ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਸਮਾਗਮ ਪੂਰੀ ਸ਼ਰਧਾ ਭਾਵਨਾ ਨਾਲ ਮਨਾਏ ਜਾਣਗੇ-ਵਿਧਾਇਕ ਸ਼ੈਰੀ ਕਲਸੀ
ਲਾਈਟ ਐਂਡ ਸਾਊਂਡ ਸ਼ੋਅ, ਨਗਰ ਕੀਰਤਨ ਅਤੇ ਇਤਿਹਾਸਕ ਵਿਧਾਨ ਸਭਾ ਸੈਸ਼ਨ ਹੋਣਗੇ
ਰੋਹਿਤ ਗੁਪਤਾ
ਬਟਾਲਾ, 27 ਅਕਤੂਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਰੋਹ ਪੂਰੀ ਸ਼ਰਧਾ ਭਾਵਨਾ ਨਾਲ ਮਨਾਏ ਜਾਣਗੇ, ਜਿਸ ਦੀ ਸ਼ੁਰੂਆਤ ਪੰਜਾਬ ਸਰਕਾਰ ਵਲੋਂ 25 ਅਕਤੂਬਰ ਨੂੰ ਕੌਮੀ ਰਾਜਧਾਨੀ ਤੋਂ ਕੀਤੀ ਗਈ ਹੈ।
ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਨੇ ਅੱਜ ਬਟਾਲਾ ਵਿਖੇ ਹਲਕਾ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਈ ਮਹੀਨਿਆਂ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅਟੱਲ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਯਾਲਾ ਜੀ ਦੀ ਅਦੁੱਤੀਅ ਸ਼ਹੀਦੀ ਨੂੰ ਯੋਗ ਸ਼ਰਧਾਂਜਲੀ ਦੇਣ ਲਈ ਵਿਆਪਕ ਤਿਆਰੀ ਕੀਤੀ ਗਈ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਗੁਰੂ ਸਾਹਿਬ ਦੇ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਪੰਜਾਬ ਸਰਕਾਰ ਵੱਖ-ਵੱਖ ਰਾਜਾਂ 'ਚ ਸਮਾਗਮ ਕਰਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 25 ਅਕਤੂਬਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਸਮਾਗਮ ਸ਼ੁਰੂ ਹੋ ਗਏ ਹਨ ਅਤੇ ਗੁਰਦੁਆਰਾ ਸ੍ਰੀ ਰਕਾਬ ਰਾਜ ਸਾਹਿਬ ਵਿਖੇ ਵਿਸ਼ਾਲ ਕੀਰਤਨ ਦਰਬਾਰ ਕਰਵਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਕਿ 1 ਨਵੰਬਰ ਤੋਂ 18 ਨਵੰਬਰ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਫ਼ਲਸਫ਼ੇ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣਗੇ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਸਬਿਆਂ ਅਤੇ ਸ਼ਹਿਰਾਂ 'ਚ ਕੀਰਤਨ ਦਰਬਾਰ ਸਜਾਏ ਜਾਣਗੇ ਅਤੇ 18 ਨਵੰਬਰ ਨੂੰ ਸ੍ਰੀਨਗਰ (ਜੰਮੂ ਅਤੇ ਕਸ਼ਮੀਰ) ਵਿਚ ਇਕ ਕੀਰਤਨ ਦਰਬਾਰ ਸਜਾਇਆ ਜਾਵੇਗਾ, ਜਿਸ ਤੋਂ ਬਾਅਦ 19 ਨਵੰਬਰ ਨੂੰ ਇਕ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ 'ਚ ਸੈਂਕੜੇ ਕਸ਼ਮੀਰੀ ਪੰਡਿਤ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ 20 ਨਵੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ), ਫ਼ਰੀਦਕੋਟ ਅਤੇ ਗੁਰਦਾਸਪੁਰ ਤੋਂ ਤਿੰਨ ਨਗਰ ਕੀਰਤਨ ਸਜਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਚਾਰੇ ਨਗਰ ਕੀਰਤਨ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੰਨ ਹੋਣਗੇ, ਜਦੋਂਕਿ 23 ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੇ ਪੱਧਰ 'ਤੇ ਸਮਾਗਮ ਕਰਵਾਏ ਜਾਣਗੇ।
ਉਨ੍ਹਾਂ ਕਿਹਾ ਕਿ 24 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗਾ, ਜਿਥੇ ਪ੍ਰਮੁੱਖ ਸ਼ਖਸੀਅਤਾਂ ਵਲੋਂ ਗੁਰੂ ਜੀ ਦੇ ਜੀਵਨ, ਫ਼ਲਸਫ਼ੇ ਅਤੇ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਦਿੱਤੀ ਉਨ੍ਹਾਂ ਦੀ ਕੁਰਬਾਨੀ 'ਤੇ ਵਿਚਾਰ ਸਾਂਝੇ ਕੀਤੇ ਜਾਣਗੇ।