ਸਾਡੀਆਂ ਰੋਜ਼ਾਨਾ ਜ਼ਰੂਰਤਾਂ ਅਤੇ ਪੰਜਾਬ ਰਾਜ ਵਿੱਚ ਮਨੁੱਖੀ ਅਧਿਕਾਰ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ
ਅਸ਼ੋਕ ਵਰਮਾ
ਬਠਿੰਡਾ, 18 ਦਸੰਬਰ 2025 : ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਦੀ ਡਾ. ਅੰਬੇਦਕਰ ਚੇਅਰ ਆਨ ਹਿਊਮਨ ਰਾਈਟਸ ਐਂਡ ਐਨਵਾਇਰੋਮੈਂਟਲ ਵੈਲਿਊਜ਼ ਵੱਲੋਂ ਕੁਲਪਤੀ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਸਰਪ੍ਰਸਤੀ ਅਤੇ ਪ੍ਰੋ-ਵਾਈਸ ਚਾਂਸਲਰ ਪ੍ਰੋ. ਕਿਰਣ ਹਜ਼ਾਰਿਕਾ ਦੀ ਅਗਵਾਈ ਹੇਠ ‘ਸਾਡੀਆਂ ਰੋਜ਼ਾਨਾ ਜ਼ਰੂਰਤਾਂ ਅਤੇ ਪੰਜਾਬ ਰਾਜ ਵਿੱਚ ਮਨੁੱਖੀ ਅਧਿਕਾਰ’ ਵਿਸ਼ੇ ’ਤੇ ਇੱਕ ਵਿਸ਼ੇਸ਼ ਲੈਕਚਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ’ਤੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮਮ ਮੈਂਬਰ ਅਤੇ ਪਦਮ ਸ਼੍ਰੀ ਨਾਲ ਸਨਮਾਨਤ ਪ੍ਰਸਿੱਧ ਸਮਾਜਸੇਵੀ ਸ਼੍ਰੀ ਜਤਿੰਦਰ ਸਿੰਘ ਸ਼ੰਟੀ ਮੁੱਖ ਵਕਤਾ ਵਜੋਂ ਸ਼ਾਮਲ ਹੋਏ।
ਆਪਣੇ ਸੰਬੋਧਨ ਵਿੱਚ ਪਦਮ ਸ਼੍ਰੀ ਸ਼ੰਟੀ ਨੇ ਕਿਹਾ ਕਿ ਮਨੁੱਖੀ ਅਧਿਕਾਰ ਕੇਵਲ ਕਾਨੂੰਨੀ ਪ੍ਰਬੰਧਾਂ ਤੱਕ ਸੀਮਿਤ ਨਹੀਂ ਹਨ, ਸਗੋਂ ਇਹ ਰੋਜ਼ਾਨਾ ਜੀਵਨ ਦੀਆਂ ਬੁਨਿਆਦੀ ਲੋੜਾਂ—ਜਿਵੇਂ ਸਿਹਤ, ਮਨੁੱਖੀ ਗੌਰਵ, ਐਮਰਜੈਂਸੀ ਸੇਵਾਵਾਂ, ਮਰੀਜ਼ਾਂ ਦੇ ਅਧਿਕਾਰ ਅਤੇ ਮ੍ਰਿਤਕ ਦੇਹ ਦੀ ਸਨਮਾਨਜਨਕ ਸੰਭਾਲ—ਨਾਲ ਗਹਿਰਾਈ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਜਾਣਕਾਰੀ ਦੇ ਨਾਲ ਨਾਲ ਜ਼ਿੰਮੇਵਾਰੀ ਦੀ ਭਾਵਨਾ ਦੇ ਵਿਕਾਸ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਕੋਵਿਡ-19 ਮਹਾਂਮਾਰੀ ਦੌਰਾਨ ਆਪਣੇ ਸੇਵਾ ਅਨੁਭਵ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਸਮੇਂ ਸਿਰ ਐਂਬੂਲੈਂਸ ਸੇਵਾਵਾਂ, ਆਕਸੀਜਨ ਦੀ ਉਪਲਬਧਤਾ, ਚਿਕਿਤਸਾ ਸਹਾਇਤਾ ਅਤੇ ਮਨੁੱਖੀ ਸੰਵੇਦਨਸ਼ੀਲਤਾ ਨੇ ਸੰਕਟ ਦੇ ਹਾਲਾਤਾਂ ਵਿੱਚ ਅਣਗਿਣਤ ਪਰਿਵਾਰਾਂ ਨੂੰ ਸਹਾਰਾ ਪ੍ਰਦਾਨ ਕੀਤਾ। ਉਨ੍ਹਾਂ ਨੇ ਰਾਈਟ ਆਫ ਪੇਸ਼ੈਂਟ ਅਤੇ ਰਾਈਟ ਆਫ ਡੈੱਡ ਬਾਡੀ ਵਰਗੇ ਅਧਿਕਾਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਗੌਰਵਪੂਰਨ ਜੀਵਨ ਦੇ ਨਾਲ ਨਾਲ ਗੌਰਵਪੂਰਨ ਅੰਤਿਮ ਵਿਦਾਈ ਵੀ ਮਨੁੱਖੀ ਅਧਿਕਾਰਾਂ ਦਾ ਮਹੱਤਵਪੂਰਨ ਅੰਗ ਹੈ।
ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਪ੍ਰੋ-ਵਾਈਸ ਚਾਂਸਲਰ ਪ੍ਰੋ. ਕਿਰਣ ਹਜ਼ਾਰਿਕਾ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਸਿਰਫ਼ ਸੰਸਥਾਵਾਂ ਜਾਂ ਕਾਨੂੰਨਾਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਇਹ ਹਰ ਨਾਗਰਿਕ ਦਾ ਨੈਤਿਕ ਫ਼ਰਜ਼ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਮਾਜ ਦੀ ਅਸਲੀ ਤਰੱਕੀ ਤਦੋਂ ਹੀ ਸੰਭਵ ਹੈ ਜਦੋਂ ਅਸੀਂ ਨਿੱਜੀ ਸਫ਼ਲਤਾ ਤੋਂ ਉੱਪਰ ਉੱਠ ਕੇ ਪੀੜਤ, ਅਸਹਾਇ ਅਤੇ ਲੋੜਵੰਦ ਵਰਗ ਪ੍ਰਤੀ ਸੰਵੇਦਨਸ਼ੀਲ ਅਤੇ ਜ਼ਿੰਮੇਵਾਰ ਬਣੀਏ। ਪ੍ਰੋ. ਹਜ਼ਾਰਿਕਾ ਨੇ ਪਦਮ ਸ਼੍ਰੀ ਸ਼ੰਟੀ ਦੇ ਸੇਵਾ ਕਾਰਜਾਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ “ਸੇਵਾ ਦਾ ਅਸਲੀ ਅਰਥ ਸ਼ਬਦਾਂ ਵਿੱਚ ਨਹੀਂ, ਸਗੋਂ ਕਰਮ ਵਿੱਚ ਪ੍ਰਗਟ ਹੁੰਦਾ ਹੈ,” ਅਤੇ ਉਨ੍ਹਾਂ ਦੀ ਐਂਬੂਲੈਂਸ ਸੇਵਾ ਮਨੁੱਖੀ ਅਧਿਕਾਰਾਂ ਦੀ ਜੀਵੰਤ ਉਦਾਹਰਣ ਹੈ।
ਪ੍ਰੋਗਰਾਮ ਦੀ ਸ਼ੁਰੂਆਤ ਡਾ. ਅੰਬੇਦਕਰ ਚੇਅਰ ਪ੍ਰੋਫ਼ੈਸਰ ਡਾ. ਕਨ੍ਹੈਯਾ ਤ੍ਰਿਪਾਠੀ ਦੇ ਸਵਾਗਤੀ ਭਾਸ਼ਣ ਨਾਲ ਹੋਈ, ਜਿਸ ਵਿੱਚ ਉਨ੍ਹਾਂ ਨੇ ਅਧਿਆਪਕਾਂ, ਵਿਦਿਆਰਥੀਆਂ ਅਤੇ ਆਮੰਤ੍ਰਿਤ ਮਹਿਮਾਨਾਂ ਦਾ ਸਵਾਗਤ ਕੀਤਾ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਡਾ. ਬੀ. ਆਰ. ਅੰਬੇਡਕਰ ਦੇ ਮਾਨਵਵਾਦੀ ਦਰਸ਼ਨ ਦਾ ਹਵਾਲਾ ਦਿੰਦਿਆਂ ਇਹ ਰੇਖਾਂਕਿਤ ਕੀਤਾ ਕਿ ਮਨੁੱਖੀ ਅਧਿਕਾਰ ਸਿਰਫ਼ ਸੰਵਿਧਾਨਕ ਜਾਂ ਨੀਤੀਗਤ ਢਾਂਚਿਆਂ ਤੱਕ ਸੀਮਿਤ ਨਹੀਂ ਹਨ, ਸਗੋਂ ਦਇਆ, ਸੇਵਾ, ਸਮਾਜਿਕ ਨਿਆਂ ਅਤੇ ਸਮੂਹਿਕ ਜ਼ਿੰਮੇਵਾਰੀ ਦੇ ਨਿਰੰਤਰ ਤੇ ਵਿਹਾਰਕ ਅਭਿਆਸ ਵਿੱਚ ਹੀ ਆਪਣਾ ਅਸਲ ਅਰਥ ਪ੍ਰਾਪਤ ਕਰਦੇ ਹਨ।
ਇਸ ਮੌਕੇ ’ਤੇ ਕਾਨੂੰਨ ਵਿਭਾਗ ਦੇ ਮੁਖੀ ਡਾ. ਪੁਨੀਤ ਪਾਠਕ, ਡਾ. ਅੰਬੇਦਕਰ ਚੇਅਰ ਦੇ ਸਹਾਇਕ ਪ੍ਰੋਫੈਸਰ ਡਾ. ਅਸ਼ਵਨੀ ਕੁਮਾਰ, ਯੂਨੀਵਰਸਿਟੀ ਦੇ ਅਧਿਕਾਰੀ, ਖੋਜਾਰਥੀ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ।