ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ : ਸ੍ਰੀਨਗਰ ਤੋਂ ਅਰੰਭ ਹੋਇਆਂ ਨਗਰ ਕੀਰਤਨ 22 ਨਵੰਬਰ ਨੂੰ ਪਹੁੰਚੇਗਾ ਨਵਾਂਸ਼ਹਿਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 20 ਨਵੰਬਰ 2025
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀਨਗਰ ਤੋਂ ਅਰੰਭ ਕੀਤਾ ਨਗਰ ਕੀਰਤਨ 22 ਨਵੰਬਰ (ਸ਼ਨੀਵਾਰ) ਨੂੰ ਨਵਾਂਸ਼ਹਿਰ ਵਿਖੇ ਪਹੁੰਚੇਗਾ ਜਿੱਥੇ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਸਵਾਗਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੀਰਤਨ ਦਾ ਫਗਵਾੜਾ ਵਾਲੇ ਪਾਸਿਓਂ ਪਿੰਡ ਮੇਹਲੀ ਨੇੜਿਓਂ ਪ੍ਰਵੇਸ਼ ਹੋਵੇਗਾ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਦੇ ਸਵਾਗਤ ਉਪਰੰਤ ਪਹਿਲਾ ਪੜਾਅ ਗੁਰਦੁਆਰਾ ਚਰਨ ਕੰਵਲ ਸਾਹਿਬ, ਬੰਗਾ ਵਿਖੇ ਹੋਵੇਗਾ, ਜਿੱਥੇ ਸਮੂਹ ਸੰਗਤ ਵੱਲੋਂ ਸਵਾਗਤ ਕੀਤਾ ਜਾਵੇਗਾ। ਇਸ ਉਪਰੰਤ ਨਗਰ ਕੀਰਤਨ ਮਹਾਲੋਂ ਰੋਡ ਤੋ ਹੁੰਦਾ ਹੋਇਆ ਨਵਾਸ਼ਹਿਰ ਵਿਚ ਦਾਖਲ ਹੋਵੇਗਾ ਜਿੱਥੇ ਨਗਰ ਕੀਰਤਨ ਦਾ ਦੂਸਰਾ ਪੜਾਅ ਹੋਵੇਗਾ ਜਿਸ ਉਪਰੰਤ ਨਗਰ ਕੀਰਤਨ ਬਲਾਚੋਰ ਲਈ ਰਵਾਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਗੜ੍ਹੀ ਚੋਂਕ ਤੋਂ ਹੁੰਦਾ ਹੋਇਆ ਨਗਰ ਕੀਰਤਨ ਬਲਾਚੌਰ ਪਹੁੰਚੇਗਾ ਜਿੱਥੇ ਬੱਸ ਅੱਡੇ ਨਜ਼ਦੀਕ ਸੰਗਤਾਂ ਸਵਾਗਤ ਲਈ ਇਕੱਤਰ ਹੋਣਗੀਆਂ। ਬਲਾਚੋਰ ਤੋਂ ਹੁੰਦਾ ਹੋਇਆਂ ਨਗਰ ਕੀਰਤਨ ਗੁਰਦੁਆਰਾ ਟਿੱਬੀ ਸਾਹਿਬ, ਰੂਪਨਗਰ ਹੈਡ ਵਰਕਸ ਪਹੁੰਚੇਗਾ, ਜਿੱਥੋਂ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਵੇਗਾ।
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਗਰ ਕੀਰਤਨ ਦੀ ਆਮਦ ਅਤੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਵਾਲੀ ਸੰਗਤ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਲੋੜੀਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਪੁਲਿਸ ਅਧਿਕਾਰੀਆਂ ਵੱਲੋਂ ਟ੍ਰੈਫਿਕ ਵਿਵਸਥਾ, ਸਿਵਲ ਸਰਜਨ ਦਫਤਰ ਵੱਲੋਂ ਮੈਡੀਕਲ ਟੀਮਾਂ ਦੀ ਤਾਇਨਾਤੀ ਦੇ ਨਾਲ-ਨਾਲ ਸੰਬੰਧਤ ਵਿਭਾਗਾਂ ਵੱਲੋਂ ਨਗਰ ਕੀਰਤਨ ਦੇ ਰੂਟ ‘ਤੇ ਸਫਾਈ ਵਿਵਸਥਾ, ਮੰਡੀ ਬੋਰਡ ਵੱਲੋਂ ਸੰਗਤਾਂ ਲਈ ਪੀਣ ਵਾਲੇ ਪਾਣੀ ਆਦਿ ਦੀ ਸਹੂਲਤ ਆਦਿ ਦਾ ਉਚੇਚੇ ਤੌਰ ‘ਤੇ ਪ੍ਰਬੰਧ ਰਹੇਗਾ। ਉਨ੍ਹਾਂ ਨੇ ਸੰਗਤਾ ਨੂੰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 23 ਨਵੰਬਰ ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ। ਸ੍ਰੀਨਗਰ ਤੋਂ 19 ਨਵੰਬਰ ਨੂੰ ਅਰੰਭ ਹੋਏ ਨਗਰ ਕੀਰਤਨ ਦੀ ਸਮਾਪਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗੀ। ਇਸੇ ਤਰਾਂ ਇਨ੍ਹਾਂ ਸਮਾਗਮਾਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ, ਗੁਰੂ ਜੀ ਦੇ ਜੀਵਨ ‘ਤੇ ਆਧਾਰਤ ਪ੍ਰਦਰਸ਼ਨੀ, ਸਰਬ ਧਰਮ ਸਮੇਲਨ, ਵਿਰਾਸਤ–ਏ–ਖਾਲਸਾ, ਭਾਈ ਜੈਤਾ ਜੀ ਮੈਮੋਰੀਅਲ ਅਤੇ ਪੰਜ ਪਿਆਰੇ ਪਾਰਕ ਦਾ ਟੂਰ, ਕਥਾ ਅਤੇ ਕੀਰਤਨ ਦਰਬਾਰ, ਹੈਰੀਟੇਜ ਵਾਕ, ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਵਿਸ਼ੇਸ਼ ਵਿਧਾਨ ਸਭਾ ਸੈਸ਼ਨ, ਡਰੋਨ ਸ਼ੋਅ, ਸੂਬਾ ਪੱਧਰੀ ਖੂਨਦਾਨ ਮੁਹਿੰਮ ਦੀ ਸ਼ੁਰੂਆਤ, ਬੂਟੇ ਲਾਉਣ ਦੀ ਸ਼ੁਰੂਆਤ, ਗੁਰਬਾਣੀ ਕੀਰਤਨ ਅਤੇ ਸਰਬੱਤ ਦਾ ਭਲਾ ਇਕੱਤਰਤਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹਨ।