ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੀ ਪ੍ਰੇਰਨਾ ਦੇਣ ਲਈ ਸੈਮੀਨਾਰ ਦਾ ਆਯੋਜਨ
ਪ੍ਰਮੋਦ ਭਾਰਤੀ
ਸ਼੍ਰੀ ਅਨੰਦਪੁਰ ਸਾਹਿਬ 17 ਅਕਤੂਬਰ,2025
ਅੱਜ ਸਰਕਾਰੀ ਕਾਲਜ ਮਹੈਣ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਵਿਨੀਤਾ ਅਨੰਦ ਦੀ ਅਗਵਾਈ ਵਿੱਚ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੀ ਪ੍ਰੇਰਨਾ ਦੇਣ ਲਈ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਬੀ .ਏ ਭਾਗ ਤੀਜਾ ਦੇ ਅਮਨਦੀਪ ਸਿੰਘ ਅਤੇ ਨਾਜੀਆ ਨੇ ਕਿਹਾ ਕਿ ਦੀਵਾਲੀ ਮੌਕੇ ਦੇਸ਼ ਭਰ ਵਿੱਚ 80 ਫੀਸ਼ਦੀ ਪਟਾਕੇ ਵਿਕਦੇ ਹਨ। 99 ਦਿਨਾਂ ਵਿੱਚ ਜਿੰਨਾ ਪ੍ਰਦੂਸ਼ਣ ਫੈਲਦਾ ਹੈ, ਉਨਾਂ ਪ੍ਰਦੂਸ਼ਣ ਦੀਵਾਲੀ ਦੀ ਇਕ ਰਾਤ ਵਿਚ ਹੀ ਫੈਲ ਜਾਂਦਾ ਹੈ। ਦੀਵਾਲੀ ਵਾਲੇ ਦਿਨ ਪਟਾਕਿਆਂ ਕਾਰਨ ਪ੍ਰਤੀ ਵਿਅਕਤੀ ਦੇ ਸਰੀਰ ਵਿੱਚ 40 ਸਿਗਰਟਾਂ ਜਿੰਨਾ ਧੂੰਆ ਚਲਾ ਜਾਂਦਾ ਹੈ ਅਤੇ ਸ਼ੋਰ ਪ੍ਰਦੂਸ਼ਣ 125 ਡੇਸੀਬਲ ਤੱਕ ਪਹੁੰਚ ਜਾਂਦਾ ਹੈ। ਦੂਜੇ ਸਥਾਨ ਤੇ ਆਉਣ ਵਾਲੇ ਬੀ.ਏ ਭਾਗ ਦੂਜਾ ਦੇ ਜਸਕਰਨ ਸਿੰਘ ਅਤੇ ਬੀ .ਕਾਮ ਭਾਗ ਤੀਜਾ ਦੀ ਜਸ਼ਨਪ੍ਰੀਤ ਕੌਰ ਨੇ ਕਿਹਾ ਕਿ ਪਟਾਕਿਆਂ ਵਿੱਚ ਐਲੂਮੀਨੀਅਮ, ਬੇਰੀਅਮ, ਆਇਰਨ, ਪੋਟਾਸ਼ੀਅਮ, ਸਲਫਰ ਅਤੇ ਸਟ੍ਰੋਟੀਅਮ ਆਦਿ 6 ਭਾਰੀ ਧਾਤੂਆਂ ਹੁੰਦੀਆਂ ਹਨ , ਜੋ ਹਵਾ ਵਿੱਚ ਮਿਲਕੇ ਜਿੱਥੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੀਆਂ ਹਨ ਅਤੇ ਉੱਥੇ ਹੀ ਇਹ ਸਾਹ, ਕੈਂਸਰ ਅਤੇ ਚਮੜੀ ਦੇ ਰੋਗਾਂ ਲਈ ਵੀ ਜਿੰਮੇਵਾਰ ਹਨ। ਤੀਜੇ ਸਥਾਨ ਤੇ ਆਉਣ ਬੀ. ਏ ਭਾਗ ਪਹਿਲਾ ਦੀ ਜ਼ਸ਼ਨਪ੍ਰੀਤ ਕੌਰ ਅਤੇ ਬੀ.ਏ ਭਾਗ ਦੂਜਾ ਦੀ ਸ਼ਿਖਾ ਰਾਨੀ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਦੁਨੀਆਂ ਦੇ ਪਹਿਲੇ ਸਭ ਤੋਂ 20 ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ 13 ਸ਼ਹਿਰ ਉੱਤਰੀ ਭਾਰਤ ਦੇ ਹਨ। ਭਾਰਤ ਵਿੱਚ ਸਲਾਨਾ ਕਰੀਬ 15 ਲੱਖ ਮੌਤਾਂ ਵਾਯੂ ਪ੍ਰਦੂਸ਼ਣ ਕਾਰਨ ਹੋ ਰਹੀਆਂ ਹਨ। ਦੀਵਾਲੀ ਦੇ ਮੌਕੇ ਦੇਸ਼ ਭਰ ਵਿੱਚ 2200 ਕਰੋੜ ਰੁਪਏ ਪਟਾਕਿਆਂ ਉੱਤੇ ਖਰਚ ਕੀਤੇ ਜਾਂਦੇ ਹਨ। ਇਹਨਾਂ ਪੈਸਿਆਂ ਨੂੰ ਰਚਨਾਤਮਕ ਕਾਰਜਾਂ ਉੱਤੇ ਜਾਂ ਗਰੀਬ ਲੋਕਾਂ ਦੀ ਭਲਾਈ ਲਈ ਖਰਚ ਕਰਨਾ ਚਾਹੀਦਾ ਹੈ। ਦੀਵਾਲੀ ਦੇ ਮੌਕੇ ਅਸੀਂ ਪਟਾਕੇ ਨਹੀਂ ਚਲਾ ਕੇ ਵਾਯੂਮੰਡਲ ਨੂੰ ਗੈਸ ਚੈਂਬਰ ਬਨਣ ਤੋਂ ਰੋਕ ਸਕਦੇ ਹਾਂ ਅਤੇ ਵਾਤਾਵਰਨ ਦੀ ਸੁਰੱਖਿਆ ਵਿਚ ਆਪਣਾ ਯੋਗਦਾਨ ਪਾ ਸਕਦੇ ਹਾਂ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਡਾ. ਦਿਲਰਾਜ ਕੌਰ , ਪ੍ਰੋ : ਬੋਬੀ ਅਤੇ ਪ੍ਰੋ : ਸਰਨਦੀਪ ਦੀ ਭੂਮਿਕਾ ਸਲਾਘਾਯੋਗ ਰਹੀ।