- ਸਿਆਣੇ ਆਖਦੇ ਨੇ ਕਿ ਸਮਾਂ ਕਿਸੇ ਦਾ ਵੀ ਸਕਾ ਨਹੀਂ ਹੁੰਦਾ। ਇਹ ਆਪਣੀ ਚਾਲੇ ਚੱਲਦਾ ਰਹਿੰਦਾ ਹੈ ਫੈਸਲਾ ਮਨੁੱਖ ਨੇ ਕਰਨਾ ਹੁੰਦੈ ਕਿ ਉਸ ਨੇ ਸਮੇਂ ਨੂੰ ਆਪਣੇ ਅਨੁਸਾਰ ਢਾਲਣਾ ਕਿਵੇਂ ਹੈ । ਜੇਕਰ ਮਨੁੱਖ ਦਾ ਮੁੱਢ ਕਦੀਮ ਤੋਂ ਜ਼ਿਕਰ ਕਰਨਾ ਸ਼ੁਰੂ ਕਰੀਏ ਤਾਂ ਸ਼ਾਇਦ ਲੰਮਾਂ ਸਮਾਂ ਲੱਗ ਜਾਵੇ । ਇਤਿਹਾਸ ਦੇ ਪੰਨਿਆਂ ਨੂੰ ਖੰਗਾਲੀਏ ਤਾਂ ਪਤਾ ਲੱਗਦਾ ਕਿ ਇਨਸਾਨ ਜੰਗਲ ਵਿਚੋਂ ਦੀ ਹੋ ਕੇ ਕੰਕਰੀਟ ਦੀਆਂ ਸੜਕਾਂ ਤੋਂ ਦੀ ਹੁੰਦਾ ਹੋਇਆ ਆਖਰ ਆਲੀਸ਼ਾਨ ਕੋਠੀਆਂ ਦਾ ਸ਼ਿੰਗਾਰ ਬਣ ਗਿਆ । ਇਹ ਸਫ਼ਰ ਉਸ ਨੇ ਮਹਿਜ ਕੁਝ ਵਰ੍ਹਿਆਂ ਵਿੱਚ ਤੈਅ ਕੀਤਾ ਹੈ । ਇਸ ਸਫ਼ਰ ਦੌਰਾਨ ਮਨੁੱਖ ਨੇ ਸੰਗਮਰਮਰ ਤੋਂ ਲੈਕੇ ਆਪਣੇ ਆਲੇ-ਦੁਆਲੇ ਕੰਕਰੀਟ ਦਾ ਅਜਿਹਾ ਢਾਂਚਾ ਤਿਆਰ ਕਰ ਲਿਆ । ਜਿਸ ਵਿਚੋਂ ਨਿਕਲਣਾ ਸ਼ਾਇਦ ਹੁਣ ਇਨਸਾਨ ਦੇ ਵਸ ਦੀ ਗੱਲ ਨਹੀਂ ਰਹੀ । ਥੋੜਾ ਪਿੱਛੇ ਵੱਲ ਪਰਤੀਏ ਤਾਂ ਇਸ ਸਦੀਵੀ ਸੱਚ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਕਿਵੇਂ ਸਾਡੇ ਬਜ਼ੁਰਗ ਕੱਚੇ ਘਰਾਂ ਵਿਚ ਰਹਿੰਦੇ ਸਨ ਤੇ ਉਹਨਾਂ ਦੇ ਇਰਾਦੇ ਦ੍ਰਿੜ ਪੱਕੇ ਸਨ । ਜਦ ਕੱਚੇ ਘਰ ਦੀ ਚਾਰਦੀਵਾਰੀ ਅੰਦਰ ਸਾਰੇ ਪਰਿਵਾਰ ਨੇ ਇਕੱਠੇ ਹੋ ਕੇ ਬੈਠਣਾ ਤਾਂ ਕਿਵੇਂ ਅਜਬ ਨਜ਼ਾਰਾ ਪੈਦਾ ਹੁੰਦਾ ਸੀ ਤੇ ਰੂਹ ਸਕੂਨ ਨਾਲ ਤਰ ਹੋ ਜਾਂਦੀ ਸੀ । ਪਰਿਵਾਰਾਂ ਦਾ ਥਬਾਕ ਸੀ । ਸਾਰੇ ਲੋਕ ਇੱਕ ਦੂਜੇ ਦੇ ਮੋਢੇ ਉੱਤੇ ਸਿਰ ਰੱਖ ਕੇ, ਦੁੱਖ ਸੁੱਖ ਵਿੱਚ ਸਹਾਈ ਹੁੰਦੇ ਸਨ
ਪਰ ਸਮੇਂ ਦੀ ਮਾਰੀ ਪਲਟੀ ਨੇ ਚਕਾਚੌਂਦ ਤੇ ਗਲੈਮਰ ਦੀ ਦੁਨੀਆਂ ਨੂੰ ਸਾਡੇ ਚੇਤਿਆਂ ਉੱਤੇ ਇਸ ਕਦਰ ਹਾਵੀ ਕਰ ਦਿੱਤਾ ਕਿ ਅਸੀਂ ਪਿਛਲਾ ਸਭ ਕੁਝ ਸਾਦ ਮੁਰਾਦ ਭੁੱਲ ਕੇ 'ਨਵੇਂ ਨੂੰ ਹਾਸਲ' ਕਰਨ ਦੇ ਲਈ ਇੱਕ ਅਵੱਲੀ ਦੌੜ ਲਾ ਦਿੱਤੀ । ਜੋ ਦੌਰ ਅਸੀਂ ਸ਼ੁਰੂ ਕਰ ਚੁੱਕੇ ਹਾਂ ਉਹ ਹੁਣ ਸ਼ਾਇਦ ਹੀ ਕਿਤੇ ਜਾ ਕੇ ਰੁਕੇ । ਹੁਣ ਇਹ ਦੌੜ ਕਾਰਾਂ ਕੋਠੀਆਂ ਤੋਂ ਅਗਾਂਹ ਜਾਕੇ ਸਾਹੀ ਮਰਨਿਆਂ ਤੱਕ ਪਹੁੰਚ ਚੁੱਕੀ ਹੈ । ਜੋ ਇੱਕ ਬੇਹੱਦ ਹੈਰਾਨੀਜਨਕ ਵਰਤਾਰਾ ਹੈ । ਕਿਸੇ ਸਮੇਂ ਜਦ ਘਰ ਅੰਦਰ ਕਿਸੇ ਬਜ਼ੁਰਗ ਦੀ ਮੌਤ ਹੋ ਜਾਂਦੀ ਸੀ ਤਾਂ ਸਾਰਾ ਪਿੰਡ ਢਕੋ-ਢਕੀ ਜੁੜ ਕੇ ਦਿਨ ਰਾਤ ਉਸ ਪਰਿਵਾਰ ਦੇ ਘਰ ਸੱਥਰ ਤੇ ਬੈਠ ਕੇ ਦੁੱਖ ਵੰਡਾਉਂਦਾ ਸੀ ਪਰ ਅਫਸੋਸ ਅਸੀਂ ਅੱਜ ਕਿੰਨੇ ਖੁਦਗਰਜ਼ ਹੋ ਚੁੱਕੇ ਹਾਂ ਕਿ ਕਿਸੇ ਦੇ ਜਵਾਨ ਪੁੱਤ ਦੀ ਮੌਤ ਦਾ ਦੁੱਖ ਵੰਡਾਉਣ ਤੋਂ ਵੀ ਇਨਕਾਰੀ ਹੋ ਪਹਿਲਾਂ ਸੌ ਵਾਰ ਸੋਚ ਕੇ ਉਸ ਦੇ ਘਰ ਜਾਂਦੇ ਹਾਂ । ਲੰਘੇ ਵੇਲੇ ਸਾਂਝੇ ਪਰਿਵਾਰਾਂ ਅੰਦਰ ਸਾਰਾ ਪਰਿਵਾਰ ਚੁਲ੍ਹੇ ਦੇ ਆਲੇ ਦੁਆਲੇ ਬੈਠ ਕੇ ਸਿਦਕ ਤੇ ਮਿਹਨਤ ਦੀ ਸਕੂਨ ਭਰੀ ਰੋਟੀ ਖਾਂਦਾ ਸੀ ਪਰ ਅੱਜ ਆਪਾਂ ਨੂੰ ਆਪੋ- ਆਪਣੇ ਹਾਈ-ਫਾਈ ਤੇ ਕਮਰਿਆਂ ਅੰਦਰ ਵੀ ਸੁੱਖ ਤੇ ਚੈਨ ਨਸੀਬ ਕਿਉਂ ਨਹੀਂ ਹੋ ਰਿਹਾ ਇਹ ਸਵਾਲ ਵੱਡੇ ਹਨ । ਕਿੰਨੇ ਵਧੀਆ ਸਨ ਉਹ ਪੁਰਾਣੇ ਮਿੱਟੀ ਦੀ ਤਲੀ ਵਾਲੇ ਘਰ ਜਿੱਥੇ ਸਕੂਨ ਤਾਂ ਮਿਲਦਾ ਸੀ
ਲੰਘੇ ਸਮੇਂ ਇੱਕ ਕਹਾਵਤ ਆਮ ਸਾਡੇ ਘਰਾਂ ਵਿੱਚ ਬੋਲੀ ਜਾਂਦੀ ਸੀ ਕਿ ਘਰ ਉੱਤੇ ਖਰਚ ਕੀਤੇ ਪੈਸੇ ਦੀ ਬਾਅਦ ਵਿੱਚ ਕੋਈ ਆਮਦਨ ਨਹੀਂ ਹੁੰਦੀ । ਘਰ ਕੋਈ ਵੀ ਆਮਦਨ ਨਹੀਂ ਦਿੰਦਾ ਇਸ ਨੂੰ ਜਿੰਨਾ ਮਰਜ਼ੀ ਸ਼ਿੰਗਾਰ ਦਿਓ ਜਾਂ ਮਹਿੰਗੇ ਮੁੱਲ ਦਾ ਬਣਾ ਲਓ ਕੋਈ ਫ਼ਰਕ ਨਹੀਂ ਪੈਂਦਾ ਅਤੇ ਇੱਕ ਵਾਰ ਜਿਨ੍ਹਾਂ ਖਰਚਾ ਹੋ ਗਿਆ ਉਸ ਦੀ ਭਰਪਾਈ ਵੀ ਨਹੀਂ ਹੁੰਦੀ ਕਿਉਂਕਿ ਘਰ ਨੇ ਕਿਹੜਾ ਕੋਈ ਆਮਦਨ ਦੇਣੀ ਹੁੰਦੀ ਹੈ । ਪਰ ਅੱਜ ਕੱਲ ਹਾਲਾਤ ਉਸ ਦੇ ਬਿਲਕੁਲ ਉਲਟ ਬਣ ਚੁੱਕੇ ਹਨ । ਸਾਡਾ ਸਾਰਾ ਦਾਰੋ-ਮਦਾਰ ਕੇਵਲ ਤੇ ਕੇਵਲ ਕਾਰਾਂ ਅਤੇ ਕੋਠੀਆਂ ਤੇ ਹੈ । ਸਿਵਾਏ ਫਜੂਲ ਖਰਚੀ ਤੋਂ ਸਾਡੇ ਪੱਲੇ ਕੱਖ ਵੀ ਨਹੀਂ ਹੈ । ਅੱਜ ਕਲ ਪੰਜਾਬੀ ਆਮ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਕੁੱਲੀ 'ਚ ਭਾਵੇਂ ਕੱਖ ਨਾ ਰਹੇ ਪਰ ਕੋਠੀਆਂ ਦੇ ਵੱਟ ਕੱਢ ਕੇ ਰੱਖ ਦਿਆਂਗੇ । ਕੋਠੀ ਨੂੰ ਤਿਆਰ ਕਰਨ ਮੌਕੇ ਅਸੀਂ ਗਵਾਢੀ ਦੇ ਨਾਲ ਮੁਕਾਬਲਾ ਬਣਾ ਲਿਆ ਹੈ । ਪਤਾ ਨਹੀਂ ਕਿਉਂ ਅਸੀਂ ਵੇਖੋ- ਵੇਖੀ, ਅੰਦਰੋਂ- ਅੰਦਰੀ ਬੁਰੀ ਤਰ੍ਹਾਂ ਕੁੜ ਕੇ ਸਭ ਕੁੱਝ ਨੂੰ ਵਿਸਾਰਦਿਆਂ ਕੇਵਲ ਕੋਠੀਆਂ ਤੇ ਕਰੋੜਾਂ ਰੁਪਇਆ ਖਰਚ ਕਰ ਰਹੇ ਹਾਂ । ਪੰਜਾਬ ਅੰਦਰ ਜਿੱਧਰ ਵੀ ਨਿਗ੍ਹਾ ਮਾਰੋ ਚਾਰੇ ਪਾਸੇ ਕੋਠੀਆਂ ਦਾ ਆਲਮ ਹੈ । ਕੋਠੀਆਂ ਆਲੀਸ਼ਾਨ ਬਣਦੀਆਂ ਜਾ ਰਹੀਆਂ ਹਨ ਪਰ ਇਨਸਾਨ ਅੰਦਰੋਂ ਖੁਰਦਾ ਜਾ ਰਿਹਾ ਹੈ ਤੇ ਕਰਜ਼ਈ ਹੋ ਕੇ ਕਰਜ਼ੇ ਦੀ ਦਲਦਲ ਵਿੱਚ ਧੱਸਦਾ ਜਾ ਰਿਹਾ ਹੈ ।
ਇਕ ਇਸ ਕੌੜੇ ਸੱਚ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅੱਜ ਭਾਵੇਂ ਮਨੁੱਖ ਵੱਲੋਂ ਆਪਣੇ ਰਹਿਣ ਬਸੇਰੇ ਦੇ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਪਰ ਸੋਚਣ ਦਾ ਵਿਸ਼ਾ ਇਹ ਵੀ ਹੈ ਕਿ ਇਨ੍ਹਾਂ ਕਰੋੜਾਂ ਰੁਪਿਆ ਖਰਚ ਕੇ ਤਿਆਰ ਕੀਤੇ ਰਹਿਣ ਬਸੇਰਿਆਂ ਵਿੱਚ ਆਖਰ ਰਹਿੰਦਾ ਕੌਣ ਹੈ । ਜੇਕਰ ਦੁਆਬੇ ਦੀ ਧਰਤੀ ਦੀ ਗੱਲ ਕਰੀਏ ਤਾਂ ਉਥੇ ਤਾਂ ਵਰਿਆਂ ਪਹਿਲਾਂ ਹੀ ਪੰਜਾਬੀਆਂ ਦੇ ਹੋ ਚੁੱਕੇ ਪ੍ਰਵਾਸ ਨੇ ਇਸ ਗੱਲ ਤੇ ਮੋਹਰ ਲਗਾ ਦਿੱਤੀ ਸੀ ਕਿ ਇਨ੍ਹਾਂ ਕੋਠੀਆਂ ਅੰਦਰ ਆਖਿਰ ਕਬੂਤਰਾਂ ਨੇ ਬੋਲਣਾ ਹੈ । ਜਿਨ੍ਹਾਂ ਖਰਚਾ ਅਸੀਂ ਇੰਨਾ ਕੋਠੀਆਂ ਤੇ ਕਰ ਦਿੱਤਾ ਉਸ ਦੇ ਨਾਲ ਇੱਕ ਨਸਲ ਦੀ ਦਸ਼ਾ ਬਦਲੀ ਜਾ ਸਕਦੀ ਸੀ । ਪਰ ਉਸ ਵੱਲ ਤਾਂ ਕਿਸੇ ਦਾ ਖਿਆਲ ਹੀ ਨਹੀਂ ਗਿਆ। ਅਸੀਂ ਤਾਂ ਸਾਰਾ ਕੁਝ ਕੋਠੀਆਂ ਅਤੇ ਫ਼ਜ਼ੂਲ ਖਰਚਿਆਂ ਤੇ ਲਾ ਦਿੱਤਾ । ਫਜ਼ੂਲ ਖਰਚੀ ਤੇ ਸਮਾਜਕ ਰਹੁਰੀਤਾਂ ਨੂੰ ਬਰਕਰਾਰ ਰੱਖਣ ਦੇ ਲਈ ਚਿੰਤਕ ਲੋਕਾਂ ਵਲੋਂ ਸਾਨੂੰ ਹਲੂਣਾ ਦੇਣ ਦਾ ਯਤਨ ਜ਼ਰੂਰ ਕੀਤਾ ਸੀ ਪਰ ਉਸ ਤੇ ਧਿਆਨ ਦੇਣਾ ਕਿਸ ਸੱਜਣ ਨੇ ਹੈ ਕਿਉਂਕਿ ਚੰਗੇ ਕੰਮ ਦੀ ਗੱਲ ਤਾਂ ਸਾਡੇ ਕੰਨਾਂ ਵਿੱਚ ਪੈਂਦੀ ਹੀ ਨਹੀਂ । ਸਾਡਾ ਨਿਸ਼ਾਨਾ ਤਾਂ ਸਿਰਫ ਵੱਡੀ ਕੋਠੀ ਅਤੇ ਮਹਿੰਗੀ ਕਾਰ ਹੈ । ਅਸੀਂ ਸਿਰਫ ਇੱਥੇ ਤੱਕ ਸਿਮਟ ਕੇ ਰਹਿ ਚੁੱਕੇ ਹਾਂ ।
ਇੱਕ ਵਾਰ ਤਾਂ ਪੰਜਾਬੀਆਂ ਵੱਲੋਂ ਕਰਜੇ ਚੁੱਕ ਕੇ ਕੋਠੀਆਂ ਖੜੀਆਂ ਕਰ ਲਈਆਂ ਪਰ ਉਨ੍ਹਾਂ ਕਰਜ਼ਿਆਂ ਨੂੰ ਵਾਪਸ ਕਿਸ ਨੇ ਮੋੜਨਾ ਹੈ ਸਾਨੂੰ ਤਾਂ ਇਸ ਗੱਲ ਦਾ ਵੀ ਭੋਰਾ ਭਰ ਵੀ ਇਲਮ ਨਹੀਂ । ਪਹਿਲਾਂ ਇਹ ਕਰਜ਼ਾ ਹਜ਼ਾਰਾਂ ਰੁਪਏ ਦੇ ਵਿੱਚ ਸੀ। ਫਿਰ ਲੱਖਾਂ ਵਿੱਚ ਹੋ ਗਿਆ ਤੇ ਹੁਣ ਗੱਲ ਕਰੋੜਾਂ ਰੁਪਏ ਤੱਕ ਪਹੁੰਚ ਚੁਕੀ ਹੈ । ਬਹੁਤ ਸਾਰੇ ਪਰਿਵਾਰ ਕੇਵਲ ਲੱਖਾਂ ਰੁਪਏ ਵਿਆਜ ਦਾ ਹੀ ਬੈਂਕ ਨੂੰ ਦੇ ਦਿੰਦੇ ਹਨ । ਸਾਡਾ ਸਰਮਾਇਆ ਅੱਜ ਫਜ਼ੂਲ ਖ਼ਰਚੀ ਤੇ ਜ਼ਿਆਦਾ ਖਰਚ ਹੋ ਰਿਹਾ ਹੈ ਜਦ ਕਿ ਚੰਗੇ ਕੰਮਾਂ ਤੋਂ ਅਸੀਂ ਪਾਸਾ ਵੱਟ ਰਹੇ ਹਾਂ ਇਹ ਸਿਰਫ ਤੇ ਸਿਰਫ ਸਾਡੀ ਤਰਾਸਦੀ ਹੈ । ਸ਼ਾਹੂਕਾਰਾਂ ਵਲੋਂ ਆਪਣੇ ਘਰਾਂ ਨੂੰ ਕੱਚੇ ਰੱਖ ਕੇ ਤਿਜੋਰੀ ਦੇ ਮੁੰਹ ਨੱਕੋ- ਨੱਕ ਭਰ ਲਏ ਹਨ ਤੇ ਉਸਦੇ ਬਦਲੇ ਵਿੱਚ ਅਸੀਂ ਆਪਣੇ ਹੱਥੀਂ ਜੰਮਿਆਂ ਨੂੰ ਵਿਦੇਸ਼ਾਂ ਵਿੱਚ ਪੱਕੇ ਕਰਨ ਦੇ ਨਾਂ ਤੇ ਆਪਣੇ ਤੋਂ ਦੂਰ ਕਰ ਲਿਆ ਹੈ । ਸ਼ਾਹੂਕਾਰਾਂ ਵੱਲੋਂ ਸਾਡੇ ਦਿੱਤੇ ਪੈਸਿਆਂ ਦੇ ਵਿਆਜ ਨਾਲ ਹੀ ਆਪਣੀ ਔਲਾਦ ਨੂੰ ਇੱਥੇ ਕਾਰੋਬਾਰ ਚਲਾ ਕੇ ਦਿੱਤੇ ਜਾ ਰਹੇ ਹਨ ਫਿਰ ਸਹੀ ਕੌਣ ਹੋਇਆ ਅਸੀਂ ਕਿ ਉਹ, ਅਸੀਂ ਤਾਂ ਇੱਥੇ ਇਹ ਫੈਸਲਾ ਵੀ ਨਹੀਂ ਕਰ ਪਾ ਰਹੇ । ਸਾਨੂੰ ਤਾਂ ਸਿਰਫ਼ ਤੇ ਸਿਰਫ਼ ਆਲੀਸ਼ਾਨ ਕੋਠੀ ਅਤੇ ਫਜੂਲ ਖਰਚੀ ਦੇ ਨਾਂ ਤੇ ਕੀਤੇ ਜਾ ਰਹੇ ਵਿਆਹ ਅਤੇ ਮਰਗ ਦੇ ਭੋਗ ਹੀ ਦਿਖਾਈ ਦਿੰਦੇ ਹਨ ਜੋ ਕੀਤੇ ਨਾ ਕੀਤੇ ਸਾਡੇ ਪਤਨ ਦਾ ਕਾਰਨ ਬਣ ਰਹੇ ਹਨ ।
ਹੱਥੀਂ ਕਰਜ਼ਾ ਚੁੱਕ ਕੇ ਲੈ, ਫਾਹਿਆਂ ਨੇ ਸਾਡੀ ਕਮਰ ਤੋੜ ਕੇ ਰੱਖ ਦਿੱਤੀ । ਅਸੀਂ ਭਾਈਚਾਰਕ ਸਾਂਝ ਤਾਂ ਗਵਾ ਹੀ ਦਿੱਤੀ ਤੇ ਅਸੀਂ ਕਿਸੇ ਦੇ ਵੀ ਸਕੇ ਨਾ ਬਣ ਸਕੇ । ਸਾਡੇ ਮਰਗ ਦੇ ਭੋਗਾਂ ਤੇ ਅੱਜਕਲ ਖਰਚਿਆਂ ਜਾ ਰਿਹਾ ਲੱਖਾਂ ਰੁਪਈਆ ਸਾਡੀ ਸੂਝ-ਬੂਝ ਦੇ ਨਿਕਲੇ ਦਿਵਾਲੇ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ । ਅਸੀਂ ਕੋਠੀਆਂ ਤਾਂ ਵੱਡੀਆਂ ਪਾ ਲਈਆਂ ਤੇ ਆਪਣੀਆਂ ਧੀਆਂ ਨੂੰ ਵੀ ਕੋਠੇ ਜਿੱਡੀਆਂ ਜ਼ਰੂਰ ਕਰ ਲਿਆ । ਪਰ ਕੋਠੀ ਦੇ ਚਾਅ ਵਿੱਚ ਉਸ ਦਾ ਵਿਆਹ ਹੀ ਭੁੱਲ ਗਿਆ ਕਿ ਇਸ ਨੂੰ ਵੀ ਬੇਗਾਨੇ ਘਰ ਤੋਰਨਾ ਹੈ । ਕੋਠੀ ਛੋਟੀ ਨਾ ਰਹੇ ਪਰ ਧੀ ਦਾ ਕੋਈ ਫ਼ਿਕਰ ਨਹੀਂ । ਬਜ਼ੁਰਗਾਂ ਦਾ ਮਰਨਾ ਵੀ ਪੈਲਸਾਂ ਦੇ ਵਿੱਚ ਕੀਤਾ ਜਾ ਰਿਹਾ ਹੈ ਜਿੱਥੇ ਮਹਿੰਗੇ ਪਕਵਾਨ ਕੂਕ-ਕੂਕ ਕੇ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਸਾਡੇ ਗੁਰੂ ਸਾਹਿਬਾਨ ਨੇ ਤਾਂ ਕਦੇ ਵੀ ਸਾਨੂੰ ਇਹ ਰਸਤਾ ਨਹੀਂ ਸੀ ਵਿਖਾਇਆ ਜਿਸ ਨੂੰ ਅਸੀਂ ਅਖਤਿਆਰ ਕਰ ਚੁਕੇ ਹਾਂ । ਪੰਜਾਬੀਓ ਕਿਹੜੇ ਰਾਹ ਤੁਰ ਪਏ ਤੁਸੀਂ । ਸਾਡੇ ਗੁਰੂ ਸਾਹਿਬਾਨ ਨੇ ਤਾਂ ਹਮੇਸ਼ਾ ਹੀ ਸਾਨੂੰ ਸਾਦਗੀ ਦਾ ਲੜ ਫੜ ਕੇ ਰੱਖਣ ਲਈ ਆਖਿਆ ਸੀ ਪਰ ਅਸੀਂ ਉਸ ਲੜ ਨੂੰ ਤਾਂ ਵਿਸਾਰ ਹੀ ਦਿੱਤਾ ਸਗੋਂ ਉਸ ਅਲਾਮਤ ਰੂਪੀ ਰਾਹ ਦਾ ਲੜ ਫੜ ਲਿਆ ਜਿਸ ਦਾ ਸਿਰਾ ਬੇਹੱਦ ਖਤਰਨਾਕ ਰੂਪੀ ਦਿਸ਼ਾ ਵਿੱਚ ਜਾਂਦਾ ਹੈ ।
ਜੇ ਆਖਿਰ ਵਿੱਚ ਇਸ ਸਭ ਕੁੱਝ ਦਾ ਸਿੱਟਾ ਕੱਢਣਾ ਹੋਵੇ ਤਾਂ ਸਾਨੂੰ ਕੋਠੀਆਂ ਤੇ ਫਜੂਲ ਖਰਚੀ ਦੇ ਕਾਰਨ ਜਿੱਥੇ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ ਉਥੇ ਹੀ ਇਸ ਚਕਾਚੌਂਧ ਭਰੇ ਵਰਤਾਰੇ ਨੇ ਇਨਸਾਨੀ ਮਨ ਦੇ ਅੰਦਰ ਹਉਮੈ ਪੈਦਾ ਕੀਤੀ ਹੈ । ਭਾਈਚਾਰਕ ਸਾਂਝ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ । ਕੋਠੀਆਂ ਤੋਂ ਬਾਅਦ ਮਰਨੇ ਤੇ ਲੱਖਾਂ ਖਰਚ ਕੇ ਪੰਜਾਬੀ ਆਖਰ ਸਿਧ ਕੀ ਕਰਨਾ ਚਾਹੁੰਦੇ ਹਨ ਇਹ ਸਵਾਲ ਵੀ ਵੱਡਾ ਹੈ । ਲਿਮਟਾ ਚੁੱਕ ਚੁੱਕ ਕੇ ਬਣਾਈਆਂ ਕੋਠੀਆ ਤੇ ਕੀਤੇ ਮਰਨੇ, ਭੋਗ, ਵਿਆਹ ਸਾਡੇ ਸਮਾਜ ਨੂੰ ਇੱਕ ਉਸ ਅੰਨ੍ਹੇ ਖੂਹ ਵੱਲ ਧੱਕ ਕੇ ਲੈ ਗਏ ਜਿੱਥੋਂ ਹੁਣ ਵਾਪਸ ਪਰਤਣਾ ਬੇਹੱਦ ਔਖਾ ਹੈ । ਬੱਚਿਆਂ ਦੇ ਵਿਆਹਾਂ ਨੂੰ ਹਜ਼ਾਰਾਂ ਦੀ ਬਜਾਏ ਕਰੋੜਾਂ ਵਿੱਚ ਪਹੁੰਚਦਾ ਕਰ ਦਿੱਤਾ । ਇਹ ਕਸੂਰ ਕਿਸਦਾ ਹੈ । ਮਸ਼ੀਨਰੀ ਉੱਤੇ ਲੱਖਾਂ ਰੁਪਏ ਖਰਚ ਕੇ ਆਖਰ ਅਸੀਂ ਸਿਵਾਏ ਦਿਖਾਵੇ ਤੋਂ ਹੋਰ ਕਰ ਵੀ ਕੀ ਰਹੇ ਹਾਂ । ਬਹੁਤੇ ਪਰਿਵਾਰ ਕਰਜ਼ਈ ਹੋ ਕੇ ਦੋ ਡੰਗ ਦੀ ਰੋਟੀ ਤੋਂ ਵੀ ਮੁਹਤਾਜ ਹੋ ਗਏ । ਧੀਆਂ ਪੁੱਤਰਾਂ ਦੇ ਵਿਆਹਾਂ ਦਾ ਫਿਕਰ ਹੋ ਗਿਆ । ਘਰਾਂ ਦੇ ਵਿੱਚ ਸੱਥਰ ਵਿੱਛਣ ਲੱਗ ਪਏ, ਸਾਡੇ ਪੱਲੇ ਬਚਿਆ ਹੀ ਕੱਖ ਨਹੀਂ ਅਸੀਂ ਇੱਕ ਬੇਹੱਦ ਲੰਬੀ ਦੌੜ ਤੇ ਨਿਕਲ ਚੁਕੇ ਹਾਂ ਜਿਸ ਦਾ ਨਾਮ ਹੈ 'ਦਿਖਾਵਾ' । ਬਿਨਾਂ ਸ਼ੱਕ ਪੰਜਾਬੀਆਂ ਦੀ ਇਹ ਦੌੜ ਆਖਰ ਮੁੱਕੇਗੀ ਕਦ, ਕੁਝ ਵੀ ਕਿਹਾ ਨਹੀਂ ਜਾ ਸਕਦਾ । ਆਉਣ ਵਾਲਾ ਸਮਾਂ ਭਾਵੇਂ ਭਵਿੱਖ ਦੇ ਗਰਭ ਵਿੱਚ ਹੈ ਪਰ ਅੱਜ ਕੁਝ ਵੀ ਹੋਵੇ ਪੰਜਾਬੀਆਂ ਦਾ ਕੱਚੇ ਘਰਾਂ ਤੋਂ ਆਲੀਸ਼ਾਨ ਕੋਠੀਆਂ ਤੱਕ ਦਾ ਸਫਰ ਬੇਹੱਦ ਡਰਾਵਣਾ ਬਣਦਾ ਜਾ ਰਿਹਾ ਹੈ । ਰੱਬ ਖ਼ੈਰ ਕਰੇ ।
ਪੱਤਰਕਾਰ ਰੋਜ਼ਾਨਾ ਅਜੀਤ
ਮਾਲੇਰਕੋਟਲਾ
94634-63136
-(1)-1762705528240.jpg)
-
ਮਨਜਿੰਦਰ ਸਿੰਘ ਸਰੌਦ, ਪੱਤਰਕਾਰ ਰੋਜ਼ਾਨਾ ਅਜੀਤ
manjindersinghkalasaroud@gmail.com
94634-63136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.