Babushahi Special ਡੀਆਈਜੀ ਭੁੱਲਰ ਮਾਮਲਾ: ‘ਸੇਵਾ-ਪਾਣੀ’ ਨੇ 23 ਸਾਲ ਪਿੱਛੋਂ ਚਰਚਾ ’ਚ ਲਿਆਂਦਾ ਮਹਾਂਭ੍ਰਿਸ਼ਟਾਚਾਰ ਦਾ ਮੁੱਦਾ
ਅਸ਼ੋਕ ਵਰਮਾ
ਬਠਿੰਡਾ,17 ਅਕਤੂਬਰ2025: ਪੰਜਾਬ ਪੁਲਿਸ ਦੀ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕਰਨ ਕਾਰਨ 23 ਸਾਲਾਂ ਬਾਅਦ ਪੰਜਾਬ ਵਿੱਚ ਇੱਕ ਵਾਰ ਫਿਰ ਮੁੜ ਤੋਂ ਕਥਿਤ ਮਹਾਂਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰ ਦੌਰਾਨ ਵਿਜੀਲੈਂਸ ਨੇ 25 ਮਾਰਚ 2002 ਨੂੰ ਪੀਪੀਐਸਸੀ ਦੇ ਚੇਅਰਮੈਨ ਰਵਿੰਦਰਪਾਲ ਸਿੰਘ ਸਿੱਧੂ ਉਰਫ ਰਵੀ ਸਿੱਧੂ ਨੂੰ ਪੰਜ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ ਤਾਂ ਰਵੀ ਸਿੱਧੂ ਦੀ ਨਿਸ਼ਾਨਦੇਹੀ ਤੇ ਕਰੋੜਾਂ ਰੁਪਏ ਬਰਾਮਦ ਕੀਤੇ ਗਏ ਸਨ। ਹੁਣ ਜਦੋਂ ਸੀਬੀਆਈ ਨੇ ਡੀਆਈਜੀ ਭੁੱਲਰ ਅਤੇ ਕ੍ਰਿਸ਼ਾਨੂੰ ਨੂੰ ਸਕ੍ਰੈਪ ਵਪਾਰੀ ਅਕਾਸ਼ ਬੱਤਾ ਦੀ ਸ਼ਕਾਇਤ ਦੇ ਅਧਾਰ ਤੇ ਫੜਿਆ ਹੈ ਤਾਂ ਡੀਆਈਜੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੋਂ 5 ਕਰੋੜ ਰੁਪਏ ਨਕਦ, ਡੇਢ ਕਿਲੋ ਸੋਨਾ, 22 ਮਹਿੰਗੀਆਂ ਘੜੀਆਂ, ਮਹਿੰਗੀ ਸ਼ਰਾਬ ਦੀਆਂ 40 ਬੋਤਲਾਂ, ਦੋ ਮਹਿੰਗੀਆਂ ਗੱਡੀਆਂ ਦੀਆਂ ਚਾਬੀਆਂ ਤੇ ਪੰਜਾਬ ਵਿੱਚ ਕੱੁਝ ਜਾਇਦਾਦਾਂ ਦੇ ਕਾਗ਼ਜ਼ ਬਰਾਮਦ ਕੀਤੇ ਗਏ ਹਨ।
ਹਾਲਾਂਕਿ ਡੀਆਈਜੀ ਭੁੱਲਰ ਦੀ ਗ੍ਰਿਫਤਾਰੀ ਅਦਾਲਤ ਵਿੱਚ ਕੀ ਰੁੱਖ ਅਖਤਿਆਰ ਕਰਦੀ ਹੈ ਇਹ ਤਾਂ ਵਕਤ ਦੱਸੇਗਾ ਪਰ ਇੱਕ ਚੋਟੀ ਦੇ ਅਧਿਕਾਰੀ ਖਿਲਾਫ ਕਾਰਵਾਈ ਨੇ ਅੱਤਵਾਦ ਅਤੇ ਨਸ਼ਿਆਂ ਵਿਰੁੱਧ ਲੜਣ ਵਾਲੀ ਪੰਜਾਬ ਪੁਲਿਸ ਦੇ ਮੱਥੇ ਤੇ ਬਦਨਾਮੀ ਦਾ ਦਾਗ ਲਾ ਦਿੱਤਾ ਹੈ ਜਦੋਂਕਿ ਰਵੀ ਸਿੱਧੂ ਖਿਲਾਫ ਕਾਰਵਾਈ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਬੱਲੇ ਬੱਲੇ ਕਰਵਾਈ ਸੀ। ਦਿਲਚਸਪ ਗੱਲ ਇਹ ਹੈ ਕਿ ਬੇਸ਼ੱਕ ਦੋਵਾਂ ਮਾਮਲਿਆਂ ’ਚ ਬਰਾਮਦ ਰਾਸ਼ੀ ਦਾ ਅੰਕੜਾ ਕੋਈ ਬਹੁਤਾ ਵੱਖਰਾ ਨਹੀਂ ਹੈ ਸਗੋਂ ਉਸ ਵਕਤ ਬਰਾਮਦ ਕੀਤੇ ਪੈਸਿਆਂ ਦੀ ਕੀਮਤ ਅੱਜ ਨਾਲੋਂ ਕਿਤੇ ਜਿਆਦਾ ਹੀ ਮੰਨੀ ਗਈ ਸੀ। ਭੁੱਲਰ ਦੇ ਘਰੋਂ ਮਿਲੀਆਂ ਨੋਟਾਂ ਦੀਆਂ ਗੁੱਟੀਆਂ ਦੀ ਗਿਣਤੀ ਕਰਨ ਲਈ ਸੀਬੀਆਈ ਨੂੰ ਨੋਟਾਂ ਨੂੰ ਗਿਣਨ ਵਾਲੀਆਂ ਮਸ਼ੀਨਾਂ ਤੱਕ ਮੰਗਵਾਉਣੀਆਂ ਪਈਆਂ ਹਨ। ਰਵੀ ਸਿੱਧੂ ਦੇ ਖਜਾਨੇ ਤੋਂ ਵਿਜੀਲੈਂਸ ਦੰਗ ਰਹਿ ਗਈ ਸੀ ਤਾਂ ਡੀਆਈਜੀ ਭੁੱਲਰ ਦੇ ਸਮਾਨ ਨੇ ਸੀਬੀਆਈ ਨੂੰ ਉੱਗਲਾਂ ਟੁੱਕਣ ਲਾ ਦਿੱਤਾ ਹੈ।
ਇੱਥੇ ਇਹ ਵੀ ਜਿਕਰ ਕਰਨਾ ਕੁਥਾਂ ਨਹਂੀ ਹੋਵੇਗਾ ਕਿ ਰਵੀ ਸਿੱਧੂ ਦੀ ਗ੍ਰਿਫਤਾਰੀ ਨੇ ਪੰਜਾਬ ਦੇ ਸਿਆਸੀ ਅਤੇ ਪ੍ਰਸ਼ਾਸ਼ਨਿਕ ਹਲਕਿਆਂ ਨੂੰ ਧੁਰ ਅੰਦਰ ਤੱਕ ਹਿਲਾਕੇ ਰੱਖ ਦਿੱਤਾ ਸੀ ਜਦੋਂਕਿ ਹੁਣ ਵੀ ਸਥਿਤੀ ਉਸ ਤੋਂ ਕੋਈ ਵੱਖਰੀ ਨਹੀਂ ਬਲਕਿ ਪੰਜਾਬ ਦੇ ਸਿਵਲ ਤੇ ਪੁਲਿਸ ਦੇ ਪ੍ਰਸ਼ਾਸ਼ਨਿਕ ਹਲਕਿਆਂ ਵਿੱਚ ਤਰਥੱਲੀ ਮੱਚਣ ਵਰਗਾ ਮਹੌਲ ਬਣਿਆ ਹੋਇਆ ਹੈ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵੱਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਕਥਿਤ ਭ੍ਰਿਸ਼ਟਾਚਾਰ ’ਚ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਭੂਮਿਕਾ ਸਾਹਮਣੇ ਆਉਣ ਨਾਲ ਨਾਂ ਕੇਵਲ ਪੰਜਾਬ ਸਰਕਾਰ ਦੀ ਲੋਕ ਪੱਖੀ ਪੁਲਸਿੰਗ ਦਾ ਅਸਲੀ ਚਿਹਰਾ ਵੀ ਬੇਨਕਾਬ ਹੋ ਗਿਆ ਸਗੋਂ ਇਸ ਗ੍ਰਿਫਤਾਰੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਪੁਲਿਸ ਹਾਲੇ ਵੀ ਚੱਕ ਥੱਲ ਦੇ ਮਾਮਲੇ ’ਚ ਕਿਸੇ ਤੋਂ ਪਿੱਛੇ ਨਹੀਂ ਹੈ। ਇਸ ਪੱਤਰਕਾਰ ਵੱਲੋਂ ਅੱਜ ਇਸ ਮਾਮਲੇ ਸਬੰਧੀ ਲਏ ਜਾਇਜੇ ਦੌਰਾਨ ਜਿਆਦਾਤਰ ਪੁਲਿਸ ਹਲਕਿਆਂ ਵਿੱਚ ਮਹੌਲ ਪੂਰੀ ਤਰਾਂ ਗੰਭੀਰ ਨਜ਼ਰ ਆਇਆ।
ਉਂਜ ਇਸ ਗ੍ਰਿਫਤਾਰੀ ਨੂੰ ਲੈਕੇ ਅੱਜ ਕੋਈ ਵੀ ਪੁਲਿਸ ਅਧਿਕਾਰੀ ਬੋਲਣ ਲਈ ਤਿਆਰ ਨਹੀਂ ਹੋਇਆ ਪਰ ਇੱਕ ਰੇਂਜ ਦੇ ਮੌਜੂਦਾ ਡੀਆਈਜੀ ਖਿਲਾਫ ਇਸ ਤਰਾਂ ਦੀ ਸਖਤ ਕਾਰਵਾਈ ਹੋਣ ਕਾਰਨ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦੇ ਸੀਨੀਅਰ ਅਫਸਰਾਂ ਵਿੱਚ ਅੰਦਰੋ ਅੰਦਰੀ ਡਰ ਦਾ ਮਹੌਲ ਬਣਿਆ ਹੋਇਆ ਹੈ। ਸੂਤਰ ਦੱਸਦੇ ਹਨ ਕਿ ਚੋਟੀ ਦੇ ਕਈ ਪੁਲਿਸ ਅਧਿਕਾਰੀਆਂ ਵੱਲੋਂ ਤਾਂ ਇਸ ਮਾਮਲੇ ਨੂੰ ਲੈਕੇ ਹੋਣ ਵਾਲੀ ਅਗਲੀ ਕਾਰਵਾਈ ਨੂੰ ਸਾਹ ਰੋਕਕੇ ਦੇਖਿਆ ਜਾ ਰਿਹਾ ਹੈ। ਜਿਲ੍ਹਾ ਪ੍ਰਬੰਧੀ ਕੰਪਲੈਕਸ ਬਠਿੰਡਾ ਵਿੱਚ ਤਾਂ ਪੁਲਿਸ ਪ੍ਰਸ਼ਾਸ਼ਨ ਦੇ ਦਫਤਰਾਂ ਵਿੱਚ ਅੱਜ ਪੂਰਾ ਦਿਨ ਇੱਕ ਤਰਾਂ ਨਾਲ ਤੁਫਾਨ ਆਉਣ ਤੋਂ ਪਹਿਲਾਂ ਵਾਲੀ ਸ਼ਾਂਤੀ ਬਣੀ ਨਜ਼ਰ ਆਈ। ਜਿਆਦਾਤਰ ਥਾਵਾਂ ਤੇ ਪੁਲਿਸ ਮੁਲਾਜਮਾਂ ਜਾਂ ਅਧਿਕਾਰੀਆਂ ਦੀ ਆਪਸੀ ਗੱਲਬਾਤ ਦੌਰਾਨ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰਨ ਦੇ ਮਾਮਲੇ ਦੀ ਚਰਚਾ ਭਾਰੂ ਰਹੀ ਅਤੇ ਜਿੰਨੇਂ ਮੂੰਹ ਓਨੀਆਂ ਗੱਲਾਂ ਕੀਤੀਆਂ ਜਾਂਦੀਆਂ ਰਹੀਆਂ ।
ਚਰਚਿਤ ਅਫਸਰ ਡੀਆਈਜੀ ਭੁੱਲਰ
ਡੀਆਈਜੀ ਹਰਚਰਨ ਸਿੰਘ ਭੁੱਲਰ ਪੰਜਾਬ ਪੁਲਿਸ ਦੇ ਚਰਚਿਤ ਅਫਸਰਾਂ ਵਿੱਚੋਂ ਇੱਕ ਹਨ । ਜਦੋਂ ਉਨ੍ਹਾਂ ਨੂੰ ਉਸ ਵਿਸ਼ੇਸ਼ ਜਾਂਚ ਟੀਮ ਦਾ ਮੁਖੀ ਬਣਾਇਆ ਗਿਆ ਸੀ ਜਿਸ ਨੇ ਨਸ਼ਾ ਤਸਕਰੀ ਦੇ ਦੋਸ਼ਾਂ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਤੋਂ ਪੁੱਛ-ਗਿੱਛ ਕੀਤੀ ਸੀ ਤਾਂ ਵੱਡੀ ਚਰਚਾ ਹੋਈ ਸੀ। ਡੀਆਈਜੀ ਭੁੱਲਰ 2007 ਬੈਚ ਦੇ ਆਈ ਪੀ ਐੱਸ ਅਧਿਕਾਰੀ ਹਨ ਅਤੇ ਉਨ੍ਹਾਂ ਦੇ ਪਿਤਾ ਮਹਿਲ ਸਿੰਘ ਭੁੱਲਰ ਪੰਜਾਬ ਪੁਲੀਸ ਦੇ ਡੀਜੀਪੀ ਰਹਿ ਚੁੱਕੇ ਹਨ। ਜਾਣਕਾਰੀ ਮੁਤਾਬਕ ਭੁੱਲਰ ਦੀ ਬਦਲੀ ਡੀਆਈਜੀ ਬਠਿੰਡਾ ਰੇਂਜ ਵਜੋਂ ਕੀਤੀ ਗਈ ਸੀ ਪਰ ਮਗਰੋਂ ਉਨ੍ਹਾਂ ਨੂੰ ਰੂਪਨਗਰ ਰੇਂਜ ਦਾ ਡੀਆਈਜੀ ਲਾ ਦਿੱਤਾ ਗਿਆ ਸੀ। ਹਰਚਰਨ ਸਿੰਘ ਭੁੱਲਰ ਰੋਪੜ ਰੇਂਜ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਸ਼ਾਮਿਲ ਸਨ।
ਸੀਬੀਆਈ ਲਈ ਮਾਮਲਾ ਚੁਣੌਤੀ
ਪੁਲਿਸ ਸਫਾਂ ਵਿੱਚ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਨੂੰ ਕਾਫੀ ਵੱਡਾ ਤੇ ਅਹਿਮ ਮਾਮਲਾ ਮੰਨਿਆ ਜਾ ਰਿਹਾ ਹੈ। ਹੋਰਨਾਂ ਸੂਬਿਆਂ ਵਿੱਚ ਮੋਟੀ ਰਿਸ਼ਵਤ ਦੇ ਕੇਸ ਤਾਂ ਪਹਿਲਾਂ ਵੀ ਆਏ ਹਨ ਪਰ ਪੰਜਾਬ ਪੁਲਿਸ ਦੇ ਅਫਸਰ ਨਾਲ ਏਦਾਂ ਪਹਿਲੀ ਵਾਰ ਹੋਇਆ ਹੈ। ਡੀਆਈਜੀ ਭੁੱਲਰ ਸਾਹਮਣੇ ਖੁਦ ਨੂੰ ਨਿਰਦੋਸ਼ ਸਾਬਤ ਕਰਨ ਦੀ ਚੁਣੌਤੀ ਹੈ ਤਾਂ ਸੀਬੀਆਈ ਲਈ ਵੀ ਮਾਮਲਾ ਚੁਣੌਤੀਆਂ ਭਰਿਆ ਹੈ ਕਿਉਂਕਿ ਸਾਹਮਣੇ ਕਾਨੂੰਨ ਦੀਆਂ ਘੁੰਡੀਆਂ ਬੁੱਝਣ ਵਾਲਾ ਪੁਲਿਸ ਅਧਿਕਾਰੀ ਹੈ।