ਦੀਵਾਨ ਨੇ ਆਪ-ਪੀਐੱਸਪੀਸੀਐੱਲ ਦੇ ਗੜਬੜੀ ਵਾਲੇ 4 ਮਹੀਨਿਆਂ ਦੇ ਬਿਜਲੀ ਬਿੱਲਾਂ ਦਾ ਕੀਤਾ ਪਰਦਾਫਾਸ਼
ਇਹ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਵਾਲਾ ਬੇਸ਼ਰਮੀ ਭਰਿਆ ਘੁਟਾਲਾ: ਦੀਵਾਨ
ਪ੍ਰਮੋਦ ਭਾਰਤੀ
ਲੁਧਿਆਣਾ, 11 ਸਤੰਬਰ,2025
ਜ਼ਿਲ੍ਹਾ ਕਾਂਗਰਸ ਕਮੇਟੀ, ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਭਗਵੰਤ ਮਾਨ ਦੀ ਆਪ ਸਰਕਾਰ ਅਤੇ ਪੀਐੱਸਪੀਸੀਐੱਲ ਵੱਲੋਂ ਪੰਜਾਬ ਦੇ ਘਰਾਂ ਨੂੰ ਜਾਰੀ ਕੀਤੇ ਜਾ ਰਹੇ ਗੜਬੜੀ ਵਾਲੇ ਚਾਰ ਮਹੀਨਿਆਂ ਦੇ ਬਿਜਲੀ ਬਿੱਲਾਂ ’ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਨੇ ਇਸਨੂੰ ਲੱਖਾਂ ਖਪਤਕਾਰਾਂ ਨੂੰ ਜਾਣਬੁੱਝ ਕੇ ਪਰੇਸ਼ਾਨ ਕਰਨ ਵਾਲੀ ਕਾਰਵਾਈ ਅਤੇ ਪ੍ਰਸ਼ਾਸਨਿਕ ਨਾਕਾਮੀ ਕਰਾਰ ਦਿੱਤਾ ਹੈ।
ਅੱਜ ਜਾਰੀ ਕੀਤੇ ਗਏ ਇੱਕ ਤਿੱਖੇ ਬਿਆਨ ਵਿੱਚ ਦੀਵਾਨ ਨੇ ਦੱਸਿਆ ਕਿ ਹਜ਼ਾਰਾਂ ਖਪਤਕਾਰ, ਜਿਨ੍ਹਾਂ ਨੇ ਮਈ-ਜੂਨ ਦੇ ਬਿੱਲ ਪਹਿਲਾਂ ਹੀ ਅਦਾ ਕਰ ਦਿੱਤੇ ਸਨ, ਉਨ੍ਹਾਂ ਨੂੰ ਹੁਣ ਮੁੜ ਤੋਂ ਵਧੇ ਹੋਏ ਚਾਰ ਮਹੀਨਿਆਂ ਮਈ, ਜੂਨ, ਜੁਲਾਈ ਅਤੇ ਅਗਸਤ ਦੇ ਬਿੱਲ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਦੋਹਰੀ ਬਿਲਿੰਗ ਦਾ ਖੁੱਲ੍ਹਾ ਘੁਟਾਲਾ ਹੈ, ਜੋ ਖਪਤਕਾਰਾਂ ਦੀ ਪਰੇਸ਼ਾਨੀ ਅਤੇ ਪ੍ਰਸ਼ਾਸਨਿਕ ਅਰਾਜਕਤਾ ਨੂੰ ਦਰਸਾਉਂਦਾ ਹੈ। ਦੀਵਾਨ ਨੇ ਕਿਹਾ ਕਿ ਹਰ ਰੋਜ਼ ਲੁਧਿਆਣਾ ਵਾਸੀਆਂ ਦੀਆਂ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਉਨ੍ਹਾਂ ਕੋਲ ਪਹੁੰਚ ਰਹੀਆਂ ਹਨ। ਲੋਕ ਇਸ ਬਿਲਿੰਗ ਦੀ ਅਵਿਵਸਥਾ ਕਾਰਨ ਚਿੰਤਤ, ਪ੍ਰੇਸ਼ਾਨ ਅਤੇ ਬੇਵੱਸ ਹਨ, ਪਰ ਸਰਕਾਰ ਇਸ ਪੂਰੇ ਮਾਮਲੇ ’ਤੇਆਪਣੀਆਂ ਅੱਖਾਂ ਅਤੇ ਕੰਨ ਬੰਦ ਕਰਕੇ ਬੈਠੀ ਹੈ ਅਤੇ ਸਮੱਸਿਆ ਦੇ ਹੱਲ ਲਈ ਕੋਈ ਕਦਮ ਨਹੀਂ ਚੁੱਕ ਰਹੀ।
ਦੀਵਾਨ ਨੇ ਇੱਕ ਸਪੱਸ਼ਟ ਮਾਮਲੇ ਦਾ ਹਵਾਲਾ ਦਿੰਦਿਆਂ, ਕਿਹਾ ਕਿ ਇੱਕ ਖਪਤਕਾਰ ਨੂੰ ਪਹਿਲਾਂ 69 ਦਿਨਾਂ ਦਾ ਬਿੱਲ ਮਿਲਿਆ ਸੀ, ਜਿਸ ਵਿੱਚ 681 ਯੂਨਿਟ ਖਪਤ ਦਰਜ ਸੀ। ਇਹ ਖਪਤ ਪੀਐੱਸਪੀਸੀਐੱਲ ਦੇ ਆਪਣੇ ਨਿਯਮਾਂ ਅਨੁਸਾਰ 70 ਦਿਨਾਂ ਵਿੱਚ 700 ਯੂਨਿਟ ਤੋਂ ਘੱਟ ਹੋਣ ਕਾਰਨ ਜ਼ੀਰੋ ਬਿਲਿੰਗ ਦੇ ਦਾਇਰੇ ਵਿੱਚ ਆਉਂਦਾ ਸੀ ਅਤੇ ਬਿੱਲ ਸਹੀ ਤੌਰ ’ਤੇ ਜ਼ੀਰੋ ਦਰਸਾਇਆ ਗਿਆ ਸੀ। ਪਰ ਹੈਰਾਨੀ ਦੀ ਗੱਲ ਹੈ ਕਿ ਹੁਣ ਉਸੇ ਖਪਤਕਾਰ ਨੂੰ 120 ਦਿਨਾਂ ਦਾ ਨਵਾਂ ਬਿੱਲ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿੱਚ ਪੀਐੱਸਪੀਸੀਐੱਲ ਨੇ ਪਹਿਲਾਂ ਦੇ ਜ਼ੀਰੋ ਬਿੱਲ ਨੂੰ ਨਵੀਂ ਖਪਤ ਨਾਲ ਜੋੜ ਕੇ ਕੁੱਲ ਖਪਤ 1,204 ਯੂਨਿਟ ਦਰਸਾ ਦਿੱਤੀ ਅਤੇ ਉਸਨੂੰ 600 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਤੋਂ ਵੀ ਵਾਂਝਾ ਕਰ ਦਿੱਤਾ। ਦੀਵਾਨ ਨੇ ਇਸ ਹੇਰਾਫੇਰੀ ਨੂੰ ਇੱਕ ਵੱਡਾ ਘੁਟਾਲਾ ਕਰਾਰ ਦਿੰਦਿਆਂ, ਕਿਹਾ ਕਿ ਇਹ ਪੀਐੱਸਪੀਸੀਐੱਲ ਵੱਲੋਂ ਆਪਣੇ ਹੀ ਨਿਯਮਾਂ ਦੀ ਖੁੱਲ੍ਹੀ ਉਲੰਘਣਾ ਅਤੇ ਖਪਤਕਾਰਾਂ ਨੂੰ ਪਰੇਸ਼ਾਨਕਰਨ ਸਮਾਨ ਹੈ।
ਦੀਵਾਨ ਨੇ ਕਿਹਾ ਕਿ ਲੁਧਿਆਣਾ ਦੇ ਹਜ਼ਾਰਾਂ ਖਪਤਕਾਰ ਹਨੇਰੇ ਵਿੱਚ ਬੈਠੇ ਉਲਝਣ ਅਤੇ ਬੇਬਸੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੂੰ ਇਹ ਸ਼ੱਕੀ ਬਿੱਲ ਅਦਾ ਕਰਨ ਜਾਂ ਆਖ਼ਰੀ ਮਿਤੀ ਤੋਂ ਬਾਅਦ ਬਿਜਲੀ ਕੁਨੈਕਸ਼ਨ ਕੱਟੇ ਜਾਣ ਦੇ ਡਰ ਵਿਚਕਾਰ ਚੋਣ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਿਰਫ਼ ਇੱਕ ਜ਼ਿਲ੍ਹੇ ਵਿੱਚ ਇਹ ਹਾਲਾਤ ਹਨ, ਤਾਂ ਪੂਰੇ ਪੰਜਾਬ ਦੀ ਸਥਿਤੀ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਹੈ। ਦੀਵਾਨ ਨੇ ਕਿਹਾ ਕਿ ਇਹ ਇਕ ਵੱਡੇ ਘੁਟਾਲੇ ਤੋਂ ਘੱਟ ਕੁਝ ਨਹੀਂ ਹੈ। ਦੱਸਦੀਵਾਨ ਨੇ ਪੀਐੱਸਪੀਸੀਐੱਲ ਅਤੇ ‘ਆਪ’ ਸਰਕਾਰ ’ਤੇ ਆਮ ਪਰਿਵਾਰਾਂ ਨੂੰ ਡਰ ਅਤੇ ਪਰੇਸ਼ਾਨੀ ਵਿੱਚ ਧੱਕਣ ਅਤੇ ਉਨ੍ਹਾਂ ਲੋਕਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ ਹੈ, ਜਿਨ੍ਹਾਂ ਦੀ ਸੇਵਾ ਕਰਨ ਦਾ ਉਹ ਦਾਅਵਾ ਕਰਦੇ ਹਨ।
ਦੀਵਾਨ ਨੇ ਕਿਹਾ ਕਿ ‘ਆਪ’ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਦੇ ਕਾਰਵਾਈ ਕਰਨੀ ਚਾਹੀਦੀ ਹੈ। ਹਰ ਇੱਕ ਗਲਤ, ਖ਼ਰਾਬ ਅਤੇ ਚਾਰ ਮਹੀਨਿਆਂ ਵਾਲਾ ਬਿੱਲ ਤੁਰੰਤ ਰੱਦ ਕਰਕੇ ਉਸਦੀ ਥਾਂ ਸਹੀ ਨਵੇਂ ਬਿੱਲ ਜਾਰੀ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਨੇ ਪੂਰੇ ਮਾਮਲੇ ਦੀ ਵਿਆਪਕ ਜਾਂਚ ਦੀ ਮੰਗ ਕਰਦਿਆਂ, ਕਿਹਾ ਕਿ ਇੰਨੀ ਵੱਡੀ ਲਾਪਰਵਾਹੀ ਸੂਬਾ ਸਰਕਾਰ ਦੇ ਸਿੱਧੇ ਨਿਰਦੇਸ਼ਾਂ ਤੋਂ ਬਿਨਾਂ ਨਹੀਂ ਹੋ ਸਕਦੀ। ਦੀਵਾਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਹ ਗੜਬੜ ਤੁਰੰਤ ਠੀਕ ਨਾ ਕੀਤੀ ਗਈ, ਤਾਂ ਕਾਂਗਰਸ ਇਸ ਮਾਮਲੇ ਨੂੰ ਉੱਚ ਪੱਧਰ ਤੱਕ ਲੈ ਕੇ ਜਾਵੇਗੀ ਅਤੇ ਹਰ ਦੋਸ਼ੀ ਅਧਿਕਾਰੀ ਨੂੰ ਜਵਾਬਦੇਹ ਬਣਾਉਣ ਦੇ ਨਾਲ-ਨਾਲ ਸਜ਼ਾ ਦਿਵਾਉਣ ਲਈ ਵੀ ਸੰਘਰਸ਼ ਕਰੇਗੀ।
- Download Babushahi App
-
-