾਰਕੁਨ ਅਰਵਿੰਦ ਸ਼ਰਮਾ ਨੇ ਚੁੱਕੇ ਸਵਾਲ
ਐਕਸੀਅਨ (XEN) ਵਿਕਰਮ ਭਾਰਦਵਾਜ ਨੇ ਮੰਨਿਆ- ਤਕਨੀਕੀ ਕਾਰਨ ਕਰਕੇ ਬ੍ਰੋਸ਼ਰ ਦੀ ਪ੍ਰਿੰਟਿੰਗ ਲੇਟ ਹੋ ਰਹੀ
ਸੁਖਮਿੰਦਰ ਭੰਗੂ
ਲੁਧਿਆਣਾ 21 ਫਰਵਰੀ 2026 : ਲੁਧਿਆਣਾ ਇੰਪਰੂਵਮੈਂਟ ਟਰੱਸਟ (LIT) ਦਾ ਬਹੁ-ਚਰਚਿਤ ‘ਅਟਲ ਅਪਾਰਟਮੈਂਟਸ’ ਪ੍ਰੋਜੈਕਟ ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿੱਚ ਹੈ। ਟਰੱਸਟ ਵੱਲੋਂ HIG ਅਤੇ MIG ਫਲੈਟਾਂ ਲਈ ਅਰਜ਼ੀਆਂ ਦੀ ਵਿਕਰੀ ਤਾਂ ਸ਼ੁਰੂ ਕਰ ਦਿੱਤੀ ਗਈ ਹੈ, ਪਰ ਸਕੀਮ ਦੇ ਮੁੱਖ ਦਸਤਾਵੇਜ਼ ਭਾਵ ‘ਬ੍ਰੋਸ਼ਰ’ ਦੀ ਗ਼ੈਰ-ਮੌਜੂਦਗੀ ਨੇ ਟਰੱਸਟ ਦੀ ਕਾਰਜਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ।
ਉੱਘੇ ਸਮਾਜ ਸੇਵਕ ਅਤੇ ਆਰ.ਟੀ.ਆਈ. ਸਕੱਤਰ ਅਰਵਿੰਦ ਸ਼ਰਮਾ ਨੇ ਟਰੱਸਟ ਦੀ ਇਸ ਕਾਰਵਾਈ ਨੂੰ ਜਨਤਾ ਨਾਲ ਧੱਕਾ ਦੱਸਦਿਆਂ ਕਿਹਾ ਕਿ ਬਿਨਾਂ ਜਾਣਕਾਰੀ ਫਾਰਮਾਂ ਦੀ ਵਿਕਰੀ: ਟਰੱਸਟ ਕਾਊਂਟਰ 'ਤੇ 500 ਰੁਪਏ ਦਾ ਫਾਰਮ ਤਾਂ ਵੇਚ ਰਿਹਾ ਹੈ, ਪਰ ਜਦੋਂ ਬਿਨੈਕਾਰ ਫਲੈਟ ਦੇ ਨਿਯਮਾਂ ਅਤੇ ਸ਼ਰਤਾਂ ਵਾਲਾ ਬ੍ਰੋਸ਼ਰ ਮੰਗਦੇ ਹਨ, ਤਾਂ ਉਨ੍ਹਾਂ ਨੂੰ "ਵੀਰਵਾਰ ਨੂੰ ਫੋਨ ਕਰਕੇ ਪੁੱਛਣਾ" ਕਹਿ ਕੇ ਮੋੜ ਦਿੱਤਾ ਜਾਂਦਾ ਹੈ।
ਬ੍ਰੋਸ਼ਰ ਹੀ ਸਕੀਮ ਦਾ ਅਸਲ ਕਾਨੂੰਨੀ ਦਸਤਾਵੇਜ਼
ਅਰਵਿੰਦ ਸ਼ਰਮਾ ਨੇ ਦੱਸਿਆ ਕਿ ਬ੍ਰੋਸ਼ਰ ਹੀ ਸਕੀਮ ਦਾ ਅਸਲ ਕਾਨੂੰਨੀ ਦਸਤਾਵੇਜ਼ ਹੁੰਦਾ ਹੈ। ਬਿਨਾਂ ਨਿਯਮ ਪੜ੍ਹੇ ਜਨਤਾ ਲੱਖਾਂ ਰੁਪਏ ਦਾ ਨਿਵੇਸ਼ ਕਿਵੇਂ ਕਰੇ? ਲੋਕਾਂ ਨੂੰ ਪਹਿਲਾਂ ਫਾਰਮ ਲਈ ਅਤੇ ਫਿਰ ਬ੍ਰੋਸ਼ਰ ਲਈ ਵਾਰ-ਵਾਰ ਦਫ਼ਤਰ ਦੇ ਚੱਕਰ ਕੱਟਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਸ਼ਰਮਾ ਨੇ ਯਾਦ ਕਰਵਾਇਆ ਕਿ ਇਸ ਸਕੀਮ ਨੂੰ ਪਹਿਲਾਂ ਵੀ ਕੋਈ ਖ਼ਾਸ ਹੁੰਗਾਰਾ ਨਹੀਂ ਮਿਲਿਆ ਸੀ। ਹੁਣ ਦੁਬਾਰਾ ਬਿਨਾਂ ਕਿਸੇ ਠੋਸ ਯੋਜਨਾਬੰਦੀ ਦੇ ਹੜਬੜਾਹਟ ਵਿੱਚ ਸਕੀਮ ਲਾਂਚ ਕਰਨਾ ਸਿਰਫ਼ ਪੈਸੇ ਇਕੱਠੇ ਕਰਨ ਦੀ ਕਾਹਲ ਨੂੰ ਦਰਸਾਉਂਦਾ ਹੈ। ਜਨਤਾ ਵਿੱਚ ਇਸ ਵਕਤ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਸਰਕਾਰੀ ਅਦਾਰੇ ਲੋਕਾਂ ਦੀ ਸਹੂਲਤ ਦੀ ਬਜਾਏ ਉਨ੍ਹਾਂ ਨੂੰ ਪਰੇਸ਼ਾਨ ਕਿਉਂ ਕਰ ਰਹੇ ਹਨ?
ਤਕਨੀਕੀ ਕਾਰਨ ਕਰਕੇ ਬ੍ਰੋਸ਼ਰ ਦੀ ਪ੍ਰਿੰਟਿੰਗ ਲੇਟ ਹੋ ਰਹੀ- ਐਕਸੀਅਨ ਭਾਰਦਵਾਜ
ਜਦੋਂ ਇਸ ਸਬੰਧੀ ਇੰਪਰੂਵਮੈਂਟ ਟਰੱਸਟ ਦੇ ਐਕਸੀਅਨ (XEN) ਵਿਕਰਮ ਭਾਰਦਵਾਜ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਮੰਨਿਆ ਕਿ ਕਿਸੇ ਤਕਨੀਕੀ ਕਾਰਨ ਕਰਕੇ ਬ੍ਰੋਸ਼ਰ ਦੀ ਪ੍ਰਿੰਟਿੰਗ ਲੇਟ ਹੋ ਰਹੀ ਹੈ। ਹੁਣ ਇਹ ਬ੍ਰੋਸ਼ਰ ਸੋਮਵਾਰ ਤੋਂ ਉਪਲਬਧ ਹੋਣਗੇ। ਉਨ੍ਹਾਂ ਦੱਸਿਆ ਕਿ ਬ੍ਰੋਸ਼ਰ ਆਨਲਾਈਨ ਵੀ ਉਪਲਬਧ ਹੋਵੇਗਾ, ਜਿੱਥੋਂ ਬਿਨੈਕਾਰ ਇਸ ਨੂੰ ਡਾਊਨਲੋਡ ਕਰ ਸਕਦੇ ਹਨ।
Click to Follow Babushahi Facebook page →