ਬੱਲੋਵਾਲ ਸੌਂਖੜੀ ਦੇ ਖੇਤਰੀ ਕੇਂਦਰ ਵਿਚ ਹਾੜ੍ਹੀ ਦੀਆਂ ਫਸਲਾਂ ਲਈ ਪੀ ਏ ਯੂ ਦਾ ਕਿਸਾਨ ਮੇਲਾ ਆਯੋਜਿਤ
ਕੰਢੀ ਖੇਤਰ ਦੇ ਕਿਸਾਨ ਖੇਤੀ ਵਿਕਾਸ ਲਈ ਪੀ ਏ ਯੂ ਨਾਲ ਜੁੜਨ : ਸ ਮਾਲਵਿੰਦਰ ਸਿੰਘ ਕੰਗ
ਬੱਲੋਵਾਲ ਸੌਂਖੜੀ...11 ਸਤੰਬਰ, 2026
ਪੀ.ਏ.ਯੂ. ਦੇ ਹਾੜ੍ਹੀ ਦੀਆਂ ਫ਼ਸਲਾਂ ਲਈ ਕਿਸਾਨ ਮੇਲਿਆਂ ਦੇ ਸਿਲਸਿਲੇ ਵਿਚ ਅੱਜ ਡਾ ਦੇਵ ਰਾਜ ਭੂੰਬਲਾ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਕਿਸਾਨ ਮੇਲਾ ਲਗਾਇਆ ਗਿਆ। ਇਸ ਮੇਲੇ ਦੇ ਮੁੱਖ ਮਹਿਮਾਨ ਸ਼੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਸ ਮਾਲਵਿੰਦਰ ਸਿੰਘ ਕੰਗ ਸਨ ਜਦਕਿ ਮੇਲੇ ਦੀ ਪ੍ਰਧਾਨਗੀ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਰਿਸ਼ੀਪਾਲ ਸਿੰਘ ,ਆਈ ਏ ਐੱਸ ਨੇ ਕੀਤੀ। ਇਸ ਤੋਂ ਇਲਾਵਾ ਪੀਏਯੂ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ ਅਸ਼ੋਕ ਕੁਮਾਰ, ਪੀ ਏ ਯੂ ਦੇ ਵਧੀਕ ਨਿਰਦੇਸ਼ਕ ਖੋਜ ਡਾ ਵਰਿੰਦਰ ਸਿੰਘ ਸੋਹੂ, ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ, ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ ਪ੍ਰਭਜੋਧ ਸਿੰਘ ਸੰਧੂ ਅਤੇ ਯੂਨੀਵਰਸਿਟੀ ਉੱਚ ਅਧਿਕਾਰੀ ਵੀ ਮੰਚ ਤੇ ਮੌਜੂਦ ਸਨ।
ਆਪਣੇ ਮੁੱਖ ਭਾਸ਼ਣ ਵਿਚ ਸ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੀ ਏ ਯੂ ਨੇ ਨਾ ਸਿਰਫ ਪੰਜਾਬ ਬਲਕਿ ਦੇਸ਼ ਦੀ ਕਿਸਾਨੀ ਨੂੰ ਪ੍ਰਫੁੱਲਿਤ ਕਰਨ ਵਿਚ ਲਾਸਾਨੀ ਭੂਮਿਕਾ ਨਿਭਾਈ ਹੈ। ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਇਕ ਕਿੱਤੇ ਵਜੋਂ ਖੇਤੀ ਦੇ ਮਾਣ ਦੀ ਬਹਾਲੀ ਲਈ ਵੀ ਪੀ ਏ ਯੂ ਦੀ ਕਾਰਗੁਜ਼ਾਰੀ ਇਤਿਹਾਸਕ ਰਹੀ ਹੈ। ਬੱਲੋਵਾਲ ਸੌਂਖੜੀ ਖੇਤੀਬਾੜੀ ਕਾਲਜ ਅਤੇ ਖੇਤਰੀ ਖੋਜ ਕੇਂਦਰ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਸ ਕੰਗ ਨੇ ਕਿਸਾਨਾਂ ਨੂੰ ਇਸ ਗਿਆਨ ਕੇਂਦਰ ਨਾਲ ਜੁੜਨ ਲਈ ਕਿਹਾ। ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ ਗੱਲ ਕਰਦਿਆਂ ਸੰਸਦ ਮੈਂਬਰ ਨੇ ਆਉਂਦੀਆਂ ਪੀੜ੍ਹੀਆਂ ਦੇ ਭਵਿੱਖ ਲਈ ਫਿਕਰਮੰਦੀ ਨੂੰ ਗਹਿਰੀ ਤੇ ਗੰਭੀਰ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਜੇ ਵੀ ਖੇਤੀ ਤੇ ਰੁਜ਼ਗਾਰ ਦੀਆਂ ਅਪਾਰ ਸੰਭਾਵਨਾਵਾਂ ਹਨ, ਬਸ਼ਰਤੇ ਪੀ ਏ ਯੂ ਦੀਆਂ ਸਿਫਾਰਿਸ਼ਾਂ ਅਤੇ ਅਗਵਾਈ ਨੂੰ ਅਪਣਾਇਆ ਜਾਵੇ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਖੇਤੀ ਨਾਲ ਜੋੜ ਕੇ ਇਸ ਕਿੱਤੇ ਦੇ ਮਾਣ ਦੀ ਬਹਾਲੀ ਲਈ ਯਤਨ ਕਰਨ। ਸ ਕੰਗ ਨੇ ਕਿਸਾਨੀ ਨੂੰ ਪੁਰਜ਼ੋਰ ਸੰਦੇਸ਼ ਤਹਿਤ ਕਿਹਾ ਕਿ ਖੇਤੀ ਨੂੰ ਪ੍ਰੋਸੈਸਿੰਗ ਅਤੇ ਸਵੈ ਮੰਡੀਕਰਨ ਦੇ ਰਸਤੇ ਤੋਰਨਾ ਅੱਜ ਦੀ ਲੋੜ ਹੈ ਤਾਂ ਜੋ ਵਿਚੋਲੀਏ ਦੀ ਥਾਂ ਮੁਨਾਫਾ ਸਿੱਧਾ ਕਿਸਾਨ ਤਕ ਪੁੱਜ ਸਕੇ। ਸ ਕੰਗ ਨੇ ਮੇਲੇ ਵਿਚ ਸ਼ਾਮਿਲ ਹੋਣ ਵਾਲੇ ਕਿਸਾਨਾਂ ਨੂੰ ਹੋਰ ਕਿਸਾਨਾਂ ਤਕ ਇਸ ਮੇਲੇ ਦੀ ਆਭਾ ਪੁਚਾਉਣ ਦਾ ਸੱਦਾ ਦਿੱਤਾ ਤਾਂ ਜੋ ਹੋਰ ਲੋਕ ਗਿਆਨ ਵਿਗਿਆਨ ਦੇ ਪ੍ਰਵਾਹ ਦਾ ਹਿੱਸਾ ਬਣਨ। ਉਨ੍ਹਾਂ ਨੇ ਖਾਸ ਕਰਕੇ ਕੰਢੀ ਖੇਤਰ ਲਈ ਵਿਭਿੰਨਤਾ ਤਕਨੀਕਾਂ ਉੱਪਰ ਅਮਲ ਕਰਨ ਵਾਸਤੇ ਹਾਜ਼ਿਰ ਕਿਸਾਨਾਂ ਨੂੰ ਹੁਲਾਰਾ ਦਿੱਤਾ ਅਤੇ ਖੇਤੀ ਖਰਚਿਆਂ ਉੱਪਰ ਕਾਬੂ ਪਾਉਣ ਲਈ ਕੁਦਰਤੀ ਸਾਧਨਾਂ ਨੂੰ ਧਾਰਨ ਕਰਨ ਵਾਸਤੇ ਕਿਹਾ।
ਸ ਕੰਗ ਨੇ ਕਿਹਾ ਕਿ ਪਰਾਲੀ ਦੀ ਸੰਭਾਲ ਲਈ ਮਾਹੌਲ ਬਣਿਆ ਹੈ ਪਰ ਇਸ ਵੇਗ ਨੂੰ ਬਰਕਰਾਰ ਰੱਖਣ ਲਈ ਕਿਸਾਨਾਂ ਤੇ ਮਾਹਿਰਾਂ ਨੂੰ ਹੋਰ ਯਤਨ ਕਰਨੇ ਹੋਣਗੇ। ਉਨ੍ਹਾਂ ਨੇ ਪੰਜਾਬ ਤੇ ਖੇਤੀ ਨੂੰ ਬਚਾਉਣ ਲਈ ਸਾਂਝੇ ਯਤਨਾਂ ਦਾ ਸੱਦਾ ਦਿੱਤਾ ਤੇ ਪੰਜਾਬ ਦੇ ਬਿਹਤਰ ਭਵਿੱਖ ਲਈ ਖੇਤੀ ਦੀ ਬਿਹਤਰੀ ਨੂੰ ਲਾਜ਼ਮੀ ਕਰਾਰ ਦਿੱਤਾ।
ਵਾਈਸ ਚਾਂਸਲਰ ਡਾ.ਰਿਸ਼ੀਪਾਲ ਸਿੰਘ ਨੇ ਇਸ ਮੌਕੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਇਹ ਮੇਲੇ ਕਿਸਾਨਾਂ ਦੀਆਂ ਮੁਸ਼ਕਲਾਂ ਜਾਨਣ, ਉਨ੍ਹਾਂ ਦੇ ਅਨੁਭਵਾਂ ਤੋਂ ਸਿੱਖਣ ਅਤੇ ਉਨ੍ਹਾਂ ਨੂੰ ਸਹੀ ਮਾਰਗ ਦੱਸਣ ਦਾ ਮੌਕਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਪੰਜਾਬ ਦੀਆਂ ਭੂਗੋਲਿਕ ਹਾਲਤਾਂ ਦੀ ਵੱਖਰਤਾ ਦੇ ਮੱਦੇਨਜ਼ਰ ਇਨ੍ਹਾਂ ਕਿਸਾਨ ਮੇਲਿਆਂ ਦੀ ਵਿਉਂਤਬੰਦੀ ਕੀਤੀ ਹੈ ਤਾਂ ਜੋ ਪੰਜਾਬ ਦੇ ਖੇਤੀ ਦਾ ਸਮੁੱਚੇ ਤੌਰ ਤੇ ਵਿਕਾਸ ਸੰਭਵ ਹੋ ਸਕੇ। ਉਨ੍ਹਾਂ ਕਿਹਾ ਕਿ ਕਿਸਾਨ ਮੇਲਿਆਂ ਦਾ ਉਦੇਸ਼ ' ਵਿਗਿਆਨਕ ਢੰਗ ਅਪਣਾਓ, ਖੇਤੀ ਆਮਦਨ ਵਧਾਓ' ਰੱਖਿਆ ਗਿਆ ਹੈ। ਇਸ ਦਾ ਮੰਤਵ ਖੇਤੀ ਨੂੰ ਰਵਾਇਤੀ ਤਰੀਕਿਆਂ ਦੀ ਥਾਂ ਕਾਰੋਬਾਰੀ ਵਿਧੀਆਂ ਨਾਲ ਕਰਨ ਲਈ ਪੰਜਾਬ ਦੇ ਕਿਸਾਨਾਂ ਦੀ ਅਗਵਾਈ ਕਰਨੀ ਹੈ।
ਉਨ੍ਹਾਂ ਕਿਹਾ ਕਿ ਕੰਢੀ ਖੇਤਰ ਪੰਜਾਬ ਦਾ ਪਛੜਿਆ ਇਲਾਕਾ ਹੋਣ ਦੇ ਬਾਵਜੂਦ ਬੜਾ ਅਹਿਮ ਖੇਤਰ ਹੈ। ਇਸ ਦੀ ਫ਼ਸਲੀ ਅਤੇ ਵਾਤਾਵਰਣੀ ਭਿੰਨਤਾ ਬੜੀ ਖ਼ਾਸ ਹੈ। ਬੱਲੋਵਾਲ ਸੌਂਖੜੀ ਕੇਂਦਰ ਵਲੋਂ ਕੰਢੀ ਦੇ ਇਲਾਕੇ ਵਿੱਚ ਬੀਜੀਆਂ ਜਾਣ ਵਾਲੀਆਂ ਫਸਲਾਂ ਲਈ ਕੀਤੇ ਕਾਰਜ ਦਾ ਵਿਸ਼ੇਸ਼ ਉਲੇਖ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇਲਾਕਾ ਸਿੰਚਾਈ ਲਈ ਜ਼ਿਆਦਾਤਰ ਮੀਂਹ ਦੇ ਪਾਣੀ ਉੱਪਰ ਨਿਰਭਰ ਕਰਦਾ ਹੈ, ਇਸ ਲਈ ਪੀ ਏ ਯੂ ਨੇ ਇਸ ਖੇਤਰ ਵਾਸਤੇ ਘੱਟ ਪਾਣੀ ਦੀ ਖਪਤ ਵਾਲੀਆਂ ਫਸਲਾਂ ਦੀਆਂ ਉੱਨਤ ਕਿਸਮਾਂ ਤਾਂ ਵਿਕਸਤ ਕੀਤੀਆਂ ਹੀ ਹਨ,ਨਾਲ ਹੀ ਸੂਖਮ ਸਿੰਚਾਈ ਵਿਧੀਆਂ ਵੀ ਸਾਮ੍ਹਣੇ ਲਿਆਂਦੀਆਂ ਹਨ। ਇਸ ਖੇਤਰ ਦੇ ਮੱਕੀ ਲਈ ਢੁਕਵਾਂ ਹੋਣ ਦੀ ਗੱਲ ਕਰਦਿਆਂ ਵਾਈਸ ਚਾਂਸਲਰ ਨੇ ਅੱਜ ਦੀਆਂ ਮੰਗਾਂ ਦੇ ਮੱਦੇਨਜ਼ਰ ਸਾਉਣੀ ਮੱਕੀ ਹੇਠ ਰਕਬਾ ਵਧਾਏ ਜਾਣ ਦੀ ਸਿਫਾਰਿਸ਼ ਕੀਤੀ। ਇਸਦੇ ਨਾਲ ਹੀ ਉਨ੍ਹਾਂ ਨੇ ਕੰਢੀ ਖੇਤਰ ਲਈ ਵਣ ਖੇਤੀ, ਸਬਜ਼ੀਆਂ, ਫਲਾਂ ਅਤੇ ਆਮ ਫਸਲਾਂ ਦੀਆਂ ਢੁਕਵੀਆਂ ਕਿਸਮਾਂ ਬਾਰੇ ਵੀ ਦੱਸਿਆ। ਇਸ ਤੋਂ ਬਿਨਾਂ ਸਬਜ਼ੀਆਂ, ਚਾਰਿਆਂ ਦੀਆਂ ਕਿੱਟਾਂ ਦੀ ਖਰੀਦ ਦਾ ਸੱਦਾ ਵੀ ਦਿੱਤਾ।
ਵਾਈਸ ਚਾਂਸਲਰ ਨੇ ਪੀ ਏ ਯੂ ਵਲੋਂ ਖੇਤੀ ਕਾਰੋਬਾਰ ਲਈ ਦਿੱਤੀਆਂ ਜਾਣ ਵਾਲੀਆਂ ਸਿਖਲਾਈਆਂ ਦਾ ਜ਼ਿਕਰ ਕਰਦਿਆਂ ਕਿਸਾਨਾਂ ਨੂੰ ਸਿਰਫ ਉਤਪਾਦਨ ਦੀ ਥਾਂ ਆਪਣੀ ਖੇਤੀ ਨੂੰ ਕਾਰੋਬਾਰੀ ਬਣਾਉਣ ਲਈ ਅਪੀਲ ਵੀ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਹਾੜ੍ਹੀ ਦੀ ਭਰਪੂਰ ਫ਼ਸਲ ਅਤੇ ਅਨੁਕੂਲ ਮੌਸਮ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪੀ.ਏ.ਯੂ. ਦੇ ਵਧੀਕ ਨਿਰਦੇਸ਼ਕ ਖੋਜ ਡਾ. ਵਰਿੰਦਰ ਸਿੰਘ ਸੋਹੂ ਨੇ ਹਾੜ੍ਹੀ ਦੀਆਂ ਫਸਲਾਂ ਬਾਰੇ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਸਾਂਝੀਆਂ ਕੀਤੀਆਂ। ਡਾ ਸੋਹੂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਯੂਨੀਵਰਸਿਟੀ ਮਾਹਿਰਾਂ ਦੇ ਸਹਿਯੋਗ ਸਦਕਾ ਪੀ ਏ ਯੂ ਨੇ ਹੁਣ ਤਕ 991 ਤੋਂ ਵੱਧ ਕਿਸਮਾਂ ਵਿਕਸਿਤ ਕੀਤੀਆਂ ਅਤੇ 250 ਤੋਂ ਵੱਧ ਦੇਸ਼ ਨੂੰ ਕਾਸ਼ਤ ਲਈ ਦਿੱਤੀਆਂ ਹਨ।
ਡਾ ਸੋਹੂ ਨੇ ਆਉਂਦੇ ਹਾੜੀ ਸੀਜ਼ਨ ਦੌਰਾਨ ਪੀ.ਏ.ਯੂ. ਦੀਆਂ ਖੋਜ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ । ਉਹਨਾਂ ਨੇ ਨਵੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਵਿੱਚ ਕਣਕ ਦੀ ਕਿਸਮ ਪੀ ਬੀ ਡਬਲਯੂ 887 ਅਤੇ ਪੀ ਬੀ ਡਬਲਯੂ 927 ਦਾ ਜ਼ਿਕਰ ਕੀਤਾ । ਮਸਰਾਂ ਦੀ ਕਿਸਮ ਐੱਲ ਐੱਲ 1613, ਸਰ੍ਹੋਂ ਦੀ ਕਿਸਮ ਪੰਜਾਬ ਰਾਇਆ ਕਨੋਲਾ 7 ਅਤੇ ਪੰਜਾਬ ਰਾਇਆ 813, ਬਰਸੀਮ ਦੀ ਕਿਸਮ ਬੀ ਐੱਲ 45 ਆਦਿ ਦੇ ਗੁਣਾਂ ਅਤੇ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਉਨ੍ਹਾਂ ਨੇ ਇਨ੍ਹਾਂ ਕਿਸਮਾਂ ਦਾ ਜ਼ਿਕਰ ਕੀਤਾ। ਇਸ ਦੇ ਨਾਲ ਹੀ ਉਹਨਾਂ ਨੇ ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਵਿੱਚ ਗੁੱਲੀ ਡੰਡੇ ਦੀ ਰੋਕਥਾਮ, ਸੂਖਮ ਸਿੰਚਾਈ, ਗੋਭੀ ਸਰ੍ਹੋਂ ਅਤੇ ਤੋਰੀਆ ਦੀ ਅੰਤਰ ਫਸਲੀ ਕਾਸ਼ਤ ਦੇ ਨਾਲ-ਨਾਲ ਅਚਾਰ ਬਨਾਉਣ ਲਈ ਲੈਕਟਿਕ ਐਸਿਡ ਬੈਕਟੀਰੀਆ ਜਾਗ ਦੀ ਤਕਨਾਲੋਜੀ ਸਾਂਝੀ ਕੀਤੀ।
ਸਵਾਗਤੀ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਹੇ। ਉਨ੍ਹਾਂ ਕਿਹਾ ਕਿ ਕਿਸਾਨ ਮੇਲਿਆਂ ਨੇ ਪੰਜਾਬ ਵਿੱਚ ਅਗਾਂਹਵਧੂ ਖੇਤੀ ਦੀ ਲਹਿਰ ਉਸਾਰੀ ਹੈ ਅਤੇ ਅਨੇਕ ਕਿਸਾਨਾਂ ਨੂੰ ਮੁਨਾਫੇ ਵਾਲੀ ਖੇਤੀ ਦਾ ਪਹਿਰੇਦਾਰ ਬਣਾਇਆ ਹੈ। ਨਿਰਦੇਸ਼ਕ ਪਸਾਰ ਸਿੱਖਿਆ ਨੇ ਇਨ੍ਹਾਂ ਕਿਸਾਨ ਮੇਲਿਆਂ ਨੂੰ ਪੰਜਾਬ ਦੀ ਖੇਤੀ ਨੂੰ ਵਿਗਿਆਨਕ ਦਿਸ਼ਾ ਵਿਚ ਲਿਜਾਣ ਵਾਲੇ ਅਤੇ ਤਕਨੀਕਾਂ ਨੂੰ ਆਮ ਲੋਕਾਂ ਤਕ ਪ੍ਰਸਾਰਿਤ ਕਰਨ ਦਾ ਮਾਧਿਅਮ ਆਖਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆਂ ਦਾ ਪੂਰਾ ਲਾਹਾ ਲੈਣ ਲਈ ਮਾਹਿਰਾਂ ਨਾਲ ਨੇੜਲੇ ਸੰਪਰਕ ਬਣਾਏ ਜਾਣੇ ਜ਼ਰੂਰੀ ਹਨ ਤਾਂ ਜੋ ਖੇਤੀ ਨੂੰ ਹੋਰ ਮੁਨਾਫ਼ੇਯੋਗ ਬਣਾਇਆ ਜਾ ਸਕੇ।
ਪੀ ਏ ਯੂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ ਅਸ਼ੋਕ ਕੁਮਾਰ ਨੇ ਵੀ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕਿਸਾਨਾਂ ਨੂੰ ਵਿਕਸਿਤ ਖੇਤੀ ਤਕਨੀਕਾਂ ਅਪਣਾਉਣ ਵਾਸਤੇ ਪ੍ਰੇਰਿਤ ਕਰਦਿਆਂ ਪੀ ਏ ਯੂ ਦੀਆਂ ਸਿਫਾਰਿਸ਼ਾਂ ਮੁਤਾਬਕ ਕਿਸਮਾਂ ਦੀ ਚੋਣ ਅਤੇ ਕਾਸ਼ਤ ਢੰਗਾਂ ਨੂੰ ਅਪਣਾਉਣ ਉੱਪਰ ਜ਼ੋਰ ਦਿੱਤਾ।
ਇਸ ਮੇਲੇ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਅਗਾਂਹਵਧੂ ਕਾਰਜ ਕਰਨ ਵਾਲੇ ਕਿਸਾਨਾਂ ਦਾ ਸਨਮਾਨ ਕੀਤਾ ਗਿਆ। ਸਨਮਾਨਿਤ ਹੋਣ ਵਾਲੇ ਕਿਸਾਨਾਂ ਵਿੱਚ ਪਿੰਡ ਸਿਆਣਾ ਦੇ ਸ ਜਸਵਿੰਦਰ ਸਿੰਘ ਅਜੀਮਨ, ਪਿੰਡ ਖਾਲਿਦਪੁਰ ਦੇ ਕਿਸਾਨ ਸ ਗੁਰਜੀਤ ਸਿੰਘ ਸੈਣੀ, ਪਿੰਡ ਮਹਿ ਦੇ ਸ਼੍ਰੀ ਸੰਜੀਵ ਕੁਮਾਰ, ਪਿੰਡ ਰੱਤੇਵਾਲ ਦੇ ਸ ਕੁਲਦੀਪ ਸਿੰਘ ਅਤੇ ਨੈਣਵਾਲ ਦੇ ਸ ਦਿਲਜੀਤ ਸਿੰਘ ਪ੍ਰਮੁੱਖ ਹਨ। ਇਸ ਤੋਂ ਇਲਾਵਾ ਉੱਘੇ ਕਿਸਾਨ ਮਰਹੂਮ ਸ ਮਹਿੰਦਰ ਸਿੰਘ ਦੁਸਾਂਝ ਨੂੰ ਯਾਦ ਵੀ ਕੀਤਾ ਗਿਆ।
ਜਿਨ੍ਹਾਂ ਵਿਦਿਆਰਥੀਆਂ ਦਾ ਸਨਮਾਨ ਹੋਇਆ ਉਨ੍ਹਾਂ ਵਿਚ ਅਮਨਜੋਤ ਕੌਰ, ਅਰਸ਼ਦੀਪ ਸਿੰਘ, ਗੁਰਨੀਤ ਕੌਰ ਗੋਸਲ ਅਤੇ ਕੋਮਲ ਅਰੋੜਾ ਦਾ ਨਾਂ ਸ਼ਾਮਿਲ ਸੀ। ਡਾ ਦੇਵ ਰਾਜ ਭੁੰਬਲਾ ਦੇ ਸਪੁੱਤਰ ਸ਼੍ਰੀ ਦਵਿੰਦਰ ਭੁੰਬਲਾ ਨੂੰ ਵੀ ਸਨਮਾਨ ਚਿੰਨ੍ਹ ਨਾਲ ਨਿਵਾਜ਼ਿਆ ਗਿਆ।
ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ। ਡਾ ਰਿਆੜ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਦੀ ਪ੍ਰਮਾਣਿਕ ਜਾਣਕਾਰੀ ਲਈ ਪੀ ਏ ਯੂ ਦੇ ਖੇਤੀ ਸਾਹਿਤ ਨੂੰ ਅਪਣੇ ਘਰ ਦਾ ਹਿੱਸਾ ਬਣਾਉਣ।
ਅੰਤ ਵਿੱਚ ਧੰਨਵਾਦ ਦੇ ਸ਼ਬਦ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਦੇ ਡੀਨ ਡਾ ਮਨਮੋਹਨਜੀਤ ਸਿੰਘ ਨੇ ਕਹੇ। ਪੀ ਏ ਯੂ ਦੇ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਮਾਹਿਰਾਂ ਨੇ ਕਿਸਾਨਾਂ ਨਾਲ ਸਵਾਲ ਜਵਾਬ ਸੈਸ਼ਨ ਦੌਰਾਨ ਬਹੁਤ ਸਾਰੇ ਮਸਲਿਆਂ ਬਾਰੇ ਵਿਚਾਰ ਕੀਤੀ।
ਹਾੜ੍ਹੀ ਦੀਆਂ ਫ਼ਸਲਾਂ ਬਾਰੇ ਪੀ ਏ ਯੂ ਦੇ ਖੇਤੀ ਸਾਹਿਤ ਨੂੰ ਵੀ ਪ੍ਰਧਾਨਗੀ ਮੰਡਲ ਵਲੋਂ ਜਾਰੀ ਕੀਤਾ ਗਿਆ।
ਇਸ ਮੇਲੇ ਦੌਰਾਨ ਵੱਖ ਵੱਖ ਸਵੈ ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੀ ਏ ਯੂ ਦੇ ਵਿਭਾਗਾਂ ਅਤੇ ਖੇਤੀਬਾੜੀ ਵਿਭਾਗ ਨੇ ਆਪਣੀਆਂ ਸਟਾਲਾਂ ਲਗਾਈਆਂ ਸਨ। ਮੇਲੇ ਦੌਰਾਨ ਲੰਗਰ ਦੀ ਸੇਵਾ ਗੁਰਦੁਆਰਾ ਸ਼੍ਰੀ ਗੜੀ ਸਾਹਿਬ ਸ੍ਰੀ ਚਮਕੌਰ ਸਾਹਿਬ ਵੱਲੋਂ ਕੀਤੀ ਗਈ। ਕਿਸਾਨਾਂ ਨੇ ਹਾੜ੍ਹੀ ਦੀਆਂ ਫ਼ਸਲਾਂ ਦੇ ਬੀਜ, ਫ਼ਲਦਾਰ ਬੂਟੇ ਅਤੇ ਖੇਤੀ ਸਾਹਿਤ ਖਰੀਦਣ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ।
ਅੰਤ ਵਿੱਚ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਦੇ ਵਿਦਿਆਰਥੀਆਂ ਨੇ ਭੰਗੜੇ ਦੀ ਪੇਸ਼ਕਾਰੀ ਕੀਤੀ।
- Download Babushahi App
-
-