ਪੰਜਾਬ ਘੋੜਸਵਾਰੀ ਮੇਲੇ ਦਾ ਤੀਜਾ ਮਹਾਂ-ਉਤਸਵ 27 ਤੋਂ 29 ਨਵੰਬਰ ਤੱਕ ਪਿੰਡ ਪੱਲਣਪੁਰ ਵਿਖੇ ਆਯੋਜਿਤ ਕੀਤਾ ਜਾਵੇਗਾ : ਡੀ ਸੀ ਅਦਿੱਤਿਆ ਡਚਲਵਾਲ
ਡਿਪਟੀ ਕਮਿਸ਼ਨਰ ਅਦਿੱਤਿਆ ਡਚਲਵਾਲ ਵੱਲੋਂ ਲੋਕਾਂ ਨੂੰ ਪੰਜਾਬ ਦੀ ਅਮੀਰ ਘੋੜਸਵਾਰੀ ਵਿਰਾਸਤ ਦੇ ਰੂਬਰੂ ਹੋਣ ਦਾ ਸੱਦਾ; ਦਾਖ਼ਲਾ ਬਿਲਕੁਲ ਮੁਫ਼ਤ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਨਵੰਬਰ:
ਪੰਜਾਬ ਸਰਕਾਰ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਅਧਿਕਾਰਤ ਸਾਲਾਨਾ ਸਮਾਗਮਾਂ ਵਿੱਚ ਸ਼ਾਮਲ ਪੰਜਾਬ ਘੋੜਸਵਾਰੀ ਮੇਲੇ ਦਾ ਤੀਜਾ ਐਡੀਸ਼ਨ (ਮਹਾਂ-ਉਤਸਵ) 27 ਤੋਂ 29 ਨਵੰਬਰ 2026 ਤੱਕ ਦਿ ਰੈਂਚ ਕਲੱਬ, ਪਿੰਡ ਪੱਲਣਪੁਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਕਰਵਾਇਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਅਦਿੱਤਿਆ ਡਚਲਵਾਲ ਨੇ ਅੱਜ ਆਪਣੇ ਦਫ਼ਤਰ ਵਿਖੇ ਮੇਲੇ ਦਾ ਪੋਸਟਰ ਰਸਮੀ ਤੌਰ 'ਤੇ ਜਾਰੀ ਕਰਦਿਆਂ ਦਿੱਤੀ।
ਡਿਪਟੀ ਕਮਿਸ਼ਨਰ ਅਦਿੱਤਿਆ ਡਚਲਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ, ਐੱਸ.ਏ.ਐੱਸ. ਨਗਰ ਦੀ ਪਹਿਲਕਦਮੀ ਤਹਿਤ ਸ਼ੁਰੂ ਹੋਇਆ ਇਹ ਮੇਲਾ ਅੱਜ ਪੰਜਾਬ ਦੇ ਪ੍ਰਮੁੱਖ ਘੋੜਸਵਾਰੀ ਮੇਲਿਆਂ ਵਿੱਚ ਆਪਣੀ ਵਿਸ਼ੇਸ਼ ਪਛਾਣ ਬਣਾ ਚੁੱਕਾ ਹੈ। ਨਵੰਬਰ 2025 ਵਿੱਚ ਕਰਵਾਏ ਗਏ ਦੂਜੇ ਐਡੀਸ਼ਨ ਦੌਰਾਨ ਤਿੰਨ ਦਿਨਾਂ ਵਿੱਚ ਲਗਭਗ 4,000 ਦਰਸ਼ਕਾਂ ਨੇ ਸ਼ਿਰਕਤ ਕੀਤੀ ਸੀ, ਜਦਕਿ ਇਸ ਵਿੱਚ 250 ਘੋੜਿਆਂ, 350 ਘੋੜਸਵਾਰਾਂ ਅਤੇ 15 ਟੀਮਾਂ ਨੇ ਭਾਗ ਲਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਘੋੜਸਵਾਰੀ ਮੇਲੇ ਦੌਰਾਨ ਸ਼ੋਅ ਜੰਪਿੰਗ, ਐੱਫ.ਈ.ਆਈ. ਦੇ ਨਿਯਮਾਂ ਅਨੁਸਾਰ ਵਿਸ਼ੇਸ਼ ਜੰਪਿੰਗ ਡਰਬੀ, ਟੈਂਟ ਪੈਗਿੰਗ, ਡ੍ਰੈਸਜ਼, ਜਿਮਖਾਨਾ ਅਤੇ ਦੇਸੀ ਘੋੜਿਆਂ ਦੀਆਂ ਨਸਲਾਂ ਦੀ ਪ੍ਰਦਰਸ਼ਨੀ ਸਮੇਤ ਕਈ ਘੋੜਸਵਾਰੀ ਮੁਕਾਬਲੇ ਕਰਵਾਏ ਜਾਣਗੇ। ਇਸ ਦੇ ਨਾਲ ਹੀ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਦਰਸਾਉਂਦੀਆਂ ਪੇਸ਼ਕਾਰੀਆਂ ਵੀ ਖਿੱਚ ਦਾ ਕੇਂਦਰ ਹੋਣਗੀਆਂ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਅਤੇ ਹੋਰਨਾਂ ਰਾਜਾਂ ਤੋਂ ਇਲਾਵਾ ਫ਼ੌਜ ਅਤੇ ਪੁਲਿਸ ਦੀਆਂ ਘੋੜਸਵਾਰੀ ਟੀਮਾਂ ਦੇ ਭਾਗ ਲੈਣ ਦੀ ਵੀ ਉਮੀਦ ਹੈ।
ਸ਼ੋਅ ਜੰਪਿੰਗ ਡਰਬੀ ਨੂੰ ਇਸ ਵਾਰ ਦੇ ਮੇਲੇ ਦਾ ਮੁੱਖ ਆਕਰਸ਼ਣ ਦੱਸਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਲ 2022 ਵਿੱਚ ਚੰਡੀਗੜ੍ਹ ਹਾਰਸ ਸ਼ੋਅ ਦੌਰਾਨ ਟੀਮ ਰੈਂਚ ਦੇ ਸਹਿਯੋਗ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਪਹਿਲੀ ਵਾਰ ਸ਼ੋਅ ਜੰਪਿੰਗ ਡਰਬੀ ਕਰਵਾਈ ਗਈ ਸੀ। ਇਸੇ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਹੁਣ ਇਸ ਸਥਾਨ 'ਤੇ ਕੌਮਾਂਤਰੀ ਪੱਧਰ ਦੇ ਮਿਆਰਾਂ ਅਨੁਸਾਰ ਵਿਸ਼ੇਸ਼ ਡਰਬੀ ਟਰੈਕ ਤਿਆਰ ਕੀਤਾ ਗਿਆ ਹੈ, ਜਿਸ ਸਦਕਾ ਐੱਫ.ਈ.ਆਈ. ਦੇ ਨਿਯਮਾਂ ਅਨੁਸਾਰ ਮੁਕਾਬਲੇ ਕਰਵਾਉਣਾ ਸੰਭਵ ਹੋ ਸਕਿਆ ਹੈ। ਇਸ ਨਾਲ ਜ਼ਿਲ੍ਹੇ ਨੇ ਦੇਸ਼ ਦੇ ਪ੍ਰਮੁੱਖ ਘੋੜਸਵਾਰੀ ਕੇਂਦਰਾਂ ਵਿੱਚ ਆਪਣੀ ਥਾਂ ਬਣਾਈ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ, “ਪੰਜਾਬ ਘੋੜਸਵਾਰੀ ਮੇਲਾ ਸੂਬੇ ਦੀ ਅਮੀਰ ਘੋੜਸਵਾਰੀ ਵਿਰਾਸਤ ਨੂੰ ਉਜਾਗਰ ਕਰਨ ਦੇ ਨਾਲ-ਨਾਲ ਨੌਜਵਾਨ ਘੋੜਸਵਾਰਾਂ ਨੂੰ ਪੇਸ਼ੇਵਰ ਪੱਧਰ 'ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੰਚ ਪ੍ਰਦਾਨ ਕਰਦਾ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਮੁੜ ਇਸ ਮੇਲੇ ਦੀ ਮੇਜ਼ਬਾਨੀ ਮਿਲਣ 'ਤੇ ਮਾਣ ਹੈ। ਅਸੀਂ ਇਲਾਕੇ ਭਰ ਦੇ ਪਰਿਵਾਰਾਂ ਅਤੇ ਦਰਸ਼ਕਾਂ ਨੂੰ ਇਸ ਵਿਲੱਖਣ ਖੇਡ ਅਤੇ ਸੱਭਿਆਚਾਰਕ ਸਮਾਗਮ ਦਾ ਹਿੱਸਾ ਬਣਨ ਦਾ ਸੱਦਾ ਦਿੰਦੇ ਹਾਂ।”
ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਐੱਸ.ਏ.ਐੱਸ. ਨਗਰ ਸ੍ਰੀਮਤੀ ਸੋਨਮ ਚੌਧਰੀ ਨੂੰ ਮੇਲੇ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਇਹ ਮੇਲਾ ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਉਲੀਕਿਆ ਗਿਆ ਹੈ, ਜਿਸ ਦੀ ਅਗਵਾਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਕਰ ਰਹੇ ਹਨ। ਚੰਡੀਗੜ੍ਹ ਹਾਰਸ ਸ਼ੋਅ ਦੇ ਸੰਸਥਾਪਕ ਸ੍ਰੀ ਦੀਪਇੰਦਰ ਸਿੰਘ ਬਰਾੜ ਅਤੇ ਸ੍ਰੀ ਹਰਜਿੰਦਰ ਸਿੰਘ ਖੋਸਾ ਇਸ ਐਡੀਸ਼ਨ ਲਈ ਆਨਰੇਰੀ ਤਕਨੀਕੀ ਸਲਾਹਕਾਰ ਵਜੋਂ ਸੇਵਾਵਾਂ ਨਿਭਾਉਣਗੇ, ਜਦਕਿ ਦਿ ਰੈਂਚ ਕਲੱਬ ਮੇਲੇ ਦਾ ਸਥਾਨ ਭਾਈਵਾਲ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਮ ਲੋਕਾਂ ਲਈ ਮੇਲੇ ਵਿੱਚ ਦਾਖ਼ਲਾ ਬਿਲਕੁਲ ਮੁਫ਼ਤ ਹੋਵੇਗਾ। ਤਿੰਨੋਂ ਦਿਨ ਸਮਾਗਮ ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲਣਗੇ।
- Download Babushahi App
-
-