ਰਾਮਪੁਰਾ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਭਖਦੇ ਮੁੱਦਿਆਂ ਤੇ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ ਸ਼ਨੀਵਾਰ ਨੂੰ
ਅਸ਼ੋਕ ਵਰਮਾ
ਰਾਮਪੁਰਾ, 11 ਸਤੰਬਰ 2026 :ਰਾਮਪੁਰਾ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਇੱਕ ਮੀਟਿੰਗ ਦੌਰਾਨ ਮੋਹਨਜੀਤ ਸਿੰਘ ਸ਼ੇਰੋਂ 'ਤੇ ਤਸ਼ੱਦਦ ਦੀ ਸਖ਼ਤ ਨਿਖੇਧੀ ਕਰਦਿਆਂ ਸ਼ਨੀਵਾਰ ਨੂੰ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ ਹੈ।ਇਹ ਰੋਸ ਮਾਰਚ ਸ਼ਨੀਵਾਰ ਸਵੇਰੇ 10 ਵਜੇ ਸੂਏ ਵਾਲੇ ਪੁੱਲ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੱਕ ਕੀਤਾ ਜਾਵੇਗਾ। ਇਸ ਮੌਕੇ ਅਵਤਾਰ ਸਿੰਘ (ਜਮਹੂਰੀ ਅਧਿਕਾਰ ਸਭਾ), ਗਗਨ ਗਰੋਵਰ ਤੇ ਜਗਦੇਵ ਸਿੰਘ (ਤਰਕਸ਼ੀਲt ਸੁਸਾਇਟੀ), ਕਰਮਜੀਤ ਸਿੰਘ ਸਿੱਧੂ (ਇਮਪਲਾਈਜ ਸੰਘਰਸ਼ ਯੂਨੀਅਨ ਪਾਵਰਕਾਮ) ਵਿਕਾਸ ਗਰਗ (ਡੈਮੋਕ੍ਰੈਟਿਕ ਟੀਚਰਜ਼ ਫਰੰਟ), ਅੰਗਰੇਜ ਸਿੰਘ (ਟੈਕਨੀਕਲ ਸਰਵਿਸ ਯੂਨੀਅਨ), ਅਮ੍ਰਿਤਪਾਲ ਮਾੜੀ (ਵਾਟਰ ਸਪਲਾਈ), ਸੁਖਦੇਵ ਸਿੰਘ ਜਵੰਦਾ (ਭਾਰਤੀ ਕਿਸਾਨ ਯੂਨੀਅਨ ਉਗਰਾਹਾਂ), ਸੁਖਦੀਪ ਸਿੰਘ (ਲੋਕ ਸ਼ਭਿਆਚਾਰ ਮੰਚ), ਕੁਲਦੀਪ ਸਿੰਘ (ਪੈਨਸ਼ਨ ਐਸੋਸੀਏਸ਼ਨ), ਡਾਕਟਰ ਜਗਤਾਰ ਫੂਲ ਤੇ ਨਿਰਮਲ ਸਿੰਘ (ਮੈਡੀਕਲ ਪ੍ਰੈਕਟੀਸ਼ਨਰ), ਅਤੇ ਕੁੱਕੂ ਸਿੰਘ/ਜੋਰਾ ਸਿੰਘ (ਭੱਠਾ ਮਜ਼ਦੂਰ ਯੂਨੀਅਨ) ਜਗਦੇਵ ਸਿੰਘ ਪੰਜਾਬ (ਮਿਊਨਸੀਪਲ ਵਰਕਰ ਯੂਨੀਅਨ), ਕੁਲਵੰਤ ਸਿੰਘ ਸੇਲਬਰਾਹ (ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ), ਜਗਦੀਸ਼ ਸਿੰਘ (ਬੀਕੇਯੂ ਏਕਤਾ ਡਕੌਂਦਾ) ਅਤੇ ਭੋਲਾ ਸਧਾਣਾ ਅਤੇ ਬੰਤ ਸਿੰਘ ਭੂੰਦੜ ਹਾਜ਼ਰ ਸਨ।
ਆਗੂਆਂ ਨੇ ਕਿਹਾ ਕਿ ਮੋਹਨਜੀਤ ਸਿੰਘ ਵੱਲੋਂ ਪੁਲਿਸ ਹਿਰਾਸਤ ਦੌਰਾਨ ਕੁੱਟਮਾਰ, ਕਰੰਟ ਲਾਉਣ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਇਸੇ ਤਰ੍ਹਾਂ ਪਿੰਡ ਤੂਰ ਵਣਜਾਰਾ ਦੇ ਗੁਲਜ਼ਾਰ ਸਿੰਘ ਵੱਲੋਂ ਆਪਣੇ ਨਸ਼ੇ ਦੀ ਲਪੇਟ ਵਿੱਚ ਆਏ ਪੁੱਤਰ ਨੂੰ ਬਚਾਉਣ ਲਈ ਮੰਤਰੀ ਚੀਮਾ ਕੋਲ ਗੁਹਾਰ ਲਗਾਉਣ ਉਪਰੰਤ ਕਥਿਤ ਤੌਰ ’ਤੇ ਜ਼ਲੀਲ ਕੀਤੇ ਜਾਣ ਅਤੇ ਬਾਅਦ ਵਿੱਚ ਉਸ ਵੱਲੋਂ ਆਤਮਹੱਤਿਆ ਕਰ ਲੈਣ ਦੀ ਘਟਨਾ ਵੀ ਸਰਕਾਰ ਦੇ ਲੋਕਾਂ ਪ੍ਰਤੀ ਰਵੱਈਏ ’ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ।ਆਗੂਆਂ ਨੇ ਕਿਹਾ ਕਿ ਲੋਕਾਂ ਦੇ ਸਵਾਲਾਂ, ਵਿਰੋਧ ਅਤੇ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਦਾ ਜਵਾਬ ਜੇਕਰ ਪੁਲਿਸੀ ਜ਼ਬਰ ਅਤੇ ਬੇਇੱਜ਼ਤੀ ਨਾਲ ਦਿੱਤਾ ਜਾਂਦਾ ਹੈ ਤਾਂ ਲੋਕਾਂ ਨੂੰ ਇਸ ਤੋਂ ਸਰਕਾਰ ਦੇ ਅਸਲ ਕਿਰਦਾਰ ਨੂੰ ਸਮਝਣਾ ਚਾਹੀਦਾ ਹੈ। ਅਜਿਹੇ ਜ਼ਬਰ ਨੂੰ ਰੋਕਣ ਲਈ ਲੋਕਾਂ ਦੀ ਜਥੇਬੰਦਕ ਤਾਕਤ ਉਸਾਰਨੀ ਅਤੇ ਸਾਂਝੀ ਆਵਾਜ਼ ਬੁਲੰਦ ਕਰਨੀ ਜ਼ਰੂਰੀ ਹੈ। ਆਗੂਆਂ ਨੇ ਹੋਰਨਾਂ ਜਥੇਬੰਦੀਆਂ ਅਤੇ ਰਾਮਪੁਰਾ ਫੂਲ ਦੇ ਸਮੂਹ ਨਿਵਾਸੀਆਂ ਨੂੰ ਇਸ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
- Download Babushahi App
-
-