World Migrants Day: ਬਿਹਤਰ ਭਵਿੱਖ, ਰੁਜ਼ਗਾਰ, ਸਿੱਖਿਆ, ਜਾਂ ਸੰਘਰਸ਼ ਤੋਂ ਬਚਾਅ ਵਰਗੇ ਕਾਰਨਾਂ ਕਰਕੇ ਆਪਣੀ ਜਨਮ ਭੂਮੀ ਛੱਡਣ ਦਾ ਸਿਲਸਿਲਾ ਜਾਰੀ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 17 ਦਸੰਬਰ 2025- ਵਿਸ਼ਵ ਪ੍ਰਵਾਸੀ ਦਿਵਸ (18 ਦਸੰਬਰ) ਪਰਦੇਸ ਵਸਦੇ ਲੋਕਾਂ ਦੀ ਗਾਥਾ ਦੀ ਸਮੀਖਿਆ ਕਰਨ ਦਾ ਦਿਨ ਹੈ। ਇਸ ਨੂੰ ਹਰ ਸਾਲ 18 ਦਸੰਬਰ ਨੂੰ ਵਿਸ਼ਵ ਪ੍ਰਵਾਸੀ ਦਿਵਸ (International Migrants Day) ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਉਨ੍ਹਾਂ ਕਰੋੜਾਂ ਲੋਕਾਂ ਨੂੰ ਸਮਰਪਿਤ ਹੈ, ਜਿਹੜੇ ਬਿਹਤਰ ਭਵਿੱਖ, ਰੁਜ਼ਗਾਰ, ਸਿੱਖਿਆ, ਜਾਂ ਸੰਘਰਸ਼ ਤੋਂ ਬਚਾਅ ਵਰਗੇ ਕਾਰਨਾਂ ਕਰਕੇ ਆਪਣੀ ਜਨਮ ਭੂਮੀ ਛੱਡ ਕੇ ਕਿਸੇ ਹੋਰ ਦੇਸ਼ ਵਿੱਚ ਜਾ ਵਸੇ ਹਨ। ਇਹ ਦਿਵਸ ਸੰਯੁਕਤ ਰਾਸ਼ਟਰ (United Nations) ਦੁਆਰਾ 1990 ਵਿੱਚ ਸਾਰੇ ਪ੍ਰਵਾਸੀ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਕੀਤੇ ਗਏ ਸੰਮੇਲਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।
ਪ੍ਰਵਾਸ: ਇੱਕ ਵਿਸ਼ਵਵਿਆਪੀ ਵਰਤਾਰਾ ਹੈ। ਇਹ ਪ੍ਰਵਾਸ ਦਾ ਸਿਲਸਿਲਾ ਮਨੁੱਖੀ ਇਤਿਹਾਸ ਦਾ ਇੱਕ ਅਟੁੱਟ ਅੰਗ ਰਿਹਾ ਹੈ। ਪਰ ਅਜੋਕੇ ਸਮੇਂ ਵਿੱਚ, ਇਸਦੀ ਗਤੀ ਅਤੇ ਪੈਮਾਨਾ ਬਹੁਤ ਵੱਧ ਗਿਆ ਹੈ। 2020 ਦੇ ਅੰਕੜਿਆਂ ਅਨੁਸਾਰ, ਦੁਨੀਆ ਭਰ ਵਿੱਚ ਲਗਭਗ 281 ਮਿਲੀਅਨ (28.1 ਕਰੋੜ) ਲੋਕ ਆਪਣੇ ਜਨਮ ਦੇ ਦੇਸ਼ ਤੋਂ ਇਲਾਵਾ ਕਿਸੇ ਹੋਰ ਦੇਸ਼ ਵਿੱਚ ਰਹਿ ਰਹੇ ਸਨ। ਇਹ ਗਿਣਤੀ 1990 ਦੇ ਮੁਕਾਬਲੇ 128 ਮਿਲੀਅਨ ਜ਼ਿਆਦਾ ਹੈ, ਅਤੇ 1970 ਦੇ ਅੰਦਾਜ਼ੇ ਨਾਲੋਂ ਤਿੰਨ ਗੁਣਾ ਤੋਂ ਵੀ ਵੱਧ ਹੈ। ਪ੍ਰਵਾਸੀ ਲੋਕ ਦੁਨੀਆ ਦੀ ਅਰਥਵਿਵਸਥਾ ਅਤੇ ਸੱਭਿਆਚਾਰ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਉਹ ਸਿਰਫ਼ ਪੈਸਾ ਹੀ ਨਹੀਂ ਭੇਜਦੇ (ਜੋ ਕਿ ਕਈ ਦੇਸ਼ਾਂ ਲਈ ਆਮਦਨ ਦਾ ਵੱਡਾ ਸਰੋਤ ਹੈ), ਸਗੋਂ ਉਹ ਨਵੇਂ ਵਿਚਾਰ, ਹੁਨਰ ਅਤੇ ਸੱਭਿਆਚਾਰਕ ਅਮੀਰੀ ਵੀ ਆਪਣੇ ਨਾਲ ਲੈ ਕੇ ਜਾਂਦੇ ਹਨ।
ਸਭ ਤੋਂ ਵੱਡਾ ਪ੍ਰਵਾਸੀ ਭਾਈਚਾਰਾ (ਡਾਇਸਪੋਰਾ) ਰੱਖਣ ਵਾਲੇ ਦੇਸ਼ਵਿਸ਼ਵ ਪ੍ਰਵਾਸ ਰਿਪੋਰਟ 2022 (World Migration Report 2022) ਦੇ ਅਨੁਸਾਰ, ਇਹ ਉਹ ਦੇਸ਼ ਹਨ ਜਿਨ੍ਹਾਂ ਦੇ ਸਭ ਤੋਂ ਵੱਧ ਲੋਕ (ਪ੍ਰਵਾਸੀ) ਵਿਦੇਸ਼ਾਂ ਵਿੱਚ ਰਹਿ ਰਹੇ ਹਨ (ਲਗਭਗ 2020 ਦੇ ਅੰਕੜੇ): ਪ੍ਰਵਾਸੀਆਂ ਦੀ ਅਨੁਮਾਨਿਤ ਗਿਣਤੀ ਅਨੁਸਾਲ ਭਾਰਤ ਦੇ 18 ਮਿਲੀਅਨ (1.8 ਕਰੋੜ), ਮੈਕਸੀਕੋ ਦੇ 11 ਮਿਲੀਅਨ (1.1 ਕਰੋੜ), ਰੂਸੀ ਸੰਘ ਦੇ10.8 ਮਿਲੀਅਨ, ਚੀਨ ਦੇ ਮਿਲੀਅਨ, ਸੀਰੀਆ ਦੇ 8 ਮਿਲੀਅਨ ਤੋਂ ਵੱਧ, ਪਾਕਿਸਤਾਨ ਦੇ 6.3 ਮਿਲੀਅਨ, ਯੂਕਰੇਨ ਦੇ 5.9 ਮਿਲੀਅਨ, ਫਿਲੀਪੀਨਜ਼ ਦੇ 5.4 ਮਿਲੀਅਨ, ਅਫਗਾਨਿਸਤਾਨ ਦੇ 5.1 ਮਿਲੀਅਨ, ਬੰਗਲਾਦੇਸ਼ ਦੇ 4.6 ਮਿਲੀਅਨ।
ਉਪਰੋਕਤ ਸੂਚੀ ਵਿੱਚ ਭਾਰਤ ਸਭ ਤੋਂ ਵੱਡੇ ਪ੍ਰਵਾਸੀ ਭਾਈਚਾਰੇ ਵਾਲਾ ਦੇਸ਼ ਹੈ। ਪੰਜਾਬ ਦੇ ਪ੍ਰਵਾਸ ਦੀ ਗੱਲ ਕਰੀਏ ਤਾਂ ਪੰਜਾਬ ਦਾ ਨਾਮ ਵਿਸ਼ੇਸ਼ ਤੌਰ ’ਤੇ ਉੱਭਰਦਾ ਹੈ। ਪੰਜਾਬੀ ਪਿਛਲੀ ਸਦੀ ਤੋਂ ਹੀ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿੱਚ ਜਾ ਵਸੇ ਹਨ, ਖਾਸ ਕਰਕੇ ਕੈਨੇਡਾ, ਯੂ.ਕੇ., ਅਮਰੀਕਾ, ਆਸਟਰੇਲੀਆ ਅਤੇ ਖਾੜੀ ਦੇਸ਼ਾਂ ਵਿੱਚ। ਇਕ ਅੰਦਾਜ਼ੇ ਅਨੁਸਾਰ, 25 ਲੱਖ ਤੋਂ ਵੱਧ ਪੰਜਾਬੀ ਭਾਰਤ ਤੋਂ ਬਾਹਰਲੇ ਦੇਸ਼ਾਂ ਵਿੱਚ ਵਸੇ ਹੋਏ ਹਨ।