ਪਵਨ ਦੀਵਾਨ ਨੇ ਪਾਰਕਾਂ ਦੀ ਮਾੜੀ ਹਾਲਤ ਨੂੰ ਲੈ ਕੇ ਪ੍ਰਗਟਾਈ ਚਿੰਤਾ
ਕਿਹਾ: ਵੱਡੇ ਵੱਡੇ ਦਾਅਵੇ ਕਰਨ ਵਾਲੀ ਨਗਰ ਨਿਗਮ ਲੋਕਾਂ ਨੂੰ ਮੁਢਲੀਆਂ ਸੁਵਿਧਾਵਾਂ ਦੇਣ ਵੱਲ ਵੀ ਧਿਆਨ ਦੇਵੇ
ਪ੍ਰਮੋਦ ਭਾਰਤੀ
ਲੁਧਿਆਣਾ 8 ਜਨਵਰੀ,2026
ਜਿਲਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ ਨੇ ਪਾਰਕਾਂ ਦੀ ਮਾੜੀ ਹਾਲਤ ਨੂੰ ਲੈ ਕੇ ਨਗਰ ਨਿਗਮ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਹਨ। ਜਿੱਥੇ ਸਵੇਰੇ-ਸ਼ਾਮ ਸੈਰ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਗੰਦਗੀ ਅਤੇ ਮਾੜੇ ਪ੍ਰਬੰਧਾਂ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੀਵਾਨ ਨੇ ਦੱਸਿਆ ਹੈ ਕਿ ਸਰਾਭਾ ਨਗਰ ਸਥਿਤ ਲਈਅਰ ਵੈਲੀ, ਸ਼ਾਸਤਰੀ ਨਗਰ ਸਣੇ ਵੱਖ ਵੱਖ ਇਲਾਕੇ ਵਿੱਚ ਸਥਿਤ ਪਾਰਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਉਹਨਾਂ ਨੇ ਖਾਸ ਤੌਰ ਤੇ ਨਗਰ ਨਿਗਮ ਜੋਨ ਡੀ ਦਫਤਰ ਦੇ ਨਾਲ ਲੱਗਦੀ ਲਈਅਰ ਵੈਲੀ ਦਾ ਵੀ ਜ਼ਿਕਰ ਕੀਤਾ, ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ। ਉਹਨਾਂ ਨੇ ਕਿਹਾ ਕਿ ਜੇਕਰ ਨਗਰ ਨਿਗਮ ਆਪਣੇ ਦਫਤਰ ਦਾ ਨਾਲ ਲੱਗਦੀ ਪਾਰਕ ਨੂੰ ਹੀ ਸੰਭਾਲ ਨਹੀਂ ਸਕਦੀ, ਤਾਂ ਸ਼ਹਿਰ ਦੇ ਬਾਕੀ ਹਿੱਸਿਆਂ ਦਾ ਰੱਬ ਹੀ ਰਾਖਾ ਹੈ।
ਇਸ ਤੋਂ ਇਲਾਵਾ, ਉਹਨਾਂ ਨੇ ਸ਼ਾਸਤਰੀ ਨਗਰ ਅਤੇ ਨਾਲ ਲੱਗਦੇ ਹੋਰ ਇਲਾਕਿਆਂ ਦੀਆਂ ਪਾਰਕਾਂ ਦਾ ਜ਼ਿਕਰ ਵੀ ਕੀਤਾ। ਦੀਵਾਨ ਨੇ ਕਿਹਾ ਕਿ ਲੋਕ ਖੁਦ ਨੂੰ ਸਿਹਤਮੰਦ ਰੱਖਣ ਵਾਸਤੇ ਸਵੇਰੇ ਸ਼ਾਮ ਇਹਨਾਂ ਪਾਰਕਾਂ ਵਿੱਚ ਸੈਰ ਕਰਨ ਆਉਂਦੇ ਹਨ, ਲੇਕਿਨ ਉਹਨਾਂ ਦਾ ਸਾਹਮਣਾ ਇੱਥੇ ਪਏ ਗੰਦਗੀ ਦੇ ਢੇਰਾਂ ਨਾਲ ਹੁੰਦਾ ਹੈ।
ਦੀਵਾਨ ਨੇ ਕਿਹਾ ਕਿ ਵੱਡੇ-ਵੱਡੇ ਦਾਅਵੇ ਕਰਨ ਵਾਲੀ ਨਗਰ ਨਿਗਮ ਨੂੰ ਲੋਕਾਂ ਦੀਆਂ ਮੁਢਲੀਆਂ ਸੁਵਿਧਾਵਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਉਹਨਾਂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਪਾਰਕਾਂ ਦੀ ਸਫਾਈ ਅਤੇ ਵਿਵਸਥਾ ਦਾ ਧਿਆਨ ਰੱਖਿਆ, ਤਾਂ ਜੋ ਇੱਥੇ ਆਉਣ ਵਾਲੇ ਲੋਕਾਂ ਨੂੰ ਸਾਫ ਸੁਥਰਾ ਮਾਹੌਲ ਦਿੱਤਾ ਜਾ ਸਕੇ।