ਬ੍ਰਹਮਪੁਰ ਪਿੰਡ 'ਚ ਲੜਾਈ-ਝਗੜਾ, ਇੱਕੋ ਪਰਿਵਾਰ ਦੇ 4 ਜੀਆਂ 'ਤੇ ਕੇਸ ਦਰਜ
ਜਗਰਾਉਂ (ਦੀਪਕ ਜੈਨ): ਥਾਣਾ ਸਦਰ ਰਾਏਕੋਟ ਅਧੀਨ ਆਉਂਦੀ ਪੁਲਿਸ ਚੌਂਕੀ ਲੋਹਟਬੱਦੀ ਦੇ ਮੁਖੀ ਐਸਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਪਿੰਡ ਬ੍ਰਹਮਪੁਰ ਵਿੱਚ ਹੋਏ ਇੱਕ ਲੜਾਈ-ਝਗੜੇ ਦੇ ਮਾਮਲੇ ਵਿੱਚ ਪੁਲਿਸ ਨੇ ਚਾਰ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਅਮਰਜੀਤ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਬ੍ਰਹਮਪੁਰ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਹ ਦਵਿੰਦਰ ਸਿੰਘ ਅਤੇ ਰਾਜਵੀਰ ਖਾਨ ਨਾਲ ਇੱਕ ਕਲੀਨਿਕ ਕੋਲ ਹਾਜ਼ਰ ਸੀ। ਇਸ ਦੌਰਾਨ ਬਲਵਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਬ੍ਰਹਮਪੁਰ ਉੱਥੇ ਆਇਆ ਅਤੇ ਰਾਜਵੀਰ ਖਾਨ ਵੱਲੋਂ ਦੇਰ ਰਾਤ ਤੱਕ ਰੌਲਾ ਪਾਉਣ ਦੀ ਗੱਲ 'ਤੇ ਗਾਲੀ-ਗਲੋਚ ਕਰਨ ਲੱਗਾ। ਜਦੋਂ ਅਮਰਜੀਤ ਸਿੰਘ ਨੇ ਬਲਵਿੰਦਰ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਗੱਲ ਬਹਿਸ ਵਿੱਚ ਬਦਲ ਗਈ। ਬਲਵਿੰਦਰ ਸਿੰਘ ਨੇ ਫਿਰ ਆਪਣੇ ਪੁੱਤਰਾਂ ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਪਤਨੀ ਪਰਮਜੀਤ ਕੌਰ ਨੂੰ ਬੁਲਾ ਲਿਆ। ਇਹ ਸਾਰੇ ਜਣੇ ਆਪਣੇ ਘਰੋਂ ਕ੍ਰਿਪਾਨਾਂ, ਸੋਟੀ ਅਤੇ ਸੱਬਲ ਲੈ ਕੇ ਆ ਗਏ ਅਤੇ ਅਮਰਜੀਤ ਸਿੰਘ ਦੀ ਕੁੱਟਮਾਰ ਕਰਨ ਲੱਗੇ। ਜਦੋਂ ਦਵਿੰਦਰ ਸਿੰਘ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਸੁਖਵਿੰਦਰ ਸਿੰਘ ਨੇ ਆਪਣੇ ਹੱਥ ਵਿੱਚ ਫੜੀ ਤਿੱਖੀ ਕ੍ਰਿਪਾਨ ਨਾਲ ਉਸ 'ਤੇ ਤਿੰਨ ਵਾਰ ਕੀਤੇ। ਇਹ ਵਾਰ ਦਵਿੰਦਰ ਸਿੰਘ ਦੀ ਖੱਬੀ ਬਾਂਹ, ਸੱਜੀ ਉਂਗਲ ਅਤੇ ਸੱਜੇ ਮੋਢੇ 'ਤੇ ਲੱਗੇ। ਇਸ ਦੌਰਾਨ ਪਰਮਜੀਤ ਕੌਰ ਨੇ ਡਿੱਗੇ ਪਏ ਅਮਰਜੀਤ ਸਿੰਘ ਨੂੰ ਵੀ ਸੋਟੀ ਨਾਲ ਮਾਰਿਆ। ਪੁਲਿਸ ਨੇ ਅਮਰਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਬਲਵਿੰਦਰ ਸਿੰਘ, ਉਸਦੇ ਪੁੱਤਰਾਂ ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਪਤਨੀ ਪਰਮਜੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।