ਭਾਜਪਾ ਵੱਲੋਂ SDM ਦਫਤਰ ਦੇ ਬਾਹਰ ਸੜਕ ਜਾਮ, ਲਾਇਆ ਧਰਨਾ
ਪ੍ਰਸ਼ਾਸਨ ਦੇ ਖਿਲਾਫ ਕੀਤੀ ਨਾਰੇਬਾਜੀ
ਜਗਰਾਉਂ ਦੀਪਕ ਜੈਨ
ਜਗਰਾਓ : ਜਗਰਾਓ ਐਸਡੀਐਮ ਦਫਤਰ ਦੇ ਬਾਹਰ ਮਾਹੌਲ ਉਸ ਵੇਲੇ ਤਨਾਅ ਵਾਲਾ ਹੋ ਗਿਆ ਜਦੋਂ ਜਗਰਾਉਂ ਭਾਜਪਾ ਦੇ ਅਹੁਦੇਦਾਰ ਅਤੇ ਵਰਕਰ ਪੱਛਮ ਬੰਗਾਲ ਦੇ ਮੁਰਸ਼ਿਦਾਬਾਦ ਵਿੱਚ ਹੋ ਰਹੇ ਹਿੰਦੂਆਂ ਦੇ ਖਿਲਾਫ ਦੰਗਿਆਂ ਲਈ ਇੱਕ ਮੰਗ ਪੱਤਰ ਜਗਰਾਉਂ ਦੇ ਐਸਡੀਐਮ ਕਰਨਦੀਪ ਸਿੰਘ ਨੂੰ ਦੇਣ ਲਈ ਗਏ ਸਨ। ਭਾਵੇਂ ਇਹ ਮੰਗ ਪੱਤਰ ਭਾਰਤ ਦੀ ਰਾਸ਼ਟਰਪਤੀ ਮਾਨਯੋਗ ਦ੍ਰੋਪਦੀ ਮੁਰਮੂ ਦੇ ਨਾਮ ਉੱਤੇ ਸੀ ਅਤੇ ਇਸ ਵਿੱਚ ਪੱਛਮੀ ਬੰਗਾਲ ਦੀ ਮਮਤਾ ਸਰਕਾਰ ਨੂੰ ਫੌਰੀ ਤੌਰ ਤੇ ਬਰਖਾਸਤ ਕਰਕੇ ਉਥੇ ਰਾਸ਼ਟਰਪਤੀ ਰਾਜ ਲਾਗੂ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ ਅਤੇ ਇਹ ਮੰਗ ਪੱਤਰ ਭਾਜਪਾ ਵੱਲੋਂ ਜਗਰਾਉਂ ਦੇ ਐਸਡੀਐਮ ਕਰਨਦੀਪ ਸਿੰਘ ਰਾਹੀਂ ਦਿੱਤਾ ਜਾ ਰਿਹਾ ਸੀ। ਪਰ ਮਾਹੌਲ ਉਦੋਂ ਤਲਖੀ ਵਾਲਾ ਹੋ ਗਿਆ ਜਦੋਂ ਭਾਜਪਾ ਦੇ ਅਹੁਦੇਦਾਰਾਂ ਨੇ ਉਪ ਮੰਡਲ ਮਜਿਸਟਰੇਟ ਨੂੰ ਦਫਤਰ ਤੋਂ ਬਾਹਰ ਆ ਕੇ ਮੰਗ ਪੱਤਰ ਲੈਣ ਦਾ ਆਖਿਆ ਪਰ ਉਪ ਮੰਡਲ ਮਜਿਸਟਰੇਟ ਨੇ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਭਾਜਪਾ ਦੇ ਅਹੁਦੇਦਾਰਾਂ ਨੂੰ ਇਹ ਆਖਿਆ ਕਿ ਉਹ ਅੰਦਰ ਆ ਕੇ ਹੀ ਮੰਗ ਪੱਤਰ ਦੇ ਦੇਣ। ਜਿਸ ਕਾਰਨ ਭਾਜਪਾ ਵਰਕਰ ਤੈਸ ਵਿੱਚ ਆ ਗਏ ਅਤੇ ਪਹਿਲਾਂ ਉਹਨਾਂ ਐਸਡੀਐਮ ਦੇ ਦਫਤਰ ਦੇ ਗੇਟ ਅੱਗੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਫਿਰ ਤਹਿਸੀਲ ਦੇ ਮੁੱਖ ਦਫਤਰ ਦੇ ਬਾਹਰ ਮੇਨ ਸੜਕ ਉੱਪਰ ਧਰਨਾ ਦੇ ਕੇ ਬੈਠ ਗਏ।
ਭਾਜਪਾ ਵਾਲੇ ਇਸ ਗੱਲ ਉੱਪਰ ਅੜੇ ਹੋਏ ਸਨ ਕੀ ਪ੍ਰਸ਼ਾਸਨਿਕ ਅਧਿਕਾਰੀ ਦਫਤਰ ਤੋਂ ਬਾਹਰ ਆ ਕੇ ਮੰਗ ਪੱਤਰ ਲੈਣ। ਇਸ ਮੌਕੇ ਥਾਣਾ ਮੁਖੀ ਵਰਿੰਦਰ ਸਿੰਘ ਬਰਾੜ ਅਤੇ ਬਸ ਅੱਡਾ ਚੌਂਕੀ ਇੰਚਾਰਜ ਏਐਸਆਈ ਸੁਖਵਿੰਦਰ ਸਿੰਘ ਵੱਲੋਂ ਵੀ ਭਾਜਪਾ ਦੇ ਧਰਨਾਕਾਰੀਆਂ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਆਖਰ ਜਗਰਾਉਂ ਦੇ ਨਾਇਬ ਤਹਸੀਲਦਾਰ ਮੈਡਮ ਕਿਰਨਦੀਪ ਕੌਰ ਆਪਣੇ ਦਫਤਰ ਤੋਂ ਉੱਠ ਕੇ ਬਾਹਰ ਆਏ ਅਤੇ ਮੰਗ ਪੱਤਰ ਲੈਣ ਤੋਂ ਬਾਅਦ ਹੀ ਭਾਜਪਾ ਵੱਲੋਂ ਧਰਨਾ ਸਮਾਪਤ ਕੀਤਾ ਗਿਆ।
ਭਾਜਪਾ ਵੱਲੋਂ ਲਗਾਏ ਗਏ ਅੱਜ ਦੇ ਧਰਨੇ ਕਾਰਨ ਜਿੱਥੇ ਆਮ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉੱਥੇ ਤਹਿਸੀਲ ਅੰਦਰ ਜਾਣ ਵਾਲੇ ਅਤੇ ਬਾਹਰ ਆਉਣ ਵਾਲਿਆਂ ਨੂੰ ਵੀ ਕਈ ਘੰਟੇ ਪਰੇਸ਼ਾਨ ਹੋਣਾ ਪਿਆ ਮੇਨ ਹਾਈਵੇ ਉੱਪਰ ਵੀ ਗੱਡੀਆਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਸਨ।